ਪੰਜਾਬ ਲਈ ਖ਼ਤਰੇ ਦੀ ਘੰਟੀ! ਚਿੱਟੇ ਦੇ ਕਾਲੇ ਧੰਦੇ ’ਚ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਸ਼ਾਮਲ
Friday, Feb 10, 2023 - 11:38 AM (IST)
ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿੱਥੇ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਸ਼ਿਆਂ ਦੀ ਵਿਕਰੀ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਕੁਝ ਹੋਰ ਹੀ ਖ਼ੁਲਾਸਾ ਕਰ ਰਹੀਆਂ ਹਨ। ਸੀ. ਆਈ. ਅੰਮ੍ਰਿਤਸਰ ਵਿੰਗ ’ਚ ਚਲਾਏ ਗਏ ਸਫ਼ਲ ਆਪ੍ਰੇਸ਼ਨ ਦੌਰਾਨ ਇਕ 17 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਚਿੱਟੇ ਦੇ ਕਾਲੇ ਧੰਦੇ ’ਚ ਸ਼ਾਮਲ ਹੋ ਚੁੱਕੀ ਹੈ ਅਤੇ ਸਮੱਗਲਿੰਗ ਦੇ ਕਾਲੇ ਧੰਦੇ ਨੂੰ ਛੱਡਣ ਲਈ ਤਿਆਰ ਨਹੀਂ ਹੈ। ਜੇਲ੍ਹਾਂ ਵਿਚ ਕੈਦ ਪੁਰਾਣੇ ਅਤੇ ਨਵੇਂ ਸਮੱਗਲਰ ਜੇਲ੍ਹਾਂ ਦੇ ਅੰਦਰੋਂ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਮੋਬਾਇਲ ਫੋਨਾਂ ਦੇ ਨਾਲ-ਨਾਲ ਵਟਸਐਪ ਕਾਲਾਂ ਅਤੇ ਹੋਰ ਐਪਾਂ ਰਾਹੀਂ ਆਪਣੇ ਕਾਰਕੁਨਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨਾਂ ਅਤੇ ਔਰਤਾਂ ਨੂੰ ਚਿੱਟੇ ਦੀ ਸਪਲਾਈ ਅਤੇ ਪ੍ਰਾਪਤ ਕਰਨ ਲਈ ਵਰਤਿਆ ਜਾ ਰਿਹਾ ਹੈ, ਤਾਂ ਜੋ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ’ਚ ਧੂੜ ਝੋਕੀ ਜਾ ਸਕੇ। ਦੂਜੇ ਪਾਸੇ ਸਰਹੱਦ ’ਤੇ ਕੰਡਿਆਲੀ ਤਾਰ ’ਤੇ ਬੀ. ਐੱਸ. ਐੱਫ. ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਬੀ. ਐੱਸ. ਐੱਫ. ਅਜੇ ਵੀ ਪਰੰਪਰਾਗਤ ਤਰੀਕੇ ਨਾਲ ਕੰਮ ਕਰ ਰਹੀ ਹੈ ਜੋ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।
ਇਹ ਵੀ ਪੜ੍ਹੋ : ਅਗੇਤੀ ਗਰਮੀ ਖ਼ਤਰੇ ਦੀ ਘੰਟੀ, ਕਿਸਾਨਾਂ ਨੂੰ ਸਤਾਉਣ ਲੱਗਾ ਇਹ ਡਰ
ਅਟਾਰੀ ਬਾਰਡਰ ਤੋਂ ਲੈ ਕੇ ਮੁਦਰਾ ਬੰਦਰਗਾਹ ਤੱਕ ਫੈਲਿਆ ਹੋੋਇਐ ਨੈੱਟਵਰਕ
ਚਿੱਟੇ ਦੇ ਸਮੱਗਲਰਾਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਹੈਰੋਇਨ ਸਮੱਗਲਰਾਂ ਦਾ ਨੈੱਟਵਰਕ ਅੰਮ੍ਰਿਤਸਰ ਦੀ ਅਟਾਰੀ ਸਰਹੱਦ ਤੋਂ ਲੈ ਕੇ ਗੁਜਰਾਤ ਦੇ ਮੁਦਰਾ ਬੰਦਰਗਾਹ ਤੱਕ ਫੈਲਿਆ ਹੋਇਆ ਹੈ। ਸਮੱਗਲਰ ਚਿੱਟੇ ਦੀ ਸਮੱਗਲਿੰਗ ਕਰਨ ਲਈ ਹਵਾ, ਪਾਣੀ ਅਤੇ ਸੜਕੀ ਰੋਡ ਤਿੰਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਜਿੱਥੇ ਕਿਤੇ ਵੀ ਕੋਈ ਕਮਜ਼ੋਰ ਕੜੀ ਨਜ਼ਰ ਆਉਦੀ ਹੈ, ਉਸ ਦੀ ਵਰਤੋਂ ਕਰਦੇ ਹਨ।ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ 532 ਕਿਲੋ ਅਤੇ 52 ਕਿਲੋ ਹੈਰੋਇਨ ਦੀ ਖੇਪ ਤੋਂ ਬਾਅਦ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਵੀ 105 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਦਕਿ ਮੁਦਰਾ ਪੋਰਟ ਅਤੇ ਗੁਜਰਾਤ ਦੇ ਹੋਰ ਬੰਦਰਗਾਹਾਂ ’ਤੇ 3300 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਅਜਿਹਾ ਹੀ ਮਾਮਲਾ ਮੁੰਬਈ ਬੰਦਰਗਾਹਾਂ ਦਾ ਹੈ ਜਿੱਥੇ ਡੀ. ਆਰ. ਆਈ. ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਦੇ 210 ਕਿਲੋ ਤੇ ਕਦੇ 500 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਤਸਕਰ ਸਮੁੰਦਰੀ ਰਸਤੇ ਦੀ ਵਰਤੋਂ ਕਰ ਰਹੇ ਹਨ ਅਤੇ ਹਵਾ ਰਾਹੀਂ ਡਰੋਨਾਂ ਦੀ ਸਪਲਾਈ ਕਰਨਾ ਆਮ ਗੱਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ
ਐਂਟੀ ਡਰੋਨ ਤਕਨੀਕ ਦੀ ਘਾਟ ਵੱਡੀ ਲਾਪ੍ਰਵਾਹੀ
ਡਰੋਨ ਵਰਗੇ ਖ਼ਤਰਨਾਕ ਉਪਕਰਨਾਂ ਨੂੰ ਕੰਟਰੋਲ ਕਰਨ ਲਈ ਆਧੁਨਿਕ ਦੇਸ਼ਾਂ ਵਿਚ ਐਂਟੀ ਡਰੋਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬ ਸਰਹੱਦ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਐਂਟੀ ਡਰੋਨ ਤਕਨੀਕ ਅਜੇ ਤੱਕ ਨਹੀਂ ਲਗਾਈ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਆਮ ਮੁੱਦਿਆਂ ’ਤੇ ਹਮੇਸ਼ਾ ਹੀ ਟਕਰਾਅ ਹੁੰਦਾ ਰਹਿੰਦਾ ਹੈ ਅਤੇ ਸੁਰੱਖਿਆ ਦੇ ਮਾਮਲੇ ’ਚ ਵੀ ਇਹ ਟਕਰਾਅ ਸਾਫ਼ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ
ਕੇਂਦਰੀ ਏਜੰਸੀਆਂ ਦੇ ਦਫ਼ਤਰ ਖੋਲ੍ਹਣ ’ਤੇ ਚਿੱਟੇ ਦੀ ਸਮੱਗਲਿੰਗ ’ਤੇ ਲੱਗੇਗੀ ਲਗਾਮ
ਕੇਂਦਰ ਸਰਕਾਰ ਨੇ ਅੰਮ੍ਰਿਤਸਰ ’ਚ ਕੁਝ ਵੱਡੀਆਂ ਸੁਰੱਖਿਆ ਏਜੰਸੀਆਂ ਦੇ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਨ੍ਹਾਂ ਏਜੰਸੀਆਂ ਦੇ ਦਫ਼ਤਰ ਖੁੱਲ੍ਹਣ ਨਾਲ ਚਿੱਟੇ ਦੀ ਸਮੱਗਲਿੰਗ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾਉਣ ਦੀ ਸੰਭਾਵਨਾ ਬਣ ਸਕਦੀ ਹੈ, ਕਿਉਂਕਿ ਆਮ ਤੌਰ 'ਤੇ ਸਰਹੱਦੀ ਇਲਾਕਿਆਂ ’ਚ ਅਜਿਹੇ ਲੋਕ ਹੀ ਤਸਕਰੀ ਕਰਦੇ ਹਨ, ਜੋ ਕਿਸੇ ਨਾ ਕਿਸੇ ਵੱਡੇ ਲੀਡਰ ਦੀ ਛਤਰ-ਛਾਇਆ ਹੇਠ ਹੁੰਦੇ ਹਨ। ਕੁਝ ਮਾਮਲਿਆਂ ’ਚ ਵੱਡੇ ਨੇਤਾਵਾਂ ਦੇ ਨਾਂ ਵੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ
ਡੀ. ਆਰ. ਆਈ ਅਤੇ ਕਸਟਮ ਵਿਭਾਗ ਦੀ ਭੂਮਿਕਾ ਵੀ ਸ਼ੱਕੀ
ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਚਿੱਟੇ ਦੀ ਸਮੱਗਲਿੰਗ ਰੋਕਣ ਲਈ ਡੀ. ਆਰ. ਆਈ. ਅਤੇ ਕਸਟਮ ਵਿਭਾਗ ਕਾਫ਼ੀ ਮਸ਼ਹੂਰ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਪਰੋਕਤ ਦੋਵਾਂ ਵਿਭਾਗਾਂ ਦੀ ਭੂਮਿਕਾ ਕਾਫ਼ੀ ਸ਼ੱਕੀ ਰਹੀ ਹੈ। ਵੱਡੇ-ਵੱਡੇ ਕੇਸ ਬਣਾਉਣ ਵਾਲੀ ਆਰ. ਆਈ. ਅਤੇ ਕਸਟਮ ਵਿਭਾਗ ਤਸਕਰਾਂ ਅਤੇ ਤਸਕਰੀ ਰੋਕਣ ਦੇ ਮਾਮਲੇ 'ਚ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ। ਜਿਵੇਂ ਕਿ ਅਫ਼ਸਰਾਂ ਵਿੱਚ ਇੱਛਾ ਸ਼ਕਤੀ ਦੀ ਘਾਟ ਆ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ