ਡਾ.ਸੁਰਿੰਦ੍ਰ ਕੌਰ ਸੰਧੂ ਦੀ ਪਲੇਠੀ ਕਾਵਿ-ਪੁਸਤਕ 'ਜ਼ਿੰਦਗੀ ਦੇ ਵਰਕੇ' ਦਾ ਲੋਕ-ਅਰਪਣ

11/04/2023 10:58:51 PM

ਅੰਮ੍ਰਿਤਸਰ- ਡਾ. ਸੁਰਿੰਦ੍ਰ ਕੌਰ ਸੰਧੂ ਦੀ ਪਲੇਠੀ  ਕਾਵਿ-ਪੁਸਤਕ "ਜ਼ਿੰਦਗੀ ਦੇ ਵਰਕੇ" ਦਾ ਲੋਕ-ਅਰਪਣ ਅਤੇ  ਵਿਚਾਰ-ਚਰਚਾ ਦਾ ਆਯੋਜਨ ਪੰਜਾਬੀ ਦੇ ਉੱਘੇ ਲੇਖਕਾਂ ਦੀ ਹਾਜ਼ਰੀ ਵਿਚ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ (ਸ਼੍ਰੋਮਣੀ ਪੰਜਾਬੀ ਕਵੀ ਅਤੇ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ) ਨੇ ਕੀਤੀ, ਜਦੋਂਕਿ ਪ੍ਰੋਗਰਾਮ ਵਿਚ ਮੁੱਖ ਭਾਸ਼ਣ ਡਾ. ਮਨਮੋਹਨ ਸਿੰਘ (ਆਈ.ਪੀ.ਐੱਸ.) ਨੇ ਪ੍ਰਸਤੁਤ ਕੀਤਾ। ਡਾ. ਰਵੀ ਰਵਿੰਦਰ (ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ) ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਹੋਏ। ਡਾ. ਮਨਜਿੰਦਰ ਸਿੰਘ ਅਤੇ ਡਾ. ਹਰਿੰਦਰ ਕੌਰ ਸੋਹਲ ਨੇ ਇਸ ਸਮਾਗਮ ਵਿਚ ਪੁਸਤਕ ਬਾਰੇ ਭਰਵੀਂ ਚਰਚਾ ਕੀਤੀ।

PunjabKesari

ਇਹ ਖ਼ਬਰ ਵੀ ਪੜ੍ਹੋ - ਟਰੱਕ ਤੇ ਬੁਲੇਟ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

ਡਾ. ਮਨਜਿੰਦਰ ਸਿੰਘ ਨੇ ਆਪਣੇ ਸੁਆਗਤੀ ਸ਼ਬਦਾਂ ਵਿਚ ਇਸ ਪੁਸਤਕ ਸਬੰਧੀ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਡਾ. ਸੁਰਿੰਦ੍ਰ ਕੌਰ ਸੰਧੂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਜੀਵਨ ਦੇ ਯਥਾਰਥ ਦਾ ਬੜੀ ਖ਼ੂਬਸੂਰਤੀ ਨਾਲ ਕਾਵਿਕੀਕਰਨ ਹੋਇਆ ਪ੍ਰਾਪਤ ਹੁੰਦਾ ਹੈ। ਇਹ ਪੁਸਤਕ ਸਮਾਜ ਵਿਚ ਸਮੂਹਿਕ ਤੌਰ ਉੱਤੇ ਆਈ ਸੰਕਟਮਈ ਸਥਿਤੀ ਵਿਚ ਬੰਦੇ ਦੇ ਸਵਾਰਥੀ ਹੋਣ ਦੇ ਨਿਘਾਰ ਨੂੰ ਵਿਅੰਗਮਈ ਭਾਸ਼ਾ ਰਾਹੀਂ ਬਿਆਨ ਕਰਦੀ ਹੈ। ਇਸ ਉਪਰੰਤ ਡਾ. ਮਨਮੋਹਨ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ "ਜ਼ਿੰਦਗੀ ਦੇ ਵਰਕੇ" ਪੁਸਤਕ ਵਿਚਲਾ ਕਾਵਿ-ਸੰਸਾਰ ਜ਼ਿੰਦਗੀ ਦੀ ਨਿਰੰਤਰਤਾ ਨੂੰ ਮਾਨਵ-ਵਿਗਿਆਨਕ, ਸਾਂਸਕ੍ਰਿਤਕ ਅਤੇ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਬਿਆਨ ਕਰਦਾ ਹੈ। ਇਹ ਪੁਸਤਕ ਦੇਸ਼-ਵੰਡ ਤੋਂ ਲੈ ਕੇ ਕਰੋਨਾ ਕਾਲ ਤੱਕ ਫੈਲੇ ਹੋਏ ਲੰਮੇ ਕਾਲ-ਖੰਡ ਨੂੰ ਆਧਾਰ ਬਣਾ ਕੇ ਬਹੁ-ਆਯਾਮੀ ਜੀਵਨ ਅਨੁਭਵਾਂ ਨੂੰ ਪ੍ਰਸਤੁਤ ਕਰਦੀ ਹੈ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਹੁਰਾਂ ਬੋਲਦਿਆਂ ਕਿਹਾ ਕਿ ਜੇਕਰ ਕੋਈ ਚੰਗੀ ਕਵਿਤਾ ਲਿਖ ਲੈਂਦਾ ਹੈ ਤਾਂ ਉਸ ਸਾਹਮਣੇ ਰਾਜਪਾਟ ਵੀ ਬੇਕਾਰ ਹੈ। "ਜ਼ਿੰਦਗੀ ਦੇ ਵਰਕੇ" ਦੀ ਕਵਿਤਾ ਨੂੰ ਇਸ ਸ਼੍ਰੇਣੀ ਦੀ ਹੀ ਸ਼ਾਇਰੀ ਕਿਹਾ ਜਾ ਸਕਦਾ ਹੈ। ਇਸ ਪੁਸਤਕ ਦੇ ਸਿਰਲੇਖ ਵਿਚਲਾ ਬਹੁ-ਵਚਨੀ ਚਿਹਨ ਹੀ ਇਸਦੇ ਲੇਖਕ ਦੇ ਪ੍ਰੋੜ੍ਹ ਜੀਵਨ ਅਨੁਭਵ ਵੱਲ ਸੰਕੇਤ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੈਪਟਨ ਅਮਰਿੰਦਰ ਸਿੰਘ ਨੇ ਇਸ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੱਢਣ ਦੀ ਕੀਤੀ ਅਪੀਲ, ਕਾਨੂੰਨੀ ਕਾਰਵਾਈ ਦੀ ਰੱਖੀ ਮੰਗ

ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਵਜੋਂ ਪੁਸਤਕ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਡਾ. ਰਵੀ ਰਵਿੰਦਰ ਨੇ ਕਿਹਾ ਕਿ ਡਾ. ਸੁਰਿੰਦ੍ਰ ਕੌਰ ਸੰਧੂ ਦੀ ਕਾਵਿ-ਦ੍ਰਿਸ਼ਟੀ ਦਾ ਮੁੱਖ ਸਰੋਕਾਰ ਵਾਤਸਲ ਭਾਵ ਹੈ। ਇਹ ਮਾਂ, ਧੀ ਅਤੇ ਭੈਣ ਦੇ ਰਿਸ਼ਤਿਆਂ ਨੂੰ ਬੜੇ ਸੰਵੇਦਨਸ਼ੀਲ ਅੰਦਾਜ਼ ਵਿਚ ਰੂਪਮਾਨ ਕਰਦੀ ਹੈ। ਇਸ ਕਾਵਿ-ਪੁਸਤਕ ਵਿਚਲੀਆਂ ਇਕ ਤੋਂ ਵਧੇਰੇ ਕਵਿਤਾਵਾਂ ਸਿਮਰਤੀ ਦੇ ਸੰਕਲਪ ਨੂੰ ਮੀਮਾਂਸਕ ਸ਼ੈਲੀ ਵਿਚ ਪੇਸ਼ ਕਰਦੀਆਂ ਹਨ। ਇਸ ਸੰਦਰਭ ਵਿਚ ਇਹ ਕਵਿਤਾਵਾਂ ਗੁਰਮਤਿ ਵਿਚਾਰਧਾਰਾ, ਸਿੱਖ ਦਰਸ਼ਨ ਅਤੇ ਸਿੱਖ ਇਤਿਹਾਸ ਵਿੱਚੋਂ ਕਾਵਿਕ ਟੇਕ ਤਲਾਸ਼ਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਉਪਰੰਤ "ਜ਼ਿੰਦਗੀ ਦੇ ਵਰਕੇ" ਪੁਸਤਕ ਦੇ ਲੇਖਕ ਡਾ. ਸੁਰਿੰਦ੍ਰ ਕੌਰ ਸੰਧੂ ਨੇ ਸਵੈ-ਕਥਨ ਦੇ ਅੰਤਰਗਤ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਕਵਿਤਾ ਨਵੀਸੀ ਦਾ ਸੁਭਾਗ 85 ਸਾਲ ਦੀ ਉਮਰ ਵਿੱਚ ਪ੍ਰਾਪਤ ਹੋਇਆ ਹੈ। ਇਸ ਲਈ ਉਨ੍ਹਾਂ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਸਮੁੱਚੀ ਜ਼ਿੰਦਗੀ ਦੇ ਅਨੁਭਵ ਨੂੰ ਕਵਿਤਾ ਦੇ ਮਾਧਿਅਮ ਰਾਹੀਂ ਪਾਠਕਾਂ ਤੱਕ ਪਹੁੰਚਾ ਸਕਣ। ਉਹਨਾਂ ਨੇ ਆਪਣੀ ਕਾਵਿ-ਸਿਰਜਣਾ ਦਾ ਪ੍ਰੇਰਕ ਕਰੋਨਾ ਕਾਲ ਨੂੰ ਦੱਸਿਆ ਅਤੇ ਕਿਹਾ ਕਿ ਇਸ ਸਮੇਂ ਦੌਰਾਨ ਵਾਪਰੀਆਂ ਕਈ ਦੁਖਾਂਤਕ ਘਟਨਾਵਾਂ ਨੂੰ ਵੀ ਉਹਨਾਂ ਨੇ ਆਪਣੀ ਕਾਵਿ-ਰਚਨਾ ਦਾ ਆਧਾਰ ਬਣਾਇਆ ਹੈ। ਉਹਨਾਂ ਸਮੂਹ ਪਾਠਕਾਂ ਦਾ ਉਹਨਾਂ ਨੂੰ ਕਵਿਤਾ ਲਿਖਣ ਵਾਸਤੇ ਪ੍ਰਦਾਨ ਕੀਤੀ ਭਰਵੀਂ ਹੱਲਾਸ਼ੇਰੀ ਲਈ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਵੀ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ। ਡਾ. ਹਰਿੰਦਰ ਕੌਰ ਸੋਹਲ ਨੇ ਪੁਸਤਕ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ "ਜ਼ਿੰਦਗੀ ਦੇ ਵਰਕੇ" ਦੀਆਂ ਕਵਿਤਾਵਾਂ ਵਿੱਚ ਜੀਵਨ ਦੇ ਕਈ ਵੱਡਮੁੱਲੇ ਗੁਣਾਂ ਅਤੇ ਕਦਰਾਂ-ਕੀਮਤਾਂ ਦੇ ਦਾਰਸ਼ਨਿਕ ਅਮੂਰਤਨ ਨੂੰ ਜ਼ਿੰਦਗੀ ਦੇ ਵਿਹਾਰਕ ਸਮੂਰਤਨ ਵਿਚ ਰੂਪਾਂਤ੍ਰਿਤ ਕੀਤਾ ਗਿਆ ਹੈ। ਇਸ ਪ੍ਰਸੰਗ ਵਿਚ ਇਸ ਵਿਚਲੀਆਂ ਕਈ ਕਵਿਤਾਵਾਂ ਵਿਚ ਮਾਨਵੀ ਸਿਮਰਤੀਆਂ ਬੜੇ ਸਹਿਜ ਭਾਵ ਨਾਲ ਪ੍ਰਗਟ ਹੋਈਆਂ ਹਨ। ਪ੍ਰੋਗਰਾਮ ਦੇ ਅੰਤ ਵਿਚ ਮੰਚ ਸੰਚਾਲਕ ਡਾ. ਬਲਜੀਤ ਕੌਰ ਰਿਆੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਦਾ ਮਾਮਲਾ ਭਖਿਆ, ਉੱਠੀ ਇਹ ਮੰਗ

ਇਸ ਸਮਾਗਮ ਵਿਚ ਪ੍ਰਸਿੱਧ ਸ਼ਖ਼ਸੀਅਤਾਂ ਡਾ. ਸੁਖਬੀਰ ਸਿੰਘ ਸੰਧੂ (ਆਈ.ਏ.ਐੱਸ., ਚੀਫ਼ ਸਕੱਤਰ ਉਤਰਖੰਡ), ਡਾ. ਜਸਪਾਲ ਸਿੰਘ ਸੰਧੂ, ਡਾ.ਹਰਲੀਨ ਕੌਰ ਸੰਧੂ, ਡਾ. ਸ਼ਵੇਤਾ ਸ਼ੇਨੋਏ, ਦਮਨਬੀਰ ਸਿੰਘ ਸੰਧੂ, ਮਿਹਰ ਸੰਧੂ, ਹਰਮਨਬੀਰ ਸਿੰਘ ਸੰਧੂ, ਡਾ. ਕਰਨਜੀਤ ਸਿੰਘ ਕਾਹਲੋਂ, ਡਾ. ਸੁਨੀਲ ਕੁਮਾਰ,ਪ੍ਰਵੀਨ ਪੁਰੀ , ਅਰਤਿੰਦਰ ਸੰਧੂ, ਦੀਪ ਦਵਿੰਦਰ, ਮਲਵਿੰਦਰ, ਹਰਮੀਤ ਆਰਟਿਸਟ, ਸਤਿੰਦਰ ਸਿੰਘ ਓਠੀ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਮੇਘਾ ਸਲਵਾਨ, ਡਾ. ਚੰਦਨਪ੍ਰੀਤ ਸਿੰਘ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ ਅਤੇ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News