ਗਣੇਸ਼ ਉਤਸਵ ਦੀ ਖੁਸ਼ੀ ''ਚ ਗ਼ੈਰ-ਸਾਵਧਾਨੀ ਕਾਰਨ 40 ਤੋਂ ਜ਼ਿਆਦਾ ਮੌਤਾਂ

09/15/2019 3:07:21 AM

ਹਰ ਸਾਲ ਦੇਸ਼ 'ਚ 10 ਦਿਨਾ ਗਣੇਸ਼ ਉਤਸਵ ਅਥਾਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਦੇਸ਼-ਵਿਦੇਸ਼ 'ਚ ਗਣਪਤੀ ਉਤਸਵ ਧੂਮ-ਧੜੱਕੇ ਨਾਲ ਮਨਾਉਣ ਤੋਂ ਬਾਅਦ ਵਾਜੇ-ਗਾਜੇ ਨਾਲ ਉਨ੍ਹਾਂ ਨੂੰ ਵਿਦਾ ਕੀਤਾ ਗਿਆ।
ਪਰ ਇਸ ਦੌਰਾਨ ਕਈ ਜਗ੍ਹਾ ਮੂਰਤੀਆਂ ਦੇ ਵਿਸਰਜਨ ਮੌਕੇ ਹੋਣ ਵਾਲੇ ਹਾਦਸਿਆਂ 'ਚ ਕਈ ਬੱਚਿਆਂ ਸਮੇਤ 40 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ।
ਭੋਪਾਲ ਦੇ ਖਟਲਾਪੁਰਾ ਘਾਟ 'ਤੇ 13 ਸਤੰਬਰ ਨੂੰ ਗਣਪਤੀ ਵਿਸਰਜਨ ਦੌਰਾਨ ਗਣਪਤੀ ਦੀ ਮੂਰਤੀ ਵੱਡੀ ਹੋਣ ਅਤੇ ਕਿਸ਼ਤੀ ਵਿਚ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਕਰਕੇ ਸੰਤੁਲਨ ਵਿਗੜਨ ਨਾਲ ਕਿਸ਼ਤੀ ਡੁੱਬ ਗਈ ਅਤੇ ਪ੍ਰਵੇਜ਼ ਨਾਮੀ 12 ਸਾਲਾ ਬੱਚੇ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ।
ਮਹਾਰਾਸ਼ਟਰ 'ਚ ਗਣਪਤੀ ਵਿਸਰਜਨ ਦੌਰਾਨ 12 ਸਤੰਬਰ ਨੂੰ ਪੂਰੇ ਸੂਬੇ 'ਚ 18 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋਈ ਤੇ ਕੁਝ ਲੋਕ ਲਾਪਤਾ ਦੱਸੇ ਜਾਂਦੇ ਹਨ।
ਦਿੱਲੀ 'ਚ ਵੀ ਗਣਪਤੀ ਵਿਸਰਜਨ ਦੌਰਾਨ ਯਮੁਨਾ 'ਚ ਨਹਾਉਣ ਦੀ ਜ਼ਿੱਦ 'ਚ ਇਕ ਕਾਲਜ ਦੇ 4 ਵਿਦਿਆਰਥੀਆਂ ਦੀ ਜਾਨ ਚਲੀ ਗਈ। ਪੁਲਸ ਮੁਤਾਬਿਕ 7 ਵਿਦਿਆਰਥੀ ਗਣਪਤੀ ਵਿਸਰਜਨ ਲਈ ਅਲੀਪੁਰ ਦੇ ਅੱਲਾ ਪਿੰਡ ਨੇੜੇ ਯਮੁਨਾ ਨਦੀ 'ਚ ਆਏ, ਜਿੱਥੇ ਵਿਸਰਜਨ ਦੀ ਇਜਾਜ਼ਤ ਨਹੀਂ ਸੀ ਪਰ ਇਹ ਸਵੈਮ-ਸੇਵਕਾਂ ਤੋਂ ਨਜ਼ਰਾਂ ਬਚਾ ਕੇ ਯਮੁਨਾ 'ਚ ਨਹਾਉਣ ਲਈ ਦੂਜੀ ਜਗ੍ਹਾ ਚਲੇ ਗਏ।
ਇਸ ਦੌਰਾਨ ਇਕ ਵਿਦਿਆਰਥਣ ਦਾ ਪੈਰ ਤਿਲਕ ਗਿਆ ਅਤੇ ਉਹ ਡੁੱਬਣ ਲੱਗੀ ਤਾਂ ਉਸ ਨੇ ਦੂਜੀ ਵਿਦਿਆਰਥਣ ਨੂੰ ਫੜ ਲਿਆ। ਜਦੋਂ ਉਹ ਦੋਵੇਂ ਡੁੱਬਣ ਲੱਗੀਆਂ ਤਾਂ ਦੋ ਵਿਦਿਆਰਥੀ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਅਤੇ ਉਹ ਚਾਰੇ ਡੂੰਘੇ ਪਾਣੀ ਵਿਚ ਡੁੱਬ ਗਏ।
ਯੂ. ਪੀ. ਦੇ ਮੁਰਾਦਾਬਾਦ 'ਚ ਗਣਪਤੀ ਵਿਸਰਜਨ ਦੌਰਾਨ ਡੁੱਬਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਕਰਨਾਟਕ ਦੇ ਕੋਲਾਰ ਗੋਲਡ ਫੀਲਡਜ਼ ਨੇੜੇ ਪਿੰਡ ਮਰਘਟਾ 'ਚ 4 ਕੁੜੀਆਂ ਅਤੇ 2 ਮੁੰਡਿਆਂ ਸਮੇਤ 6 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਵੀ ਅਜਿਹੀਆਂ ਘਟਨਾਵਾਂ 'ਚ ਹੋਣ ਵਾਲੀਆਂ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਯਕੀਨੀ ਤੌਰ 'ਤੇ ਖੁਸ਼ੀ ਅਤੇ ਜਸ਼ਨ ਦੇ ਤਿਉਹਾਰ ਦਾ ਇਸ ਤਰ੍ਹਾਂ ਸੋਗ ਦੇ ਤਿਉਹਾਰ 'ਚ ਬਦਲ ਜਾਣਾ ਬਹੁਤ ਦੁਖਦਾਈ ਹੈ ਪਰ ਇਸ ਦੇ ਲਈ ਸਾਡੀ ਆਪਣੀ ਕਾਹਲ, ਸਭ ਕੁਝ ਫਟਾਫਟ ਨਿਪਟਾਉਣ ਦੀ ਆਦਤ ਅਤੇ ਆਪਣੇ ਮਨ 'ਤੇ ਕਾਬੂ ਨਾ ਰੱਖ ਕੇ 'ਜੋ ਹੁੰਦਾ ਹੈ ਹੋਣ ਦਿਓ, ਪਰਵਾਹ ਨਹੀਂ' ਵਾਲਾ ਨਜ਼ਰੀਆ ਹੀ ਜ਼ਿੰਮੇਵਾਰ ਹੈ, ਜਦਕਿ ਅਜਿਹੇ ਭੀੜ-ਭੜੱਕੇ ਵਾਲੇ ਆਯੋਜਨਾਂ 'ਚ ਜੋਸ਼ ਦੇ ਨਾਲ-ਨਾਲ ਹੋਸ਼ ਨੂੰ ਕਾਇਮ ਰੱਖਣਾ ਅਤੇ ਮਨ 'ਤੇ ਕਾਬੂ ਅਤੇ ਸਬਰ ਰੱਖਣਾ ਬਹੁਤ ਜ਼ਰੂਰੀ ਹੈ।
                                                                                             —ਵਿਜੇ ਕੁਮਾਰ


KamalJeet Singh

Content Editor

Related News