''ਮੌਬ ਲਿੰਚਿੰਗ'' ਬਾਰੇ ਮੋਦੀ ਨੂੰ ਪੱਤਰ ਲਿਖਣ ਵਾਲਿਆਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਬੰਦ ਕਰਨਾ ਸਹੀ ਕਦਮ

10/11/2019 1:18:05 AM

ਦੇਸ਼ ਦੇ ਕਈ ਹਿੱਸਿਆਂ 'ਚ ਪਿਛਲੇ ਕੁਝ ਸਾਲਾਂ ਤੋਂ ਭੀੜ ਦੀ ਹਿੰਸਾ ਦੀ ਮਾੜੀ ਪ੍ਰਵਿਰਤੀ (ਮੌਬ ਲਿੰਚਿੰਗ) 'ਚ ਭਾਰੀ ਵਾਧਾ ਹੋਇਆ ਹੈ ਅਤੇ ਉਤੇਜਿਤ ਲੋਕਾਂ ਦੀ ਭੀੜ ਨੇ ਗਊਆਂ ਦੀ ਸਮੱਗਲਿੰਗ, ਬੱਚਿਆਂ ਦੇ ਅਗ਼ਵਾ, ਚੋਰੀ ਆਦਿ ਦੇ ਸ਼ੱਕ 'ਚ ਕਈ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਪ੍ਰਸ਼ਾਸਨ ਦੀ ਅਸਫਲਤਾ ਵਿਰੁੱਧ ਰੋਸ ਪ੍ਰਗਟ ਕਰਦਿਆਂ ਇਤਿਹਾਸਕਾਰ ਰਾਮਚੰਦਰ ਗੁਹਾ, ਫਿਲਮ ਨਿਰਦੇਸ਼ਕ ਸ਼ਿਆਮ ਬੈਨੇਗਲ, ਮਣੀਰਤਨਮ, ਅਡੂਰ ਗੋਪਾਲ ਕ੍ਰਿਸ਼ਣਨ ਅਤੇ ਅਨੁਰਾਗ ਕਸ਼ਯਪ, ਅਭਿਨੇਤਰੀ ਅਪਰਣਾ ਸੇਨ ਅਤੇ ਗਾਇਕਾ ਸੁਧਾ ਮੁਦੂਗਲ ਸਮੇਤ ਫਿਲਮ, ਇਤਿਹਾਸ ਅਤੇ ਕਲਾ ਜਗਤ ਦੀਆਂ 49 ਪ੍ਰਸਿੱਧ ਹਸਤੀਆਂ ਨੇ ਜੁਲਾਈ ਮਹੀਨੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਇਨ੍ਹਾਂ ਹਸਤੀਆਂ ਨੇ ਆਪਣੇ ਪੱਤਰ 'ਚ ਲਿਖਿਆ ਸੀ, ''ਮਈ 2014 'ਚ ਤੁਹਾਡੀ ਸਰਕਾਰ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਦੇਸ਼ 'ਚ ਘੱਟਗਿਣਤੀਆਂ ਅਤੇ ਦਲਿਤਾਂ ਵਿਰੁੱਧ 90 ਫੀਸਦੀ ਮਾਮਲੇ ਦਰਜ ਹੋਏ। ਤੁਸੀਂ ਸੰਸਦ 'ਚ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਤਾਂ ਕਰ ਦਿੰਦੇ ਹਨ ਪਰ ਇਹ ਕਾਫੀ ਨਹੀਂ ਹੈ। ਸਵਾਲ ਇਹ ਹੈ ਕਿ ਅਜਿਹੇ ਅਪਰਾਧੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ?''
ਉਕਤ ਪੱਤਰ ਤੋਂ ਬਾਅਦ ਇਕ ਜਵਾਬੀ ਪੱਤਰ 61 ਹੋਰ ਮੰਨੀਆਂ-ਪ੍ਰਮੰਨੀਆਂ ਹਸਤੀਆਂ ਗੀਤਕਾਰ ਪ੍ਰਸੂਨ ਜੋਸ਼ੀ, ਫਿਲਮਕਾਰ ਮਧੁਰ ਭੰਡਾਰਕਰ ਅਤੇ ਨ੍ਰਿਤਕੀ ਸੋਨਲ ਮਾਨਸਿੰਘ ਆਦਿ ਵਲੋਂ ਵੀ ਲਿਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਰਾਮਚੰਦਰ ਗੁਹਾ ਅਤੇ ਹੋਰਨਾਂ ਵਲੋਂ ਲਿਖੇ ਗਏ ਪੱਤਰ ਨੂੰ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ।
ਉਸੇ ਪੱਤਰ ਨੂੰ ਆਧਾਰ ਬਣਾਉਂਦੇ ਹੋਏ ਮੁਜ਼ੱਫਰਪੁਰ ਦੇ ਇਕ ਵਕੀਲ ਸੁਧੀਰ ਕੁਮਾਰ ਓਝਾ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਵਿਚ ਉਸ ਨੇ ਕਿਹਾ ਕਿ ''ਉਕਤ ਹਸਤੀਆਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਜਨਤਕ ਕਰਨ ਨਾਲ ਦੇਸ਼ ਅਤੇ ਪ੍ਰਧਾਨ ਮੰਤਰੀ ਦਾ ਅਕਸ ਖਰਾਬ ਹੋਇਆ ਹੈ, ਇਸ ਲਈ ਇਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ।''
ਮੁਜ਼ੱਫਰਪੁਰ ਦੇ ਸੀ.ਜੀ. ਐੱਮ. ਨੇ ਓਝਾ ਦੀ ਰਿੱਟ 'ਤੇ ਨੋਟਿਸ ਲੈਂਦਿਆਂ 18 ਸਤੰਬਰ 2019 ਨੂੰ ਪੁਲਸ ਨੂੰ ਗੁਹਾ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕਰਨ ਦੇ ਹੁਕਮ ਦੇਣ ਤੋਂ ਇਲਾਵਾ 11 ਨਵੰਬਰ 2019 ਨੂੰ ਇਸ ਬਾਰੇ ਚਾਰਜਸ਼ੀਟ ਦਾਇਰ ਕਰਨ ਦਾ ਹੁਕਮ ਦਿੱਤਾ ਸੀ ਅਤੇ 3 ਅਕਤੂਬਰ ਨੂੰ ਮੁਜ਼ੱਫਰਪੁਰ ਪੁਲਸ ਨੇ ਰਾਮਚੰਦਰ ਗੁਹਾ ਅਤੇ ਹੋਰਨਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਵੀ ਦਰਜ ਕਰ ਲਿਆ ਸੀ।
ਪਰ ਹੁਣ 9 ਅਕਤੂਬਰ ਨੂੰ ਬਿਹਾਰ ਪੁਲਸ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਵਾਲੀਆਂ 49 ਹਸਤੀਆਂ ਵਿਰੁੱਧ ਦਰਜ ਕੀਤਾ ਗਿਆ ਦੇਸ਼ਧ੍ਰੋਹ ਦਾ ਕੇਸ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। ਮੁਜ਼ੱਫਰਪੁਰ ਦੇ ਐੱਸ. ਐੱਸ. ਪੀ. ਮਨੋਜ ਕੁਮਾਰ ਸਿਨ੍ਹਾ ਅਨੁਸਾਰ ਜਾਂਚ ਤੋਂ ਪਤਾ ਲੱਗਾ ਕਿ ਉਕਤ ਹਸਤੀਆਂ ਦੇ ਵਿਰੁੱਧ ਸ਼ਰਾਰਤ ਦੀ ਭਾਵਨਾ ਨਾਲ ਦੋਸ਼ ਲਗਾਏ ਗਏ, ਜਿਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਹੈ।
ਸਿਨ੍ਹਾ ਨੇ ਕਿਹਾ ਕਿ ਰਿੱਟਕਰਤਾ ਓਝਾ ਦੀ ਸ਼ਿਕਾਇਤ ਤੱਥਹੀਣ,ਆਧਾਰਹੀਣ, ਸਬੂਤਾਂ ਤੋਂ ਰਹਿਤ ਅਤੇ ਮੰਦਭਾਗੀ ਪਾਈ ਜਾਣ ਕਾਰਣ ਹੁਣ ਉਸ ਦੇ ਵਿਰੁੱਧ ਵੱਖ-ਵੱਖ ਸਬੰਧਿਤ ਧਾਰਾਵਾਂ ਦੇ ਅਧੀਨ ਕਾਰਵਾਈ ਕਰਨ ਦੀ ਅਦਾਲਤ ਨੂੰ ਬੇਨਤੀ ਕਰਨਗੇ।
ਭੀੜ ਦੀ ਹਿੰਸਾ ਵਰਗੇ ਭਖਦੇ ਮੁੱਦੇ ਵੱਲ ਸਰਕਾਰ ਅਤੇ ਦੇਸ਼ ਦਾ ਧਿਆਨ ਦਿਵਾਉਣ ਲਈ ਰਾਮਚੰਦਰ ਗੁਹਾ ਅਤੇ ਹੋਰਨਾਂ ਬੁੱਧੀਜੀਵੀਆਂ ਦਾ ਧੰਨਵਾਦੀ ਹੋਣਾ ਚਾਹੀਦਾ, ਨਾ ਕਿ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨਾ, ਜਿਸ ਨੂੰ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ ਕਿਹਾ ਜਾ ਸਕਦਾ।
ਇਸ ਗੱਲ ਤੋਂ ਭਲਾ ਕੌਣ ਇਨਕਾਰ ਕਰ ਸਕਦਾ ਹੈ ਕਿ ਲੋਕਤੰਤਰ 'ਚ ਜ਼ਿੰਮੇਵਾਰੀ ਦੇ ਅੰਦਰ ਰਹਿ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ, ਜਿਸ 'ਤੇ ਰੋਕ ਲਗਾਉਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ।
ਵਰਣਨਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਣ ਵਾਲੀਆਂ 49 ਹਸਤੀਆਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਵਿਰੁੱਧ ਦੇਸ਼ ਦੇ 185 ਪ੍ਰਸਿੱਧ ਨਾਗਰਿਕਾਂ, ਜਿਨ੍ਹਾਂ ਵਿਚ ਲੇਖਕ, ਕਲਾਕਾਰ, ਇਤਿਹਾਸਕਾਰ ਅਤੇ ਬੁੱਧੀਜੀਵੀ ਸਾਰੇ ਸ਼ਾਮਿਲ ਹਨ, ਇਕ ਖੁੱਲ੍ਹਾ ਪੱਤਰ ਲਿਖ ਕੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਅਜਿਹਾ ਰੋਜ਼ ਹੋਵੇਗਾ।
ਇਨ੍ਹਾਂ 185 ਬੁੱਧੀਜੀਵੀਆਂ ਨੇ ਇਤਿਹਾਸਕਾਰ ਗੁਹਾ ਅਤੇ ਹੋਰਨਾਂ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਨਿੰਦਾ ਕਰਦਿਆਂ ਸਰਕਾਰ ਦੇ ਇਸ ਕਦਮ ਨੂੰ ਅਦਾਲਤਾਂ ਦੀ ਵਰਤੋਂ ਕਰਕੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕਾਂ ਦੀ ਆਵਾਜ਼ ਦਿਵਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਅਖੀਰ ਇਸ ਨੂੰ ਵਾਪਿਸ ਲੈ ਕੇ ਸਰਕਾਰ ਨੇ ਸਹੀ ਸਮੇਂ 'ਤੇ ਸਹੀ ਕਦਮ ਚੁੱਕਿਆ ਹੈ।

                                                                                            —ਵਿਜੇ ਕੁਮਾਰ


KamalJeet Singh

Content Editor

Related News