ਨਿਊਜਰਸੀ 'ਚ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਕੱਢੀ ਪਰੇਡ 'ਚ ਬੁਲਡੋਜ਼ਰ ਦੀ ਵਰਤੋਂ ਦਾ ਮਾਮਲਾ ਭਖਿਆ
Thursday, Aug 25, 2022 - 12:14 PM (IST)
ਨਿਊਜਰਸੀ (ਰਾਜ ਗੋਗਨਾ)— ਅਮਰੀਕਾ ਦੇ ਐਡੀਸਨ, ਨਿਊਜਰਸੀ ਵਿੱਚ ਇੰਡੀਅਨ ਬਿਜਨੈੱਸ ਐਸੋਸੀਏਸ਼ਨ ਵੱਲੋਂ ਨਿਊਜਰਸੀ ਵਿੱਚ ਕੱਢੀ ਗਈ ਭਾਰਤ ਦੇ ਸੁਤੰਤਰਤਾ ਦਿਵਸ ਪਰੇਡ ਵਿਚ ਬੁਲਡੋਜ਼ਰ ਦੀ ਵਰਤੋਂ ਕਰਨ ਦੀ ਨਿੰਦਾ ਕੀਤੀ ਹੈ। ਸੁਤੰਤਰਤਾ ਦਿਵਸ ਮੌਕੇ ਕੱਢੀ ਗਈ ਇਹ ਇੰਡੀਅਨ ਡੇਅ ਪਰੇਡ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਨਿਊਜਰਸੀ ਚੈਪਟਰ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਸੁਤੰਤਰਤਾ ਦਿਵਸ 'ਤੇ ਬੁਲਡੋਜ਼ਰ, ਜੋ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਘਰ ਢਾਹੁਣ ਦਾ ਪ੍ਰਤੀਕ ਬਣ ਗਿਆ ਹੈ, ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਤਸਵੀਰਾਂ ਨਾਲ ਸਜਾਇਆ ਸੀ, ਜੋ ਦੋਵੇਂ ਇਸਲਾਮੋਫੋਬਿਕ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾਵਾਂ ਦਾ ਸਮਰਥਨ ਕਰਦੇ ਹਨ।
ਇੱਕ ਬਿਆਨ ਵਿੱਚ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੇ ਪ੍ਰਧਾਨ ਮੁਹੰਮਦ ਜਵਾਦ ਨੇ ਕਿਹਾ, 'ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬੁਲਡੋਜ਼ਰਾਂ ਨਾਲ ਮਾਰਚ ਕਰਨ ਦਾ ਕੀ ਮਤਲਬ ਹੈ, ਜੋ ਹਿੰਦੂ ਸਰਵਉੱਚਤਾਵਾਦੀ ਨੇਤਾਵਾਂ ਦੀਆਂ ਤਸਵੀਰਾਂ ਨਾਲ ਸਜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ 'ਅੱਜ ਭਾਰਤ ਵਿੱਚ ਮੁਸਲਮਾਨ ਇੱਕ ਕੱਟੜਪੰਥੀ ਬਹੁਗਿਣਤੀ ਆਬਾਦੀ ਤੋਂ ਜਨਤਕ ਹਿੰਸਾ ਦੇ ਖ਼ਤਰੇ ਵਿੱਚ ਹਨ। ਜੋ ਅਮਰੀਕਾ ਵਿੱਚ ਇਸ ਨੂੰ ਹੇਟਕ੍ਰਾਈਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹਨਾਂ ਬੁਲਡੋਜ਼ਰਾਂ ਨਾਲ ਮਾਰਚ ਕਰਨਾ ਇੱਕ ਕਮਜ਼ੋਰ ਘੱਟ ਗਿਣਤੀ ਦੇ ਵਿਰੁੱਧ ਜ਼ਬਰਦਸਤੀ ਬੇਘਰੇ ਅਤੇ ਸਮੂਹਿਕ ਹਿੰਸਾ ਦੇ ਲਈ ਸਮਰਥਨ ਦਰਸਾਉਂਦਾ ਹੈ।
ਕਾਰਜਕਾਰੀ ਨਿਰਦੇਸ਼ਕ ਸੇਲਾਦੀਨ ਮਕਸੂਤ ਨੇ ਕਿਹਾ ਕਿ ਜਦੋਂ ਅਸੀਂ ਭਾਰਤੀ ਅਮਰੀਕੀਆਂ ਦੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਆਪਣੀ ਵਿਰਾਸਤ ਅਤੇ ਆਜ਼ਾਦੀ ਦਾ ਜਸ਼ਨ ਮਨਾਉਣ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ, ਅਸੀਂ ਬੁਲਡੋਜ਼ਰ ਦੀ ਵਰਤੋਂ ਅਤੇ ਹਿੰਦੂ ਰਾਸ਼ਟਰਵਾਦੀ ਸ਼ਖਸੀਅਤਾਂ ਦੀ ਵਡਿਆਈ ਦੀ ਨਿੰਦਾ ਕਰਦੇ ਹਾਂ ਜੋ ਡੂੰਘੇ ਮੁਸਲਿਮ ਵਿਰੋਧੀ ਹਨ। ਉਨ੍ਹਾਂ ਅੱਗੇ ਕਿਹਾ ਅਸੀਂ ਐਡੀਸਨ ਅਤੇ ਵੁੱਡਬ੍ਰਿਜ ਟਾਊਨਸ਼ਿਪਾਂ ਦੇ ਮੇਅਰਾਂ, ਕ੍ਰਮਵਾਰ ਸੈਮ ਜੋਸ਼ੀ ਅਤੇ ਜੌਨ ਈ. ਮੈਕਕੋਰਮੈਕ ਅਤੇ ਪਰੇਡ ਵਿੱਚ ਸ਼ਾਮਲ ਹੋਏ ਨਿਊਜਰਸੀ ਅਸੈਂਬਲੀ ਦੇ ਸਪੀਕਰ ਕ੍ਰੇਗ ਕੌਫਲਿਨ ਨੂੰ ਵੀ ਨਫ਼ਰਤ ਦੀਆਂ ਇਨ੍ਹਾਂ ਕਾਰਵਾਈਆਂ ਦੀ ਨਿੰਦਾ ਕਰਨ ਅਤੇ ਹਿੰਦੂ ਰਾਸ਼ਟਰਵਾਦੀਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ।