ਝੋਨੇ ਦੀ ਸਿੱਧੀ ਬਿਜਾਈ ਦੇ ਸੂਬੇ ਲਈ ਵਰਦਾਨ ਬਣਨ ਦੀਆਂ ਉਮੀਦਾਂ ਕਰੰਡ ਹੋਣ ਲੱਗੀਆਂ !

06/25/2020 12:36:33 PM

ਬਿੰਦਰ ਸਿੰਘ ਖੁੱਡੀ ਕਲਾਂ

ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਤੋਂ ਉਪਜੇ ਹਾਲਾਤਾਂ ਨੇ ਖੇਤੀ ਖੇਤਰ ਲਈ ਪ੍ਰਵਾਸੀ ਮਜਦੂਰਾਂ ਦੀ ਘਾਟ ਪੈਦਾ ਕਰਕੇ ਰੱਖ ਦਿੱਤੀ ਹੈ। ਬੇਸ਼ੱਕ ਇਹ ਕਮੀ ਕਣਕ ਦੀ ਵਾਢੀ ਦੌਰਾਨ ਖਟਕੀ ਸੀ ਪਰ ਉਸ ਸਮੇਂ ਕੰਬਾਇਨਾਂ ਦੇ ਇਸਤੇਮਾਲ ਨੇ ਇਹ ਕਮੀ ਜ਼ਿਆਦਾ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਕਿਸਾਨਾਂ ਦਾ ਵਾਢੀ ਦਾ ਸੀਜ਼ਨ ਬਿਨਾਂ ਕਿਸੇ ਵੱਡੀ ਸਮੱਸਿਆ ਦੇ ਸਿਰੇ ਚੜ੍ਹ ਗਿਆ।

ਕਣਕ ਦੀ ਵਾਢੀ ਦਾ ਸੀਜ਼ਨ ਖਤਮ ਹੁੰਦੇ ਹੀ ਕਿਸਾਨਾਂ ਅਤੇ ਸਰਕਾਰ ਨੂੰ ਝੋਨੇ ਦੀ ਬਿਜਾਈ ਲਈ ਪਰਵਾਸੀ ਮਜਦੂਰਾਂ ਦੀ ਘਾਟ ਦਾ ਡਰ ਸਤਾਉਣ ਲੱਗਿਆ। ਕਣਕ ਦੀ ਵਾਢੀ ਦੇ ਮੁਕਾਬਲੇ ਝੋਨੇ ਦੀ ਲਵਾਈ ਦਾ ਕੰਮ ਪ੍ਰਵਾਸੀ ਮਜਦੂਰਾਂ 'ਤੇ ਜ਼ਿਆਦਾ ਨਿਰਭਰ ਕਰਦਾ ਹੈ। ਕਿਸਾਨ ਖੁਦ ਤਾਂ ਝੋਨਾ ਲਗਾਉਣ ਦੇ ਕੰਮ ਵਿੱਚ ਰੱਤੀ ਭਰ ਵੀ ਰੁਚੀ ਜਾਂ ਮੁਹਾਰਤ ਨਹੀਂ ਰੱਖਦੇ। ਹਾਂ ਕੁੱਝ ਕੁ ਸਥਾਨਕ ਮਜਦੂਰ ਜ਼ਰੂਰ ਝੋਨਾ ਦੀ ਲਵਾਈ ਦਾ ਕੰਮ ਕਰਦੇ ਹਨ ਪਰ ਸੂਬੇ 'ਚ ਝੋਨੇ ਹੇਠਲੇ ਰਕਬੇ ਦੇ ਹਿਸਾਬ ਨਾਲ ਸਥਾਨਕ ਮਜਦੂਰਾਂ ਦੀ ਗਿਣਤੀ ਪੂਰੀ ਨਹੀਂ। ਦੂਜਾ ਸਥਾਨਕ ਮਜਦੂਰ ਝੋਨੇ ਦੀ ਲਵਾਈ ਦੇ ਕੰਮ ਨੂੰ ਪ੍ਰਵਾਸੀ ਮਜਦੂਰਾਂ ਜਿੰਨ੍ਹੀ ਤੇਜ਼ੀ ਨਾਲ ਨਿਪਟਾਉਣ ਦੇ ਸਮਰੱਥ ਨਹੀਂ ਹਨ। ਸ਼ਾਇਦ ਸਥਾਨਕ ਮਜਦੂਰਾਂ ਵੱਲੋਂ ਪ੍ਰਵਾਸੀ ਮਜਦੂਰਾਂ ਨਾਲੋਂ ਜ਼ਿਆਦਾ ਮਜਦੂਰੀ ਵਸੂਲਣ ਪਿੱਛੇ ਇਹ ਵੀ ਇੱਕ ਤਰਕ ਹੈ।

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

ਮਜਦੂਰਾਂ ਦੀ ਘਾਟ ਦੇ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਵੱਡੇ ਪੱਧਰ 'ਤੇ ਰੁੱਖ ਕੀਤਾ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਵਰ੍ਹੇ ਪਹਿਲਾਂ ਹੋਂਦ 'ਚ ਲਿਆਂਦਾ ਸਿੱਧੀ ਬਿਜਾਈ ਦਾ ਤਜ਼ਰਬਾ ਅਮਲ 'ਚ ਲਿਆਉਣ ਦਾ ਕਾਰਜ਼ ਸ਼ੁਰੂ ਹੋਇਆ। ਸਰਕਾਰ ਵੱਲੋਂ ਵੀ ਸਿੱਧੀ ਬਿਜਾਈ ਦੇ ਤਰੀਕੇ ਨੂੰ ਉਤਸ਼ਾਹਿਤ ਕੀਤਾ ਗਿਆ। ਕਿਸਾਨਾਂ ਨੇ ਸਿੱਧੀ ਬਿਜਾਈ ਲਈ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੀ ਖਰੀਦੋ ਫਰੋਖਤ ਕਰਨੀ ਸ਼ੁਰੂ ਕੀਤੀ। ਯੂਨੀਵਰਸਿਟੀ ਵੱਲੋਂ ਵੀ ਮਸ਼ੀਨਾਂ ਖੇਤਾਂ 'ਚ ਭੇਜ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ੍ਹ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਤੀਜਣ ਕਿਸਾਨਾਂ ਨੇ ਵੱਡੀ ਪੱਧਰ 'ਤੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ।

ਸਿੱਧੀ ਬਿਜਾਈ ਦੇ ਸ਼ੁਰੂ ਹੋਏ ਅਮਲ 'ਤੇ ਖੇਤੀ ਵਿਗਿਆਨੀ ਅਤੇ ਵਾਤਾਵਰਨ ਪ੍ਰੇਮੀ ਬਹੁਤ ਖੁਸ਼ ਹੋਏ। ਇੱਥੋਂ ਤੱਕ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਸੂਬੇ ਲਈ ਵਰਦਾਨ ਤੱਕ ਕਿਹਾ ਗਿਆ। ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਅਨੁਸਾਰ ਸਿੱਧੀ ਬਿਜਾਈ ਰਾਹੀਂ ਝੋਨਾ ਪਾਣੀ ਦੀ ਫਸਲ ਨਹੀਂ ਰਹਿੰਦੀ। ਸਿੱਧੀ ਬਿਜਾਈ ਰਾਹੀਂ ਝੋਨੇ ਨੂੰ ਆਮ ਫਸਲਾਂ ਵਾਂਗ ਹੀ ਪਾਣੀ ਦੇਣਾ ਪੈਂਦਾ ਹੈ। ਕਿਹਾ ਗਿਆ ਕਿ ਇਸ ਨਾਲ ਜਿੱਥੇ ਜ਼ਿਮੀਨਦੋਜ਼ ਪਾਣੀ ਦਾ ਇਸਤੇਮਾਲ ਘਟੇਗਾ, ਉੱਥੇ ਹੀ ਬਿਨਾਂ ਕੱਦੂ ਕੀਤੇ ਬੀਜੇ ਝੋਨੇ ਵਾਲੀਆਂ ਜ਼ਮੀਨਾਂ ਮੀਂਹ ਦੇ ਪਾਣੀ ਨੂੰ ਸਮਾਉਣ ਦੇ ਸਮਰੱਥ ਵੀ ਹੋਣਗੀਆਂ। ਸਿੱਧੀ ਬਿਜਾਈ ਵਾਲੀ ਫਸਲ ਦੇ ਘੱਟ ਸਮੇਂ 'ਚ ਪੱਕਣ ਬਾਰੇ ਵੀ ਕਹਾ ਜਾ ਰਿਹਾ ਹੈ। ਅਜਿਹਾ ਹੋਣ ਨਾਲ ਸੂਬੇ ਦੇ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ੍ਹ ਵਧਣ ਦੇ ਰੁਝਾਨ ਨੂੰ ਲਾਜ਼ਮੀ ਤੌਰ 'ਤੇ ਠੱਲ੍ਹ ਪੈਣ ਦੀ ਆਸ ਪ੍ਰਗਟਾਈ ਗਈ।

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਪਰ ਕੁੱਝ ਕਿਸਾਨਾਂ ਵੱਲੋਂ ਬਾਹਰਲੇ ਸੂਬਿਆਂ ਵਿੱਚੋਂ ਖੁਦ ਪ੍ਰਵਾਸੀ ਮਜਦੂਰ ਲਿਆਉਣ ਦਾ ਸ਼ੁਰੂ ਹੋਇਆ ਸਿਲਸਿਲਾ ਅਜਿਹਾ ਵਿਆਪਕ ਹੋਇਆ ਕਿ ਖੇਤਾਂ 'ਚ ਪ੍ਰਵਾਸੀ ਮਜਦੂਰ ਹੀ ਮਜਦੂਰ ਨਜ਼ਰ ਆਉਣ ਲੱਗੇ। ਪ੍ਰਵਾਸੀ ਮਜਦੂਰਾਂ ਦੀ ਆਮਦ ਝੋਨੇ ਦੀ ਸਿੱਧੀ ਬਿਜਾਈ ਦੇ ਅਮਲ 'ਤੇ ਅਜਿਹੀ ਪੁੱਠੀ ਪਈ ਕਿ ਖੇਤੀ ਵਿਗਿਆਨੀ ਅਤੇ ਸਰਕਾਰਾਂ ਸਭ ਵੇਖਦੀਆਂ ਹੀ ਰਹਿ ਗਈਆਂ। ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਬਾਰੇ ਕਿਸਾਨ ਮਨਾਂ 'ਚ ਬੈਠੇ ਤੌਖਲੇ ਨੂੰ ਕਿਸਾਨਾਂ ਨੇ ਹਲ ਚਲਾ ਕੇ ਦੂਰ ਕਰ ਲਿਆ। ਸਿੱਧੀ ਬਿਜਾਈ ਵਾਲਾ ਝੋਨਾ ਵੇਖ ਕਿਸਾਨੀ ਮਨਾਂ ਨੂੰ ਧਰਵਾਸ ਨਹੀਂ ਸੀ ਮਿਲ ਰਿਹਾ। ਇਹ ਤਾਂ ਵੱਸ ਉਨ੍ਹਾਂ ਦੀ ਮਜਬੂਰੀ ਸੀ। ਪ੍ਰਵਾਸੀ ਮਜਦੂਰਾਂ ਦੀ ਆਮਦ ਵੇਖ ਕਿਸਾਨਾਂ ਨੇ ਮਜਬੂਰੀ ਵਾਲਾ ਡਰ ਦੂਰ ਕਰ ਮਾਰਿਆ। ਕਿਸਾਨਾਂ ਨੇ ਵੱਡੀ ਪੱਧਰ 'ਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਕੱਦੂ ਕਰਕੇ ਲਵਾਉਣਾ ਸ਼ੁਰੂ ਕਰ ਦਿੱਤਾ।

ਕਿਸਾਨਾਂ ਨੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਸਫਲਤਾ ਬਾਰੇ ਤੌਖਲ਼ੇ ਦੇ ਮੱਦੇਨਜ਼ਰ ਝੋਨੇ ਦੀ ਪਨੀਰੀ ਦਾ ਬਦਲਵਾਂ ਪ੍ਰਬੰਧ ਪਹਿਲਾਂ ਹੀ ਕਰ ਰੱਖਿਆ ਸੀ। ਝੋਨੇ ਦੀ ਸਿੱਧੀ ਬਿਜਾਈ ਹੇਠਲਾ ਬਹੁਤਾ ਰਕਬਾ ਮੀਂਹ ਦੀ ਮਾਰ ਹੇਠ ਆਉਣ ਕਾਰਨ ਕਰੰਡ ਹੋ ਗਿਆ ਦੱਸਿਆ ਜਾ ਰਿਹਾ ਹੈ। ਕਰੰਡ ਹੋਇਆ ਝੋਨਾ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਸੀ। ਨਵੀਂ ਸ਼ੁਰੂਆਤ ਹੋਣ ਕਾਰਨ ਕਿਸਾਨ ਝੋਨੇ ਦੀ ਕਰੰਡ ਦੂਰ ਕਰਨ ਵਿੱਚ ਪੂਰੀ ਤਰ੍ਹਾਂ ਸਫਲ਼ ਨਾ ਹੋ ਸਕੇ। ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੀ ਝੋਨੇ ਦੀ ਫਸਲ ਨੂੰ ਚੂਹਿਆਂ ਨੇ ਵੀ ਵੱਡੀ ਪੱਧਰ 'ਤੇ ਨੁਕਸਾਨ ਪਹੁੰਚਾਇਆ। ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਖੇਤਾਂ 'ਚ ਚੂਹਿਆਂ ਦੀ ਭਰਮਾਰ ਪਿਛਲੇ ਸਾਰੇ ਵਰ੍ਹਿਆਂ ਨਾਲੋਂ ਜ਼ਿਆਦਾ ਵੇਖੀ ਗਈ ਹੈ।

ਚੀਨ ਨਾਲੋਂ ਵਪਾਰਕ ਸਾਂਝ ਤੋੜਨਾ ਭਾਰਤ ਲਈ ਸਿੱਧ ਹੋਵੇਗਾ ਨੁਕਸਾਨ ਦੇਹ, ਸੁਣੋ ਇਹ ਵੀਡੀਓ

ਕਰੰਡ, ਚੂਹਿਆਂ ਦੀ ਭਰਮਾਰ ਅਤੇ ਸਫਲਤਾ ਬਾਬਤ ਬੇਯਕੀਨੀ ਦੇ ਚੱਲਦਿਆਂ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਕੱਦੂ ਵਿਧੀ ਰਾਹੀ ਝੋਨਾ ਲਗਾਉਣ ਦਾ ਅਮਲ ਸਿਖਰਾਂ 'ਤੇ ਹੈ। ਬੇਸ਼ੱਕ ਇਸ ਨਾਲ ਕਿਸਾਨਾਂ ਦਾ ਖਰਚਾ ਕਾਫੀ ਵਧਣ ਦਾ ਖਦਸ਼ਾ ਹੈ ਪਰ ਕਿਸਾਨ ਸਿੱਧੀ ਬਿਜਾਈ ਦੇ ਨਵੇਂ ਅਮਲ 'ਤੇ ਯਕੀਨ ਕਰਨ ਤੋਂ ਕੰਨ੍ਹੀ ਕਤਰਾ ਰਿਹੇ ਹਨ। ਕਿਸਾਨ ਕਿਸੇ ਵੀ ਕੀਮਤ 'ਤੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਕਿਸਾਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਦੌਰਾਨ ਮਹਿੰਗੇ ਭਾਅ ਦਾ ਇਸਤੇਮਾਲ ਕੀਤਾ ਬੀਜ ਅਤੇ ਹੋਰ ਖਰਚਿਆਂ ਦਾ ਹਿਸਾਬ ਲਗਾਇਆ ਜਾਵੇ ਤਾਂ ਇਸ ਵਾਰ ਝੋਨੇ ਦੀ ਫਸਲ 'ਤੇ ਆਉਣ ਵਾਲੇ ਖਰਚੇ 'ਚ ਲਾਜ਼ਮੀ ਤੌਰ 'ਤੇ ਇਜ਼ਾਫਾ ਹੋਵੇਗਾ। ਸੂਬੇ ਲਈ ਵਰਦਾਨ ਬਣਨ ਵਾਲੇ ਸਿੱਧੀ ਬਿਜਾਈ ਹੇਠਲੇ ਰਕਬੇ ਦਾ ਇਸ ਪ੍ਰਕਾਰ ਘਟਣਾ ਵਾਕਯ ਹੀ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਵਾਰ ਇਹ ਤਰੀਕਾ ਸਫਲ ਹੋ ਜਾਂਦਾ ਤਾਂ ਆਉਣ ਵਾਲੇ ਸਮਿਆਂ 'ਚ ਕਿਸਾਨਾਂ ਨੇ ਲਾਜ਼ਮੀ ਤੌਰ 'ਤੇ ਇਸ ਤਰੀਕੇ ਵੱਲ ਪਰਤ ਆਉਣਾ ਸੀ ਪਰ ਅਫਸੋਸ ਸਿੱਧੀ ਬਿਜਾਈ ਤਰੀਕੇ ਦੇ ਸੂਬੇ ਲਈ ਵਰਦਾਨ ਬਣਨ ਦੀਆਂ ਸਭ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ।

ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ


rajwinder kaur

Content Editor

Related News