ਵਿਸਾਖੀ ਨੂੰ ਮੁੱਖ ਰੱਖਦਿਆਂ PCA ਨੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ
Tuesday, Apr 04, 2023 - 01:54 AM (IST)

ਫਰਿਜ਼ਨੋ (ਕੈਲੇਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ.ਸੀ.ਏ.) ਦੇ ਸਮੂਹ ਮੈਂਬਰ ਜਿਹੜੇ ਕਿ ਸਮੇਂ ਸਮੇਂ ਸਿਰ ਉਸਾਰੂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਕਰਕੇ ਸਦਾ ਚਰਚਾ ’ਚ ਰਹਿੰਦੇ ਹਨ, ਵੱਲੋਂ ਵਿਸਾਖੀ ਦੇ ਮੌਕੇ ਨੂੰ ਮੁੱਖ ਰੱਖ ਕੇ ਖ਼ਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਥਾਨਕ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਸਜਾਏ ਗਏ। ਇਨ੍ਹਾਂ ਚਾਰ ਰੋਜ਼ਾ ਦੀਵਾਨਾਂ ’ਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾਂ ਉਚੇਚੇ ਤੌਰ ’ਤੇ ਹਾਜ਼ਰੀ ਭਰਨ ਲਈ ਪਹੁੰਚੇ ਹੋਏ ਸਨ ਅਤੇ ਇਨ੍ਹਾਂ ਦੀਵਾਨਾਂ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣਾ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ। ਇਨ੍ਹਾਂ ਦੀਵਾਨਾਂ ’ਚ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰਕੇ ਸ਼ਬਦ ਗੁਰੂ ਦੀ ਵਿਚਾਰ ਭਾਈ ਸਰਬਜੀਤ ਸਿੰਘ ਧੂੰਦਾ ਕੋਲੋਂ ਸਰਵਣ ਕੀਤੀ।
ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਨੋਟਿਸ
ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੀਵਾਨਾਂ ਵਿਚ ਹਾਜ਼ਰੀ ਭਰ ਕੇ ਸੰਗਤ ਨੂੰ ਵਹਿਮਾਂ ਭਰਮਾਂ ਦਾ ਪੱਲਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਦਾ ਮਤਲਬ ਹੈ ਸਾਰਾ ਜੀਵਨ ਸਿੱਖਿਆ ਲੈਣੀ ਪਰ ਅੱਜ ਅਸੀਂ ਸਿੱਖਣ ਦੀ ਬਜਾਏ ਆਪਣੇ ਵਿਚਾਰ ਦੂਸਰਿਆਂ ਉੱਪਰ ਥੋਪਣ ਨੂੰ ਸਿੱਖੀ ਸਮਝੀ ਬੈਠੇ ਹਾਂ।
ਉਨ੍ਹਾਂ ਰਾਂਚੀ ਵਿਚ ਸਿੰਧੀ ਪਰਿਵਾਰਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਹਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਇਹ ਸਭ ਕੁਝ ਕਰਕੇ ਤੁਸੀਂ ਸੰਗਤ ਨੂੰ ਸਿੱਖੀ ਤੋਂ ਦੂਰ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਸਾਨੂੰ ਦੇਹਧਾਰੀ ਪਾਖੰਡੀਆਂ ਦੇ ਪੈਰੀਂ ਡਿੱਗਣ ਦੀ ਜ਼ਰੂਰਤ ਨਹੀਂ, ਆਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਘਰਾਂ ’ਚ ਗੁਰੂ ਵਿਚਾਰ ਨੂੰ ਲੈ ਕੇ ਆਈਏ। ਉਨ੍ਹਾਂ ਬੀਬੀਆਂ ਨੂੰ ਬੋਲਦਿਆਂ ਕਿਹਾ ਕਿ ਬੀਬੀਆਂ ਨੂੰ ਆਪਣੇ ਹੱਕ ਆਪ ਲੈਣੇ ਪੈਣੇ ਨੇ। ਇਸ ਮੌਕੇ ਪੀ.ਸੀ.ਏ. ਮੈਂਬਰਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦੇ ਕੇ ਨਿਵਾਜਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਅਹਿਮ ਅਪੀਲ, ਜਾਣੋ ਕੀ ਕਿਹਾ
ਇਸ ਮੌਕੇ ਗੁਰੂਘਰ ਦੇ ਹਜ਼ੂਰੀ ਰਾਗੀ ਡਾਕਟਰ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਸੁਖਬੀਰ ਸਿੰਘ ਭੰਡਾਲ ਨੇ ਪੀ.ਸੀ.ਏ. ਸੰਸਥਾ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ। ਪੂਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਅਤੇ ਸਾਰੇ ਦੀਵਾਨਾਂ ਦੀ ਵੀਡੀਓ ਰਿਕਾਰਡਿੰਗ ਅਤੇ ਫੋਟੋਗ੍ਰਾਫੀ ਓਮਨੀ ਵੀਡੀਓ ਵਾਲੇ ਸਿਆਰਾ ਸਿੰਘ ਢੀਂਡਸਾ ਬੇਕਰਸਫੀਲਡ ਵਾਲਿਆਂ ਨੇ ਕੀਤੀ। ਪੀ.ਸੀ.ਏ. ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਲੰਗਰ ਦੀ ਸੇਵਾ ਭਾਈ ਅਮਨਦੀਪ ਸਿੰਘ ਅਤੇ ਸਾਥੀਆਂ ਨੇ ਤਨਦੇਹੀ ਨਾਲ ਕੀਤੀ।