ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨ

Saturday, Nov 26, 2022 - 04:54 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾ ਮੁਕਤ ਹੋਏ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਸਨਮਾਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ ਵਿਖੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ, ਦਲ ਬਾਬਾ ਬਿਧੀਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾਦਲ ਦੇ ਮੁਖੀ ਬਾਬਾ ਗੱਜਣ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ ਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਜਿੱਥੇ ਮੁੱਖ ਗ੍ਰੰਥੀ ਵਜੋਂ ਸੇਵਾ ਦਾ ਸੁਭਾਗ ਮਿਲਣਾ ਗੁਰੂ ਸਾਹਿਬ ਦੀ ਵੱਡੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਇਸ ਅਹਿਮ ਸੇਵਾ ਨੂੰ ਕਰੀਬ ਦਸ ਸਾਲ ਗੁਰੂ ਸਾਹਿਬ ਦੀ ਭੈਅ-ਭਾਵਨੀ ਵਿਚ ਰਹਿ ਕੇ ਨਿਭਾਇਆ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਦੀਆਂ ਸੇਵਾਵਾਂ ਦੀ ਅੰਤ੍ਰਿੰਗ ਕਮੇਟੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਭਵਿੱਖ ਵਿਚ ਇਨ੍ਹਾਂ ਪਾਸੋਂ ਧਰਮ ਪ੍ਰਚਾਰ ਦੇ ਖੇਤਰ ਅੰਦਰ ਸੇਵਾਵਾਂ ਲਈਆਂ ਜਾਣਗੀਆਂ।


author

Harnek Seechewal

Content Editor

Related News