ਸਾਡੇ ਕੁਝ ਨੇਤਾਵਾਂ ਦੇ ਕਾਰਨਾਮੇ, ‘ਇਹ ਕੀ ਕਰ ਰਹੇ ਹੋ’, ‘ਇਹ ਕੀ ਹੋ ਰਿਹਾ ਹੈ’
Sunday, Oct 16, 2022 - 02:55 AM (IST)
ਸੱਤਾ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਨ੍ਹਾਂ ’ਚੋਂ ਕੁਝ ਲੋਕ ਅਤੇ ਉਨ੍ਹਾਂ ਦੇ ਸਕੇ-ਸੰਬੰਧੀ ਵੱਡੇ ਪੱਧਰ ’ਤੇ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ।
* 2 ਅਕਤੂਬਰ ਨੂੰ ਆਜ਼ਮਗੜ੍ਹ ਦੇ ਮਹਾਰਾਜਗੰਜ ’ਚ ਸਪਾ ਨੇਤਾ ਸੀਤਾਰਾਮ ਕਾਂਦਰੂ ਦੀ ਦਬੰਗਈ ਦਾ ਵੀਡੀਓ ਸਾਹਮਣੇ ਆਇਆ, ਜਿਸ ’ਚ ਉਹ ਆਪਣੇ ਸਮਰਥਕਾਂ ਨਾਲ ਕੁਝ ਲੋਕਾਂ ਨੂੰ ਲੱਤ-ਮੁੱਕਿਆਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ ਜਦੋਂ ਕੁੱਟੇ ਜਾ ਰਹੇ ਲੋਕਾਂ ਦੇ ਬਚਾਅ ਲਈ ਇਕ ਮੁਟਿਆਰ ਅਤੇ ਉਸ ਦੀ ਮਾਂ ਅੱਗੇ ਵਧੀ ਤਾਂ ਸਪਾ ਨੇਤਾ ਨੇ ਮੁਟਿਆਰ ਦੇ ਵਾਲ ਫੜ ਕੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਮਾਂ ਦਾ ਹੱਥ ਮਰੋੜ ਦਿੱਤਾ। ਕਾਂਦਰੂ ਦੀ ਪਤਨੀ ਰੇਣੂ ਮੌਜੂਦਾ ਸਮੇਂ ਨਗਰਪਾਲਿਕਾ ਦੀ ਚੇਅਰਮੈਨ ਹੈ, ਜਦਕਿ ਉਹ ਸਾਬਕਾ ਚੇਅਰਮੈਨ ਹੈ।
* 6 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਦੋ ਕਾਂਗਰਸੀ ਵਿਧਾਇਕਾਂ ਸੁਨੀਲ ਸਰਾਫ ਤੇ ਸਿਧਾਰਥ ਕੁਸ਼ਵਾਹਾ ’ਤੇ ‘ਰੀਵਾਂਚਲ ਐਕਸਪ੍ਰੈੱਸ’ ਰੇਲ ਗੱਡੀ ’ਚ ਇਕ ਔਰਤ ਨਾਲ ਛੇੜਖਾਨੀ ਕਰਨ ਅਤੇ ਉਸ ਨੂੰ ਛੂਹਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। ਸਾਗਰ ਰੇਲਵੇ ਸਟੇਸ਼ਨ ਦੇ ਸਬ ਇੰਸਪੈਕਟਰ ਦੇ ਅਨੁਸਾਰ ਰੀਵਾ ਤੋਂ ਭੋਪਾਲ ਜਾ ਰਹੀ ਇਕ ਔਰਤ ਰਾਤ ਦੇ ਸਮੇਂ ਆਪਣੇ 8 ਮਹੀਨੇ ਦੇ ਬੇਟੇ ਨਾਲ ਸੌਂ ਰਹੀ ਸੀ, ਜਦ ਸਰਾਫ ਅਤੇ ਕੁਸ਼ਵਾਹਾ ਨੇ ਆ ਕੇ ਉਸ ਦਾ ਹੱਥ ਫੜ ਲਿਆ ਅਤੇ ਉਸ ਨਾਲ ਬਦਸਲੂਕੀ ਕਰਨ ਲੱਗੇ।
* 8 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਸੁਮਾਵਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਅਜਬ ਸਿੰਘ ਕੁਸ਼ਵਾਹਾ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਕੁਸ਼ਵਾਹਾ ਨੇ ਕਾਰ ਨੂੰ ਓਵਰਟੇਕ ਕਰਨ ’ਤੇ ਇਕ ਨੌਜਵਾਨ ਦੀ ਗੱਡੀ ਨੂੰ ਟੋਲ ਪਲਾਜ਼ਾ ਦੇ ਨੇੜੇ ਰੁਕਵਾ ਕੇ ਸਮਰਥਕਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ।
* 11 ਅਕਤੂਬਰ ਨੂੰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਧਮਕੀ ਦੇਣ ਦੇ ਇਕ ਪੁਰਾਣੇ ਮਾਮਲੇ ’ਚ ਖਤੌਲੀ ਦੇ ਭਾਜਪਾ ਵਿਧਾਇਕ ਵਿਕਰਮ ਸੈਣੀ ਸਮੇਤ 12 ਦੋਸ਼ੀਆਂ ਨੂੰ ਅਦਾਲਤ ਨੇ 2-2 ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 11 ਅਕਤੂਬਰ ਨੂੰ ਹੀ ਕੇਰਲ ਦੇ ਕੋਵਲਮ ’ਚ ਕਾਂਗਰਸ ਵਿਧਾਇਕ ‘ਅਲਧੋਸ ਕੁੰਨਾਪੱਲੀ’ ’ਤੇ ਇਕ ਮਹਿਲਾ ਅਧਿਆਪਕ ਨੇ ਕੁੱਟਮਾਰ ਅਤੇ ਸੈਕਸ ਸ਼ੋਸ਼ਣ ਸਮੇਤ ਕਈ ਗੰਭੀਰ ਦੋਸ਼ ਲਗਾਏ, ਜਿਸ ਦੇ ਬਾਅਦ ਤੋਂ ਵਿਧਾਇਕ ਫਰਾਰ ਹੈ। ਮਹਿਲਾ ਦਾ ਦੋਸ਼ ਹੈ ਕਿ ਪੁਲਸ ਉਸ ’ਤੇ ਵਿਧਾਇਕ ਨਾਲ ਸਮਝੌਤਾ ਕਰਨ ਲਈ ਦਬਾਅ ਪਾ ਰਹੀ ਹੈ।
* 11 ਅਕਤੂਬਰ ਨੂੰ ਹੀ ਉੱਤਰ ਪ੍ਰਦੇਸ਼ ਦੇ ਜੰਗਲਾਤ ਅਤੇ ਵਾਤਾਵਰਣ ਰਾਜ ਮੰਤਰੀ (ਆਜ਼ਾਦਾਨਾ ਚਾਰਜ) ਡਾ. ਅਰੁਣ ਸਕਸੈਨਾ ਦੇ ਭਤੀਜੇ ਅਮਿਤ ਸਕਸੈਨਾ ਦੀ ਦਬੰਗਈ ਦਾ ਵੀਡੀਓ ਸਾਹਮਣੇ ਆਇਆ, ਜਿਸ ’ਚ ਰਾਤ ਦੇ ਲਗਭਗ 11 ਵਜੇ ਉਸ ਨੇ ਪ੍ਰੇਮ ਨਗਰ, ਬਰੇਲੀ ਦੇ ਇਕ ਰੈਸਟੋਰੈਂਟ ਮਾਲਕ ਕੋਲੋਂ 1 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਵਿਰੋਧ ਕਰਨ ’ਤੇ ਗਾਲੀ-ਗਲੋਚ, ਕੁੱਟਮਾਰ, ਭੰਨ-ਤੋੜ ਅਤੇ ਹੰਗਾਮਾ ਕੀਤਾ। ਉਕਤ ਘਟਨਾ ਤੋਂ 3 ਮਹੀਨੇ ਪਹਿਲਾਂ ਵੀ 5 ਜੂਨ ਨੂੰ ਬਰੇਲੀ ’ਚ ‘ਡੇਲਪੀਰ ਤਿਰਾਹੇ’ ਦੇ ਨੇੜੇ ਚਾਹ ਪੀ ਰਹੇ ਓਮਿੰਦਰ ਨਾਂ ਦੇ ਇਕ ਹੋਮਗਾਰਡ ਨੂੰ ਅਮਿਤ ਸਕਸੈਨਾ ਨੇ ਸ਼ਰੇਆਮ ਕੁੱਟਿਆ, ਵਰਦੀ ਪਾੜ ਦਿੱਤੀ ਅਤੇ ਉਸ ਦਾ ਸਿਰ ਪਾੜ ਦਿੱਤਾ। ਉਸ ਸਮੇਂ ਵੀ ਮਾਮਲੇ ਦੀ ਸ਼ਿਕਾਇਤ ਪੁਲਸ ’ਚ ਹੋਈ ਸੀ ਪਰ ਬਾਅਦ ’ਚ ਸਮਝੌਤਾ ਹੋ ਗਿਆ ਸੀ।
* 13 ਅਕਤੂਬਰ ਨੂੰ ਫਤੇਹਪੁਰ ’ਚ ਇਕ ਭਾਜਪਾ ਨੇਤਾ ਦੇ ਭਰਾ ਦੀ ਦਬੰਗਈ ਦੀ ਸ਼ਿਕਾਇਤ ਇਕ ਬਜ਼ੁਰਗ ਦਿਵਿਆਂਗ ਨੇ ਐੱਸ. ਪੀ. ਨੂੰ ਕੀਤੀ ਤੇ ਉਸ ’ਤੇ ਦਿਵਿਆਂਗ ਬਜ਼ੁਰਗ ਦੀ ਜ਼ਮੀਨ ਨੂੰ ਧੋਖੇ ਨਾਲ ਦੂਜੇ ਨੂੰ ਵੇਚਣ ਅਤੇ ਜ਼ਮੀਨ ’ਤੇ ਉਸਾਰੀ ਕੰਮ ਦਾ ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ।
* ਇਸੇ ਮਹੀਨੇ ਆਗਰਾ ਜ਼ਿਲੇ ’ਚ ਇਕ ਮਹਿਲਾ ਭਾਜਪਾ ਨੇਤਾ ਦੀ ਦਬੰਗਈ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਇਕ ਗੁਆਂਢੀ ਨੇ ਆਪਣੇ ਘਰ ਦੇ ਬਾਹਰ ‘ਮਕਾਨ ਵਿਕਾਊ ਹੈ’ ਦਾ ਬੋਰਡ ਲਾ ਦਿੱਤਾ। ਗੁਆਂਢੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇਤਾ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਮੁਹੱਲਾ ਛੱਡ ਕੇ ਜਾਣ ਦੀ ਗੱਲ ਕਹਿ ਕੇ ਧਮਕਾ ਰਹੇ ਹਨ। ਪੀੜਤ ਧਿਰ ਦਾ ਦੋਸ਼ ਹੈ ਕਿ ਸਾਰਾ ਫਸਾਦ ਭਾਜਪਾ ਨੇਤਾ ਦੇ ਘਰ ’ਚ ਉੱਚੀ ਆਵਾਜ਼ ’ਤੇ ਡੀ. ਜੇ. ਵਜਾਉਣ ’ਤੇ ਉਸ ਨੂੰ ਬੰਦ ਕਰਨ ਲਈ ਕਹਿਣ ਕਾਰਨ ਸ਼ੁਰੂ ਹੋਇਆ, ਜਿਸ ਨੇ ਇਸ ਤਰ੍ਹਾਂ ਤੂਲ ਫੜ ਲਿਆ ਕਿ ਪੀੜਤ ਪਰਿਵਾਰ ਮਕਾਨ ਵੇਚ ਕੇ ਉੱਥੋਂ ਚਲੇ ਜਾਣ ਤੱਕ ਦੇ ਬਾਰੇ ’ਚ ਸੋਚਣ ਨੂੰ ਮਜਬੂਰ ਹੋ ਗਿਆ।
ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਗਲਤ ਪਰੰਪਰਾ ਨੂੰ ਜਨਮ ਦੇਣ ਵਾਲਾ ਖਤਰਨਾਕ ਰੁਝਾਨ ਹੈ। ਜੇਕਰ ਉਸ ਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕਿਰਿਆ ਵਜੋਂ ਇਨ੍ਹਾਂ ਦੇ ਹੀ ਵਾਂਗ ਕਾਨੂੰਨ ਆਪਣੇ ਹੱਥ ’ਚ ਲੈਣ ਲਈ ਮਜਬੂਰ ਹੋਣਗੇ ਤੇ ਇਸ ਦਾ ਨਤੀਜਾ ਆਮ ਜਨਤਾ ਦੇ ਲਈ ਦੁਖਦਾਈ ਹੀ ਹੋਵੇਗਾ।
-ਵਿਜੇ ਕੁਮਾਰ