ਹਲਦੀ ਦੀ ਸਫਲ ਪੈਦਾਵਾਰ ਅਤੇ ਸੁਚੱਜਾ ਮੰਡੀਕਰਨ

03/05/2024 6:31:37 PM

ਪਿਛਲੇ ਕੁਝ ਸਮੇਂ ਵਿਚ ਹਲਦੀ ਦੀ ਮੰਗ ’ਚ ਕਾਫੀ ਵਾਧਾ ਹੋਇਆ ਹੈ।ਹਲਦੀ ਦੀ ਮੰਗ ਵਧਣ ਪਿੱਛੇ ਇਕ ਅਹਿਮ ਕਾਰਨ ਬੀਮਾਰੀਆਂ ਦੇ ਇਲਾਜ਼ ਲਈ ਇਸ ਦੀ ਵਰਤੋਂ ਹੈ। ਹਲਦੀ ਜੋ ਕਿ ‘ਪੀਲਾ ਸੋਨਾ” ਜਾਂ ਫਿਰ  ਸੁਨਹਿਰੀ ਮਸਾਲੇ ਵਜੋਂ ਜਾਣਿਆ ਜਾਂਦਾ ਹੈ, ਭਾਰਤੀ ਖਿੱਤੇ ਵਿਚ ਪੈਦਾ ਹੋਣ ਵਾਲਾ ਇਕ ਅਹਿਮ ਖਾਧ ਪਦਾਰਥ ਹੈ। ਭਾਰਤ ਦੁਨੀਆ ਦੇ ਹਲਦੀ ਉਤਪਾਦਨ ਦਾ 80 ਪ੍ਰਤੀਸ਼ਤ ਪੈਦਾ ਕਰਦਾ ਹੈ। ਭਾਰਤ ਵਿਚ ਪੈਦਾ ਹੋਣ ਵਾਲੀ ਹਲਦੀ ਦਾ 80 ਫੀਸਦੀ ਇਥੇ ਹੀ ਖਪਤ ਹੋ ਜਾਂਦਾ ਹੈ। ਜਦਕਿ ਬਾਕੀ ਦਾ 20 ਪ੍ਰਤੀਸ਼ਤ ਨਿਰਯਾਤ ਕੀਤਾ ਜਾਂਦਾ ਹੈ, ਜੋ ਕਿ ਦੁਨੀਆਂ ਦੇ ਕੁੱਲ ਨਿਰਯਾਤ ਦਾ 67 ਪ੍ਰਤੀਸ਼ਤ ਬਣਦਾ ਹੈ। 

ਭਾਰਤ ਵਿਚ ਸਭ ਤੋਂ ਵੱਧ ਹਲਦੀ ਦੱਖਣੀ ਭਾਰਤ ਵਿਚ ਪੈਦਾ ਹੁੰਦੀ ਹੈ। ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ ਹਲਦੀ ਦੀ ਚੰਗੀ ਪੈਦਾਵਾਰ ਹੋ ਰਹੀ ਹੈ। ਪਰ ਦੱਖਣੀ ਭਾਰਤ ਦੇ ਮੁਕਾਬਲੇ ਪੰਜਾਬ ਵਿਚ ਹਲਦੀ ਦੀ ਪੈਦਾਵਾਰ ਨਾਮਾਤਰ ਹੈ। ਦੱਖਣੀ ਭਾਰਤ ਦੀਆਂ ਮੰਡੀਆਂ ਜਿਵੇਂ ਕਿ ਅਰੋਡ (ਤਾਮਿਲਨਾਡੂ) ਅਤੇ ਨਿਜ਼ਾਮਾਬਾਦ (ਤੇਲੰਗਾਨਾ) ਤੋਂ ਹਲਦੀ ਪੰਜਾਬ ਵਿਚ ਨਿਰਯਾਤ ਕੀਤੀ ਜਾਂਦੀ ਹੈ। ਪੰਜਾਬ ਵਿਚ ਹਲਦੀ ਦੀ ਗੁਣਵੱਤਾ ਤੈਅ ਕਰਨ ਵਾਲਾ ਕੁਰਕੁਮਿਨ ਔਸਤਨ 2.5 ਤੋਂ 3.5 ਪ੍ਰਤੀਸ਼ਤ ਤੱਕ ਪਾਇਆ ਜਾਂਦਾ ਹੈ। ਜੋ ਕਿ ਭਾਰਤੀ ਖਾਧ ਕਾਨੂੰਨ ਦੇ ਮੁਤਾਬਿਕ ਠੀਕ ਮੰਨਿਆ ਗਿਆ ਹੈ। ਮੁਨਾਫਾਖੋਰ ਆਪਣੀ ਆਮਦਨ ਨੂੰ ਵਧਾਉਣ ਲਈ ਖੁੱਲ੍ਹੇ ਵਿਚ ਮਿਲਣ ਵਾਲੀ ਹਲਦੀ ਵਿਚ ਕਈ ਵਾਰ ਮਿਲਾਵਟ ਕਰਦੇ ਹਨ । ਹਲਦੀ ਵਿਚ ਪੀਲਾ ਰੰਗ, ਚੌਲਾਂ ਦੇ ਟੋਟੇ ਅਤੇ ਬੇਹੀਆਂ ਰੋਟੀਆਂ ਦੀ ਮਿਲਾਵਟ ਆਮ ਹੈ। 

ਹਲਦੀ 10 ਮਹੀਨੇ ਵਿਚ ਤਿਆਰ ਹੋਣ ਵਾਲੀ ਫਸਲ ਹੈ। ਪੰਜਾਬ ਵਿਚ ਇਸ ਦੀ ਬਿਜਾਈ ਮਾਰਚ ਅਖ਼ੀਰ ਤੋਂ ਲੈ ਕੇ ਅਪ੍ਰੈਲ ਅਖ਼ੀਰ ਤੱਕ ਕੀਤੀ ਜਾਂਦੀ ਹੈ। ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 (ਕਰਕੁਮਿਨ >3%) ਕਿਸਮਾਂ ਕਾਫੀ ਪ੍ਰਚੱਲਿਤ ਹਨ। ਇਹ ਕਿਸਮਾਂ ਹਲਦੀ ਦੇ ਕਿਸਾਨਾਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਂਦੀਆਂ ਹਨ। ਛੇ ਤੋਂ  ਸੱਤ ਕੁਇੰਟਲ ਗੰਢੀਆਂ ਇਕ ਏਕੜ ਦੀ ਬਿਜਾਈ ਲਈ ਕਾਫੀ ਹਨ। ਚਾਲੀ ਤੋਂ ਪੰਜਾਹ ਰੁਪਏ ਕਿਲੋ ਦੇ ਹਿਸਾਬ ਨਾਲ ਗੰਢੀਆਂ ਦਾ ਬੀਜ ਮਿਲ ਜਾਂਦਾ ਹੈ। ਹਲਦੀ ਦੀ ਬਿਜਾਈ ਵੱਟਾਂ ਤੇ ਕੀਤੀ ਜਾਂਦੀ ਹੈ।  ਹਲਦੀ ਦੀ ਪੈਦਾਵਾਰ ਵਿਚ 40 ਤੋਂ 45 ਹਜ਼ਾਰ ਇਕ ਏਕੜ ਦਾ ਖਰਚਾ ਆ ਜਾਂਦਾ ਹੈ। ਸਭ ਤੋਂ ਵੱਧ ਖਰਚਾ ਬੀਜ ਵਿਚ ਜਾਂਦਾ ਹੈ ਅਤੇ ਇਸ ਤੋਂ ਬਾਅਦ ਕਾਮਿਆਂ ਦੀ ਦਿਹਾੜੀ ਆਦਿ ਤੇ ਆਉਣ ਵਾਲੇ ਖਰਚੇ ਸਭ ਤੋਂ ਵੱਧ ਹਨ। ਇਕ ਏਕੜ ਵਿਚ 110 ਤੋਂ 120 ਕੁਇੰਟਲ ਕੱਚੀ ਹਲਦੀ ਦੀ ਪੈਦਾਵਾਰ ਹੋ ਜਾਂਦੀ ਹੈ। ਕੱਚੀ ਹਲਦੀ ਪ੍ਰੋਸੈਸਿੰਗ ਤੋਂ ਬਾਅਦ 12 ਤੋਂ 18 ਪ੍ਰਤੀਸ਼ਤ ਸੁੱਕੇ ਹਲਦੀ ਪਾਊਡਰ ਵਿਚ ਤਬਦੀਲ ਹੋ ਜਾਂਦੀ ਹੈ। ਕਿਸਾਨ ਵੱਲੋਂ ਤਿਆਰ ਕੀਤਾ ਹਲਦੀ ਪਾਊਡਰ ਪੰਜਾਬ ਵਿਚ 200 ਤੋਂ 250/- ਰੁਪਏ ਕਿਲੋ ਨਾਲ ਵਿਕਦਾ ਹੈ ਅਤੇ ਜੇਕਰ ਹਲਦੀ ਦੀ ਪੈਦਾਵਾਰ ਕੁਦਰਤੀ ਤਰੀਕੇ ਨਾਲ ਕੀਤੀ ਗਈ ਹੋਵੇ ਤਾਂ 300 ਤੋਂ 350/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਲਦੀ ਪਾਊਡਰ ਵਿਕ ਜਾਂਦਾ ਹੈ।  


ਹਲਦੀ ਦੀ ਪੈਦਾਵਾਰ ਬਹੁਤ ਹੈ ਪਰ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਾਫੀ ਵਾਰ ਨਿਰਾਸ਼ਾ ਮਿਲਦੀ ਹੈ।  ਹਲਦੀ ਦੀ ਪੁਟਾਈ ਫ਼ਰਵਰੀ ਅਖ਼ੀਰ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਹਲਦੀ ਦੇ ਪੱਤੇ ਪੀਲੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੁਟਾਈ ਲਈ ਹਲਦੀ ਤਿਆਰ ਹੈ। ਪੁਟਾਈ ਕਰਕੇ ਗੰਢੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ। ਇਕ ਗੋਲਾ (ਬੱਲਬ) ਅਤੇ ਦੂਜਾ ਫਿੰਗਰਸ। ਗੁਣਵੱਤਾ ਦੇ ਪੱਧਰ  ’ਤੇ  ਫਿੰਗਰਸ ਵਿਚ ਕਰਕੁਮਿਨ ਜ਼ਿਆਦਾ ਪਾਇਆ ਜਾਂਦਾ ਹੈ। ਗੰਢੀਆਂ ਨੂੰ ਸਭ ਤੋਂ ਪਹਿਲਾਂ ਪਾਣੀ ਵਿਚ ਪਾ ਕੇ ਉਬਾਲਿਆ ਜਾਂਦਾ ਹੈ। ਉਬਾਲਣ ਤੋਂ ਬਾਅਦ ਗੰਢੀਆਂ ਨੂੰ ਧੁੱਪ ਵਿਚ ਸੁਕਾਇਆ ਜਾਂਦਾ ਹੈ। ਗੰਢੀਆਂ ਦੀ ਖੁਰਦਰੀ ਸਤ੍ਹਾ ਉਤਾਰਨ ਲਈ ਇਸ ਨੂੰ ਪਾਲਿਸ਼ ਮਸ਼ੀਨ ਵਿਚ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ। ਕਿਸਾਨ ਹਲਦੀ ਨੂੰ ਸਿੱਧਾ ਮੰਡੀ ਵਿਚ ਵੇਚਣ ਨਾਲੋਂ ਖੁਦ ਹਲਦੀ ਦਾ ਪਾਊਡਰ ਤਿਆਰ ਕਰਕੇ ਮੰਡੀ ਵਿਚ ਵੇਚਣ। ਇਸ ਲਈ ਪੈਕਿੰਗ ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥ ਬਣਾ ਕੇ ਵੇਚਣਾ ਲਾਭਕਾਰੀ ਹੈ। ਜਿਵੇਂ ਕਿ ਹਲਦੀ ਦੇ ਲੱਡੂ, ਕੱਚੀ ਹਲਦੀ ਦਾ ਆਚਾਰ, ਹਲਦੀ ਦੁੱਧ ਵਾਲਾ ਪਾਊਡਰ ਆਦਿ ਸ਼ਾਮਲ ਹਨ ਤੇ ਜਿਸ ਦੀ ਮੰਡੀ ਵਿਚ ਕਾਫੀ ਮੰਗ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਹਲਦੀ ਵਿਚ ਆਤਮ ਨਿਰਭਰ ਬਣਾਉਣ ਲਈ ਕਿਸਾਨ ਘਰ ਦੀ ਖਪਤ ਜਿੰਨੀ ਹਲਦੀ ਘਰ ਵਿਚ ਹੀ ਉਗਾਉਣ। ਪੰਜ ਜੀਆਂ ਦੇ ਪਰਿਵਾਰ ਲਈ ਅੱਧੇ ਮਰਲੇ ਵਿਚ ਤਿਆਰ ਕੀਤੀ ਗਈ ਹਲਦੀ ਕਾਫੀ ਹੈ। ਇਥੇ ਇਹ ਗੱਲ ਸਪੱਸ਼ਟ ਹੈ ਕਿ ਜੇਕਰ ਹਲਦੀ ਦਾ ਸਹੀ ਮੰਡੀਕਰਨ ਕੀਤਾ ਜਾਵੇ ਤਾਂ ਕਿਸਾਨ ਚੰਗੀ ਆਮਦਨੀ  ਹਾਸਲ ਕਰ ਸਕਦੇ ਹਨ ਅਤੇ ਖੇਤੀ ਵਿਭਿੰਨਤਾ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ।

 —ਗੁਰਲਾਲ ਸਿੰਘ ਅਤੇ ਸਰਵਪ੍ਰੀਆ ਸਿੰਘ (ਪੀ. ਏ.ਯੂ.)


Shivani Bassan

Content Editor

Related News