ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸਜਾਏ ਨਗਰ ਕੀਰਤਨ ਦੌਰਾਨ ਚਮਕਿਆ ਖਾਲਸਾਈ ਰੰਗ

11/01/2023 1:07:49 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂ ਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜਥਿਆਂ ਅਤੇ ਕਥਾਕਾਰਾਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ।

ਗੁਰੂ ਘਰ ਦੇ ਬਾਹਰ ਨਗਰ ਕੀਰਤਨ 'ਚ ਸ਼ਾਮਲ ਕੇਸਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾਂ ਦੇ ਨਜ਼ਾਰੇ ਪੇਸ਼ ਕਰਦੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਜਿਵੇਂ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ। ਟਰੱਕਾਂ 'ਤੇ ਸਜੇ ਹੋਏ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੈਕਸਾਂ ਨੇ ਵਿਲੱਖਣ ਨਜ਼ਾਰਾ ਪੇਸ਼ ਕੀਤਾ। ਬੱਚਿਆਂ ਦੇ ਗੱਤਕਾ ਗਰੁੱਪਾਂ ਦੁਆਰਾ ਆਪਣੀ ਇਸ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੁਕਾਨਦਾਰਾਂ ਵੱਲੋਂ ਅਨੇਕਾਂ ਦੁਕਾਨਾਂ ਅਤੇ ਵੱਖ-ਵੱਖ ਬੂਥ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਨਜ਼ਰ ਆ ਰਹੇ ਸਨ। ਲਾਊਡ ਸਪੀਕਰਾਂ 'ਚ ਗੂੰਜਦੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਜਿਵੇਂ ਆਸਮਾਨ ਗੂੰਜ ਰਿਹਾ ਸੀ।

ਇਹ ਵੀ ਪੜ੍ਹੋ : AAP ਦਾ Challenge: 1 ਨਵੰਬਰ ਨੂੰ ਇਨ੍ਹਾਂ 4 ਮੁੱਦਿਆਂ 'ਤੇ ਹੋਵੇਗੀ ਬਹਿਸ, ਵਿਰੋਧੀ ਤਿਆਰ ਰਹਿਣ

ਨਗਰ ਕੀਰਤਨ ਦੀ ਸ਼ੁਰੂਆਤ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਭ ਤੋਂ ਮੂਹਰੇ ਨਗਾਰਾ ਫਿਰ ਅਮਰੀਕਨ ਝੰਡਾ, ਕੈਲੀਫੋਰਨੀਆ ਦਾ ਝੰਡਾ ਅਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਪਾਲਕੀ ਸਹਿਬ ਸੁਸ਼ੋਭਿਤ ਸੀ। ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਪਾਲਕੀ ਸਾਹਿਬ ਦੇ ਪਿੱਛੇ ਪੈਦਲ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਫਲੋਟ ਚੱਲ ਰਹੇ ਸਨ। ਕੈਲੀਫੋਰਨੀਆ ਗੱਤਕਾ ਦਲ ਦੇ ਸਿੰਘਾਂ ਦੇ ਜ਼ਬਰਦਸਤ ਗੱਤਕੇ ਦੇ ਜੌਹਰ ਵੀ ਵੇਖਣਯੋਗ ਸਨ।

ਇਹ ਵੀ ਪੜ੍ਹੋ : ਜਾਨਲੇਵਾ ਹੋਇਆ ਮਰਾਠਾ ਅੰਦੋਲਨ, ਰਾਖਵੇਂਕਰਨ ਲਈ ਹੁਣ ਤੱਕ 14 ਨੌਜਵਾਨਾਂ ਦੀ ਮੌਤ

ਇਸ ਸਮੇਂ ਪੰਜਾਬ ਤੋਂ ਮੰਗਵਾਏ ਟਰੈਕਟਰ ਅਤੇ ਟ੍ਰਾਲੀਆਂ ਤੋਂ ਇਲਾਵਾ ਸਿੱਖ ਮੋਟਰਸਾਈਕਲ ਰਾਈਡਰ ਵੀ ਨਗਰ ਕੀਰਤਨ ਦਾ ਸ਼ਿੰਗਾਰ ਬਣ ਰਹੇ ਸਨ। ਇਸ ਸਮੇਂ ਗੁਰੂ ਘਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤੇ। ਇਹ ਨਗਰ ਕੀਰਤਨ ਫਾਊਲਰ ਸ਼ਹਿਰ ਦੇ ਮਿੱਥੇ ਰੂਟ ਨੂੰ ਤੈਅ ਕਰਦਾ ਹੋਇਆ ਵਾਪਸ ਗੁਰੂ ਘਰ ਪਹੁੰਚ ਸਮਾਪਤ ਹੋਇਆ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News