ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੂੰ ਸਦਮਾ, ਜੀਵਨ ਸਾਥਣ ਦੀਪ ਮੋਹਿਨੀ ਸੁਰਗਵਾਸ

04/07/2021 12:06:41 PM

ਜਲੰਧਰ(ਬਿਊਰੋ): ਕੋਲਕਾਤਾ ਵੱਸਦੇ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਲੇਖਕ ਜੀਵਨ ਸਾਥਣ ਦੀਪ ਮੋਹਿਨੀ ਦਾ ਕੱਲ੍ਹ ਦੁਪਹਿਰ ਕੋਲਕਾਤਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਸਾਲਾਂ ਦੇ ਸਨ। ਉਨ੍ਹਾਂ ਦੀਆਂ ਦੋ ਰਚਨਾਵਾਂ ਵਿੱਚੋਂ ਦੇਸ਼ ਵੰਡ ਬਾਰੇ ਨਾਵਲ ਧੁੰਦ ਵਿੱਚ ਇੱਕ ਸਵੇਰ ਅਤੇ ਕਹਾਣੀ ਸੰਗ੍ਰਹਿ ਦੋ ਰਾਤਾਂ ਦਾ ਫ਼ਾਸਲਾ ਮਹੱਤਵਪੂਰਨ ਰਚਨਾਵਾਂ ਸਨ। ਧੁੰਦ ਵਿੱਚ ਇੱਕ ਸਵੇਰ ਜਦ ਮਾਸਿਕ ਪੱਤਰ ਦ੍ਰਿਸ਼ਟੀ 'ਚ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਛਪਿਆ ਤਾਂ ਵਿਸ਼ਾਲ ਪਾਠਕ ਵਰਗ ਨੇ ਚੰਗਾ ਸਲਾਹਿਆ। 

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ(ਨੇੜੇ ਧਿਆਨਪੁਰ) ਦੇ ਜੱਦੀ ਵਸਨੀਕ ਸ: ਪਿਆਰਾ ਸਿੰਘ ਰੰਧਾਵਾ ਦੇ ਘਰ ਆਪ ਦਾ ਜਨਮ ਹੋਇਆ ਜੋ ਉਸ ਸਮੇਂ ਸਿੰਧ ਵਿੱਚ ਰੁਜ਼ਗਾਰ ਕਮਾਉਂਦੇ ਸਨ। ਦੇਸ਼ ਵੰਡ ਤੋਂ ਬਾਅਦ ਉਹ ਪ੍ਰੀਤ ਨਗਰ ਵਿਖੇ ਆ ਗਏ ਜਿੱਥੇ ਉਹ ਪ੍ਰੀਤ ਨਗਰ ਐਕਟਿਵਿਟੀ ਸਕੂਲ 'ਚ ਪੜ੍ਹਾਉਣ ਲੱਗ ਪਏ। ਪ੍ਰੀਤ ਲੜੀ ਵਿੱਚ ਵੀ ਅਕਸਰ ਲਿਖਦੇ। ਦੀਪ ਮੋਹਿਨੀ ਵੀ ਇਸੇ ਸਕੂਲ ਚ ਪੜ੍ਹਦੀ ਰਹੀ। ਪ੍ਰੀਤ ਨਗਰ ਵੱਸਦੇ ਲੇਖਕਾਂ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸ: ਨਾਨਕ ਸਿੰਘ ਤੇ ਪਿਆਰਾ ਸਿੰਘ ਸਹਿਰਾਈ ਜੀ ਦਾ ਆਪ ਦੇ ਵਿਚਾਰਾਂ 'ਤੇ ਚੰਗਾ ਅਸਰ ਪਿਆ ਜਿਸ ਕਾਰਨ ਉਹ ਸਾਹਿੱਤ ਸਿਰਜਣਾ ਦੇ ਮਾਰਗ 'ਤੇ ਤੁਰੇ। ਪ੍ਰੀਤਲੜੀ, ਆਰਸੀ ਤੇ ਹੋਰ ਚੰਗੇ ਰਸਾਲਿਆਂ ਵਿੱਚ ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਰਹੀਆਂ। ਉਨ੍ਹਾਂ ਦੀਆਂ ਦੋਵੇਂ ਲਿਖਤਾਂ ਸਤੀਸ਼ ਗੁਲਾਟੀ ਦੁਆਰਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। 

ਮੋਹਨ ਕਾਹਲੋਂ ਨਾਲ ਵਿਆਹ ਉਪਰੰਤ ਆਪ ਵੇਰਕਾ(ਅੰਮ੍ਰਿਤਸਰ) 'ਚ ਘਰ ਬਣਾ ਕੇ ਰਹਿਣ ਲੱਗ ਪਏ। ਆਪ ਦੇ ਇਕਲੌਤੇ ਸਪੁੱਤਰ ਰਾਜਪਾਲ ਸਿੰਘ ਕਾਹਲੋਂ ਨੇ ਆਈ.ਏ.ਐੱਸ. ਅਧਿਕਾਰੀ ਬਣ ਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕੀਤਾ। ਲਗਪਗ ਦੋ ਸਾਲ ਪਹਿਲਾਂ ਹੀ ਉਹ ਪੱਛਮੀ ਬੰਗਾਲ ਤੋਂ  ਚੀਫ਼ ਸੈਕਟਰੀ ਦੇ ਬਰਾਬਰ ਰੁਤਬੇ ਤੋਂ ਸੇਵਾ ਮੁਕਤ ਹੋਏ ਹਨ। ਦੀਪ ਮੋਹਿਨੀ ਜੀ ਦੀ ਇਕਲੌਤੀ ਧੀ ਇਰਾ ਕਾਹਲੋਂ  ਵੀ ਕੋਲਕਾਤਾ ਦੇ ਮੱਲ੍ਹੀ ਪਰਿਵਾਰ 'ਚ ਵਿਆਹੀ ਹੋਈ ਹੈ। ਅਤਿਵਾਦ ਦੌਰਾਨ ਦੀਪ ਮੋਹਿਨੀ ਦੇ ਨਿੱਕੇ ਵੀਰ ਕਵੀਰਾਜ ਸਿੰਘ ਰੰਧਾਵਾ ਸੰਪਾਦਕ ਲੋਕ ਮਾਰਗ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਸ ਨਾਲ ਉਹ ਅੰਦਰੋਂ ਲਗਪਗ ਟੁੱਟ ਗਏ ਸਨ। 

ਸ਼੍ਰੀਮਤੀ ਦੀਪ ਮੋਹਿਨੀ ਦਾ ਕੱਲ੍ਹ ਕੋਲਕਾਤਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੋਹਨ ਕਾਹਲੋਂ ਤੇ ਉਨ੍ਹਾਂ ਦੇ ਸਪੁੱਤਰ ਨੇ ਦਿੱਤੀ ਹੈ। 
 


Harnek Seechewal

Content Editor

Related News