ਗਰਮੀ ਰੁੱਤ ਦੀਆਂ ਸਬਜ਼ੀਆਂ ''ਚ ਨਦੀਨਾਂ ਦੀ ਰੋਕਥਾਮ

03/12/2024 5:33:46 PM

ਕਈ ਵਾਰ ਸਬਜ਼ੀਆਂ ਦੀ ਕਾਸ਼ਤ ਕਰਦੇ ਸਮੇਂ ਖੇਤਾਂ ਵਿਚ ਆਉਣ ਵਾਲੀਆਂ ਮੁਸ਼ਕਲਾਂ ਵਿਚੋਂ ਨਦੀਨ ਕੀੜਿਆਂ ਅਤੇ ਬੀਮਾਰੀਆਂ ਨਾਲੋਂ ਵੀ ਜ਼ਿਆਦਾ ਨੁਕਸਾਨਦਾਇਕ ਸਿੱਧ  ਹੁੰਦੇ ਹਨ ਅਤੇ ਫ਼ਸਲ ਪੂਰੀ ਤਰਾਂ ਬਰਬਾਦ ਹੋ ਜਾਂਦੀ ਹੈ।  ਗਰਮ ਅਤੇ ਬਰਸਾਤ ਰੁੱਤ ਵਿਚ ਨਦੀਨਾਂ ਦੀ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਇਸ ਮੌਸਮ ਵਿਚ ਨਦੀਨਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ।  ਸਬਜ਼ੀਆਂ  ਦੀਆਂ ਫ਼ਸਲਾਂ ਦਾ ਕੱਦ ਘੱਟ ਹੋਣ ਕਰਕੇ, ਜ਼ਿਆਦਾ ਪਾਣੀ ਦੀ ਜ਼ਰੂਰਤ ਹੋਣ ਕਰਕੇ ਅਤੇ ਜ਼ਿਆਦਾ ਫਾਸਲੇ ਤੇ ਬੀਜੀਆਂ ਹੋਣ ਕਰਕੇ ਨਦੀਨਾਂ ਦੀ ਸਮੱਸਿਆ ਇਨ੍ਹਾਂ ਫਸਲਾਂ ਵਿਚ ਜ਼ਿਆਦਾ ਹੁੰਦੀ ਹੈ। ਸਬਜ਼ੀਆਂ ਦੀਆਂ ਫ਼ਸਲਾਂ ਵਿਚ ਨਦੀਨ ਤੱਤਾਂ ,ਪਾਣੀ,ਜਗ੍ਹਾ ਅਤੇ ਸੂਰਜੀ ਰੋਸ਼ਨੀ  ਲਈ ਮੁਕਾਬਲਾ ਕਰਦੇ ਹਨ, ਜਿਸ ਨਾਲ ਫ਼ਸਲ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਬਹੁਤ ਹੱਦ ਤੱਕ ਘਟ ਜਾਂਦਾ ਹੈ। ਨਦੀਨਾਂ ਦੀਆਂ ਕੁਝ ਕਿਸਮਾਂ ਫ਼ਸਲਾਂ ਤੇ ਕੀੜੇ ਅਤੇ ਬੀਮਾਰੀਆਂ ਨੂੰ ਵੀ ਸੱਦਾ ਦਿੰਦੀਆਂ ਹਨ। 

ਫ਼ਸਲ ਦੇ ਝਾੜ ਦਾ ਘਟਣਾ ਨਦੀਨ ਦੀ ਕਿਸਮ ,ਗਿਣਤੀ ਅਤੇ ਫ਼ਸਲ ਦੇ ਵਾਧੇ ਦੀ ਸਟੇਜ ’ਤੇ ਨਿਰਭਰ ਕਰਦਾ ਹੈ। ਜੇਕਰ ਨਦੀਨਾਂ ਨੂੰ ਸਬਜ਼ੀਆਂ ’ਚੋਂ ਸਹੀ ਸਮੇਂ ਤੇ ਖ਼ਤਮ ਨਾ ਕੀਤਾ ਜਾਵੇ ਤਾਂ ਝਾੜ ਬਹੁਤ ਘੱਟ ਹੋ ਜਾਂਦਾ ਹੈ। ਆਮ ਤੌਰ ਤੇ ਨਦੀਨਾਂ ਦਾ ਵਾਧਾ ਅਤੇ ਨੁਕਸਾਨ  ਮੱਧਮ ਗਤੀ ਨਾਲ ਵਧਣ ਵਾਲੀਆਂ ਫ਼ਸਲਾਂ ਵਿਚ ਜ਼ਿਆਦਾ ਹੁੰਦਾ ਹੈ । ਇਸ ਲਈ ਸਬਜ਼ੀਆਂ  ਦੀਆਂ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਇਨ੍ਹਾਂ  ਬੇਲੋੜੇ ਪੌਦਿਆਂ ਨੂੰ ਸਹੀ ਸਮੇਂ ’ਤੇ ਕੱਢਣਾ ਬਹੁਤ ਜ਼ਰੂਰੀ ਹੈ। 

ਮਸ਼ੀਨੀ ਢੰਗ
ਨਦੀਨਾਂ ਦੀ ਰੋਕਥਾਮ ਦੇ ਇਸ ਢੰਗ ਨਾਲ ਫ਼ਸਲਾਂ ਨੂੰ ਗੋਡੀ ਕਰਕੇ, ਟਰੈਕਟਰ ਨਾਲ ਚੱਲਣ ਵਾਲੇ ਸੰਦਾਂ ਨਾਲ ਜਾਂ ਵੱਖ-ਵੱਖ  ਤਰੀਕਿਆਂ ਦੇ  ਹੈਰੋ ਫੇਰ ਕੇ ਨਦੀਨ ਮੁਕਤ ਰੱਖਿਆ ਜਾਂਦਾ ਹੈ। ਜ਼ਿਆਦਾ ਫਾਸਲੇ ਤੇ ਬੀਜੀਆਂ ਜਾਣ ਵਾਲੀਆਂ ਕਈ ਸ਼ਬਜੀਆਂ ਜਿਵੇਂ ਕੱਦੂ ਜਾਤੀ ਦੀਆਂ ਸਬਜ਼ੀਆਂ, ਮਿਰਚ, ਬੈਂਗਣ  ਆਦਿ ਵਿਚ ਟਰੈਕਟਰ ਨਾਲ ਚੱਲਣ ਵਾਲੇ ਸੰਦਾਂ ਦੀ ਵਰਤੋਂ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ।

ਕਾਸ਼ਤ ਕਰਨ ਦੇ ਢੰਗ
ਕਾਸ਼ਤ ਕਰਨ ਦੇ ਨਵੇਂ ਢੰਗ ਅਪਣਾ ਕੇ ਵੀ ਸਬਜ਼ੀਆਂ ਵਿਚੋਂ ਕੁਝ ਹੱਦ ਤੱਕ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤਰੀਕੇ ਰਾਹੀਂ ਬਿਜਾਈ ਦਾ ਸਮਾਂ ਬਦਲ ਕੇ, ਤੇਜ਼ੀ ਨਾਲ ਵਧਣ-ਫੁੱਲਣ ਵਾਲੀਆਂਸ਼ਬਜੀਆਂ/ਕਿਸਮਾਂ ਦੀ ਬਿਜਾਈ ਕਰਕੇ, ਫਾਸਲਾ ਘੱਟ  ਅਤੇ ਬੂਟਿਆਂ ਦੀ ਗਿਣਤੀ ਵਧਾ ਕੇ ,ਫ਼ਸਲ ਵਿਚ ਖਾਦਾਂ ਦੀ ਸਹੀ ਜਗ੍ਹਾ ਅਤੇ ਸਮੇਂ ਤੇ ਵਰਤੋਂ ਕਰਕੇ, ਵੱਖ-ਵੱਖ ਢੰਗਾਂ ਦੀ ਮਲਚਿੰਗ ਅਤੇ ਸਿੰਚਾਈ ਦੇ  ਸੁਧਰੇ ਢੰਗ ( ਤੁਪਕਾ ਸਿੰਚਾਈ ਅਤੇ ਫੁਹਾਰਾ ਵਿਧੀ ) ਅਪਣਾ ਕੇ ਸ਼ਬਜੀਆਂ ਦੀਆਂ ਫਸਲਾਂ ਵਿਚਂੋ ਕੁਝ ਹੱਦ ਤੱਕ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ’ਤੇ ਗਰਮ ਰੁੱਤ ਦੀਆਂ ਸਬਜ਼ੀਆਂ ਜਿਵੇਂ  ਵੇਲਾਂ ਵਾਲੀਆਂ ਸਬਜ਼ੀਆਂ  ਦੀ ਕਾਸ਼ਤ ਸਿਰਫ਼ ਪਟੜੇ ਬਣਾ ਕੇ ਹੀ ਕਰਨੀ ਚਾਹੀਦੀ ਹੈ। ਸਬਜ਼ੀਆਂ ਵਿਚ ਲੋੜ ਤੋਂ ਜ਼ਿਆਦਾ ਪਾਣੀ ਦੇਣ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ ।

ਰਸਾਇਣਕ ਢੰਗ
ਨਦੀਨਾਂ ਦੀ ਰੋਕਥਾਮ ਦਾ ਇਹ ਢੰਗ ਅੱਜਕਲ ਕਿਸਾਨਾਂ ਵਿਚ ਕਾਫ਼ੀ ਰੁਝਾਨ ਵਿਚ  ਹੈ, ਕਿਉਂਕਿ ਇਸ ਤਰੀਕੇ ਨਾਲ ਜਲਦੀ, ਸਸਤੇ  ਅਤੇ ਅਸਰਦਾਰ ਤਰੀਕੇ ਨਾਲ ਨਦੀਨਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਨ੍ਹਾਂ ਰਸਾਇਣਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਨਦੀਨਾਂ ਵਿਚ ਦਵਾਈ ਪ੍ਰਤੀ ਸ਼ਹਿਣਸ਼ੀਲਤਾ, ਨਵੇਂ ਨਦੀਨਾਂ ਦਾ ਪੈਦਾ ਹੋਣਾ ,ਵਾਤਾਵਰਣ ਦਾ ਗੰਦਲਾਪਣ ਅਤੇ ਇਨ੍ਹਾਂ ਦਾ ਮਾਰੂ ਅਸਰ ਜ਼ਮੀਨ ,ਦਾਣਿਆਂ ’ਤੇ  ਜਾਂ ਫ਼ਸਲ ’ਤੇ ਆ ਸਕਦਾ ਹੈ । ਇਸ ਲਈ ਇਨ੍ਹਾਂ ਦੀ ਯੋਗ ਵਰਤੋਂ ਕਰਕੇ ਨਦੀਨਾਂ ’ਤੇ ਕਾਬੂ ਪਾਉਣਾ ਚਾਹੀਦਾ ਹੈ ।

ਸਾਇਣਕ ਦਵਾਈਆਂ ਰਾਹੀਂ ਨਦੀਨਾਂ ਦੀ ਰੋਕਥਾਮ
ਟਮਾਟਰ -ਫ਼ਸਲ  ਵਿਚ ਨਦੀਨਾਂ ਦੀ ਰੋਕਥਾਮ ਕਰਨ ਲਈ ਸੈਨਕੋਰ 70 ਡਬਲਿਉੂ. ਪੀ. 300 ਗ੍ਰਾਮ ਨੂੰ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੀ ਤਰ੍ਹਾਂ ਤਿਆਰ ਕੀਤੇ ਅਤੇ ਪੂਰੀ ਨਮੀ ਵਾਲੇ ਖੇਤ ਵਿਚ ਛਿੜਕਾਅ ਕਰੋ ।

ਮਿਰਚ ਅਤੇ ਸ਼ਿਮਲਾ ਮਿਰਚ
ਮਿਰਚਾਂ ਅਤੇ ਸ਼ਿਮਲਾ ਮਿਰਚਾਂ ਦੀਆਂ ਲਾਇਨਾਂ ਵਿਚਕਾਰ ਖਾਲੀ ਜਗ੍ਹਾ  ’ਤੇ ਨਦੀਨਾਂ ਦੀ ਸਮੱਸਿਆ ਬਹੁਤ ਆਉਂਦੀ ਹੈ । ਇਨ੍ਹਾਂ ਨਦੀਨਾਂ ਨੂੰ ਗਰੈਮਕਸੋਨ 24 ਐੱਸ. ਐੱਲ. (ਪੈਰਾਕੁਇਟ ਡਾਈਕਲੋਰਾਈਡ) 3-4 ਮਿਲੀ ਲਿਟਰ ਪ੍ਰਤੀ ਲਿਟਰ ਪਾਣੀ ਵਿਚ ਹੁੱਡ ਲਗਾ ਕੇ ਛਿੜਕਾਅ ਕਰਨ ਨਾਲ ਮੌਸਮੀ ਨਦੀਨਾਂ ’ਤੇ ਕਾਬੂ ਕੀਤਾ ਜਾ ਸਕਦਾ ਹੈ । ਲੋੜ ਪੈਣ ਤੇ 2-3 ਛਿੜਕਾਅ ਕੀਤੇ ਜਾ ਸਕਦੇ ਹਨ । ਇਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਨਦੀਨ ਨਾਸ਼ਕ ਦਵਾਈ ਪੌਦਿਆ ’ਤੇ ਨਾ ਪਵੇ ।

ਸਾਉਣੀ ਦਾ ਪਿਆਜ਼ 
 ਫ਼ਸਲ ਦੀ ਬਿਜਾਈ ਸਮੇਂ ਮੌਸਮ ਗਰਮ ਅਤੇ ਬਰਸਾਤੀ ਹੋਣ ਕਰਕੇ ਫਸਲ ਦੀ ਸ਼ੁਰੂਆਤੀ ਅਵਸਥਾ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਹੁੰਦੀ ਹੈ। ਇਸ ਲਈ ਨਦੀਨਾਂ ਦੀ ਰੋਕਥਾਮ ਲਈ ਗੋਲ 23.5 ਈ. ਸੀ.(ਆਕਸੀਕਲੋਰੋਫੈਨ) 380 ਮਿਲੀ ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਖੇਤ ਵਿਚ ਗੰਢੀਆਂ  ਜਾਂ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ  ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

—ਅਮਰਜੀਤ ਸਿੰਘ ਸੰਧੂ, ਨਵਨੀਤ ਕੌਰ ਅਤੇ ਪ੍ਰਿਤਪਾਲ ਸਿੰਘ


Shivani Bassan

Content Editor

Related News