ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

Wednesday, Jul 29, 2020 - 06:33 PM (IST)

ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਗੁਰਦਾਸਪੁਰ (ਹਰਮਨਪ੍ਰੀਤ) - ਪਿਛਲੇ ਕੁਝ ਦਹਾਕਿਆਂ ਤੋਂ ਸਾਡੀ ਜੀਵਨ ਸ਼ੈਲੀ ਵਿਚ ਆਏ ਬਦਲਾਅ ਨੇ ਜਿਥੇ ਪੰਜਾਬੀਆਂ ਦੇ ਰਹਿਣ-ਸਹਿਣ ਦੇ ਢੰਗ ਤਰੀਕੇ ਬਦਲ ਦਿੱਤੇ ਹਨ, ਉਸ ਦੇ ਨਾਲ ਹੀ ਖਾਣ-ਪੀਣ ਦੀਆਂ ਆਦਤਾਂ ਵਿਚ ਆਈ ਤਬਦੀਲੀ ਨੇ ਮਾਨਸਿਕ ਅਤੇ ਸਰੀਰਕ ਸਮਰੱਥਾ ਨੂੰ ਵੀ ਖੋਰਾ ਲਗਾਇਆ ਹੈ। ਸਿੱਤਮ ਦੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਵਿਚ ਬਹੁ ਗਿਣਤੀ ਲੋਕ ਸੰਤੁਲਤ ਭੋਜਨ ਦੇ ਅਸਲ ਮਾਇਨੇ ਹੀ ਭੁੱਲ ਚੁੱਕੇ ਹਨ। ਹੋਰ ਤੇ ਹੋਰ ਹੁਣ ਕਈ ਕਿਸਾਨ ਅਜਿਹੇ ਹਨ, ਜੋ ਆਪਣੇ ਘਰ ਵਿਚ ਵਰਤੀਆਂ ਜਾਣ ਵਾਲੀਆਂ ਦਾਲਾਂ ਤੇ ਸਬਜ਼ੀਆਂ ਬਾਜ਼ਾਰ ਵਿਚੋਂ ਖਰੀਦ ਕੇ ਲਿਆਉਂਦੇ ਹਨ।

ਬੇਹੱਦ ਪੌਸ਼ਟਿਕ ਹੁੰਦੀ ਸੀ ਰਵਾਇਤੀ ਖੁਰਾਕ
ਪੀਏਯੂ ਦੇ ਭੋਜਨ ਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਦੱਸਿਆ ਕਿ ਕਣਕ, ਮੱਕੀ, ਚੌਲ, ਬਾਜਰਾ, ਜੌਂ, ਜਵੀ ਆਦਿ ਆਦਿ ਦਾ ਸਾਡੀ ਖੁਰਾਕ ਵਿਚ ਵਿਸ਼ੇਸ਼ ਸਥਾਨ ਹੈ। ਕਣਕ ਦਾ ਦਲੀਆ, ਸੇਵੀਆਂ, ਕੜਾਹ, ਪੰਜੀਰੀ, ਪਿੰਨੀ, ਮੱਕੀ ਦੇ ਭੁੱਜੇ ਦਾਣੇ ਅਤੇ ਫੁੱਲੀਆਂ, ਚੌਲਾਂ ਦੀ ਖੀਰ, ਮਰੂੰਡਾ, ਫੁੱਲੇ, ਬਾਜਰੇ ਦੀ ਖਿਚੜੀ ਵਰਗੇ ਪਦਾਰਥ ਕਈ ਤਰ੍ਹਾਂ ਦੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸੇ ਤਰ੍ਹਾਂ ਮੂੰਗੀ, ਮੋਠ, ਮਾਹ, ਛੋਲੇ, ਮਸਰ ਰਲ਼ਾ-ਮਿਲਾਕੇ ਬਨਾਉਣ ਨਾਲ ਇਨ੍ਹਾਂ ਦੀ ਪੌਸ਼ਟਿਕਤਾ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ। ਸਰਦੀ ਦੀ ਰੁੱਤ ਵਿਚ ਮੂੰਗਫਲ਼ੀ, ਤਿਲ਼ ਅਤੇ ਅਲਸੀ ਦੀ ਪੰਜੀਰੀ, ਪਿੰਨੀ, ਗੱਚਕ, ਰਿਓੜੀਆਂ, ਲੱਡੂ ਆਦਿ ਦੀ ਵਰਤੋਂ ਸਰੀਰ ਲਈ ਕਾਫੀ ਲਾਹੇਵੰਦ ਸਿੱਧ ਹੁੰਦੀ ਹੈ।

ਸਰੀਰ ਦੀਆਂ ਅਹਿਮ ਲੋੜਾਂ ਪੂਰੀਆਂ ਕਰਦੇ ਹਨ ਰਵਾਇਤੀ ਪਦਾਰਥ
ਦਾਲ਼ਾਂ ਅਤੇ ਤੇਲਬੀਜ ਪੌਸ਼ਟਿਕ ਤੱਤ ਸਾਡੇ ਸਰੀਰ ਵਿਚ ਪ੍ਰੋਟੀਨ, ਰੇਸ਼ੇ, ਵਿਟਾਮਿਨ, ਖਣਿਜ, ਲੋਹਾ, ਕੈਲਸ਼ਿਅਮ ਅਤੇ ਜ਼ਿੰਕ ਦੀ ਲੋੜ ਨੂੰ ਪੂਰਾ ਕਰਦੇ ਹਨ। ਇਸ ਨਾਲ ਸਰੀਰ ਰਿਸ਼ਟ-ਪੁਸ਼ਟ ਅਤੇ ਨਿਰੋਗ ਰਹਿੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਗੋਡੇ/ਜੋੜਾਂ ਦੇ ਦਰਦ ਅਤੇ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਮੌਜੂਦਾ ਸਮੇਂ ਵਿਚ ਉਪਰੋਕਤ ਰਵਾਇਤੀ ਖੁਰਾਕੀ ਤੱਤਾਂ ਦੀ ਜਗਾ ਬਰੈਡ, ਨੂਡਲਸ, ਬਰਗਰ, ਪਿਜ਼ਾ, ਪਾਸਤਾ, ਬਿਸਕੁੱਟ, ਕੇਕ ਆਦਿ ਨੇ ਲੈ ਲਈ ਹੈ। ਮੈਦੇ ਤੋਂ ਬਣੇ ਇਹ ਪਦਾਰਥ ਨਾ ਸਿਰਫ ਮੋਟਾਪੇ ਦਾ ਕਾਰਣ ਬਣਦੇ ਹਨ ਸਗੋਂ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਸ਼ੂਗਰ ਅਤੇ ਦਿਲ ਨਾਲ ਸਬੰਧਤ ਰੋਗ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।

ਕੋਲਡ ਡਰਿੰਕਸ ਬਨਾਮ ਰਵਾਇਤੀ ਜੂਸ/ਪਾਣੀ
ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਤਿਆਰ ਕੀਤੇ ਜਾਂਦੇ ਕੋਲਡ ਡਰਿੰਕਸ ਮੋਟਾਪਾ, ਸ਼ੂਗਰ ਅਤੇ ਦੰਦਾਂ ਦੀ ਖਰਾਬੀ ਵਰਗੀਆਂ ਕਈ ਸਮੱਸਿਆਵਾਂ ਦਾ ਕਾਰਣ ਬਣਦੇ ਹਨ। ਮਾਹਰਾਂ ਅਨੁਸਾਰ ਇਨ੍ਹਾਂ ਪਦਾਰਥਾਂ ਵਿਚ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਹੁੰਦੀ ਅਤੇ ਖੰਡ ਦੀ ਮਾਤਰਾ ਤਕਰੀਬਨ 10-11 ਗ੍ਰਾਮ/100 ਮਿਲੀਲਿਟਰ ਹੁੰਦੀ ਹੈ। ਪਰ ਦੂਜੇ ਪਾਸੇ ਨਿੰਬੂ ਪਾਣੀ, ਸ਼ਕੰਜਵੀ, ਜਲ-ਜੀਰਾ, ਕਾਂਜੀ, ਅੰਬਾਂ ਦਾ ਪੰਨਾ, ਸ਼ਰਦਾਈ, ਗੁਲਾਬ ਦਾ ਸ਼ਰਬਤ, ਫਲ਼ਾਂ ਦਾ ਰਸ ਆਦਿ ਨਾ ਸਿਰਫ ਪਿਆਸ ਬੁਝਾਉਂਦੇ ਹਨ ਸਗੋਂ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਮੱਦਦ ਕਰਦੇ ਹਨ।

ਕੈਲਸ਼ੀਅਮ ਤੇ ਵਿਟਾਮਿਨ ‘ਡੀ’ ਦਾ ਸਰੋਤ ਹੈ ਲੱਸੀ
ਲੱਸੀ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦਾ ਵਧੀਆ ਸੋਮਾ ਹੋਣ ਦੇ ਨਾਲ-ਨਾਲ ਸਰੀਰ ਵਿਚ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿਚ ਮਦਦ ਕਰਦੀ ਹੈ। ਲੱਸੀ ਕੁਦਰਤੀ ਪ੍ਰੋ-ਬਾਇਓਟਿਕ ਹੋਣ ਕਰ ਕੇ ਪਾਚਨ ਕਿਰਿਆ ਲਈ ਸੂਖਮ ਜੀਵਾਣੂਆਂ ਦੀ ਮਾਤਰਾ ਸਹੀ ਰੱਖਣ ਵਿਚ ਸਹਾਈ ਹੁੰਦੀ ਹੈ।

ਖੰਡ ਅਤੇ ਗੁੜ ਵਿਚ ਫਰਕ
ਆਮ ਤੌਰ ’ਤੇ ਕਈ ਲੋਕ ਖੰਡ ਅਤੇ ਗੁੜ ਦੀ ਵਰਤੋਂ ਨੂੰ ਲੈ ਕੇ ਗੁੰਮਰਾਹ ਹੋ ਜਾਂਦੇ ਹਨ। ਡਾ. ਕਿਰਨ ਬੈਂਸ ਨੇ ਦੱਸਿਆ ਕਿ ਖੰਡ ਵਿਚ ਕੇਵਲ ਊਰਜਾ ਹੀ ਹੁੰਦੀ ਹੈ ਜਦੋਂ ਕਿ ਇਸ ਵਿਚ ਕੋਈ ਵਿਟਾਮਿਨ, ਖਣਿਜ ਜਾਂ ਹੋਰ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ। ਪਰ ਗੁੜ ਲੋਹੇ ਨਾਲ ਭਰਪੂਰ ਹੈ ਇਸ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਸਲੀਨਿਅਮ ਅਤੇ ਜ਼ਿੰਕ ਵਰਗੇ ਕਈ ਖਣਿਜ ਹੁੰਦੇ ਹਨ। ਗੁੜ ’ਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ, ਲਿਵਰ ਸਿਹਤਮੰਦ ਰਹਿੰਦਾ ਹੈ, ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਖੂਨ ਦੀ ਕਮੀ ਪੂਰੀ ਹੁੰਦੀ ਹੈ।

ਰੋਗ ਮੁਕਤ ਰੱਖਦੀ ਹੈ ਮੌਸਮੀ ਫਲਾਂ ਦੀ ਵਰਤੋਂ
ਮੌਸਮੀ ਫਲਾਂ ਦਾ ਸੇਵਨ ਕਰ ਕੇ ਵੀ ਲੋਕ ਕਈ ਰੋਗਾਂ ਤੋਂ ਮੁਕਤ ਰਹਿ ਸਕਦੇ ਹਨ। ਆਮ ਤੌਰ ’ਤੇ ਕਈ ਲੋਕ ਬਾਹਰਲੇ ਸੂਬਿਆਂ ਤੋਂ ਮੰਗਵਾਏ ਜਾਂਦੇ ਫਲ ਖਾਣੇ ਪਸੰਦ ਕਰਦੇ ਹਨ ਜਦੋਂ ਕਿ ਸਾਡੇ ਆਪਣੇ ਖੇਤਾਂ ਵਿਚ ਉਗਾਈਆਂ ਜਾਣ ਵਾਲੀਆਂ ਹਰੇ ਪੱਤੇਦਾਰ ਸਬਜ਼ੀਆਂ ਸਰੋਂ, ਪਾਲਕ, ਮੇਥੀ, ਗੋਭੀ, ਗਾਜਰ, ਸ਼ਲਗਮ, ਮਟਰ ਆਦਿ ਵਿਟਾਮਿਨ ਅਤੇ ਖਣਿਜ ਭਰਪੂਰ ਹੁੰਦੇ ਹਨ। ਪੰਜਾਬ ਵਿੱਚ ਪੈਦਾ ਹੋਣ ਵਾਲੇ ਫਲ ਅਮਰੂਦ, ਅੰਬ, ਆੜੂ, ਬੇਰ, ਨਿੰਬੂ, ਖਰਬੂਜਾ, ਤਰਬੂਜ, ਸ਼ਹਤੂਤ ਆਦਿ ਕਈ ਪੌਸ਼ਟਿਕ ਤੱਤ ਦਿੰਦੇ ਹਨ ਜਦੋਂ ਕਿ ਦੂਰ-ਦੁਰੇਡੇ ਤੋਂ ਆਉਣ ਵਾਲੇ ਫਲ ਸੇਬ, ਕਿਵੀ, ਡਰੈਗਨ ਫਰੂਟ ਆਦਿ ਸਥਾਨਕ ਫਲਾਂ ਨਾਲੋਂ ਵਧੇਰੇ ਮਹਿੰਗੇ ਅਤੇ ਘੱਟ ਪੌਸ਼ਟਿਕ ਹੁੰਦੇ ਹਨ।

ਕਿਸੇ ਕੀਮਤੀ ਸੌਗਾਤ ਤੋਂ ਘੱਟ ਨਹੀਂ ਸਰੋਂ ਦਾ ਤੇਲ
ਸਰੋਂ ਦੇ ਤੇਲ ਵਿਚ ਮੌਜੂਦ ਵੱਖ-ਵੱਖ ਫੈਟੀ ਐਸਿਡਾਂ ਦਾ ਸਹੀ ਅਨੁਪਾਤ ਦਿਲ ਨਾਲ ਸਬੰਧਤ ਬੀਮਾਰੀਆਂ ਉੱਚ-ਬੱਲਡ ਪ੍ਰੈਸ਼ਰ ਅਤੇ ਹਾਰਟ ਅਟੈਕ ਹੋਣ ਦੇ ਖਤਰੇ ਨੂੰ ਘੱਟ ਕਰਦਾ ਹੈ। ਦੇਸੀ ਘਿਓ ਅਤੇ ਮੱਖਣ ਵਿਚ ਮੌਜੂਦ ਵਿਟਾਮਿਨ-ਏ ਚਮੜੀ ਨੂੰ ਸੁਰੱਖਿਅਤ ਅਤੇ ਨਿਗਾਹ ਨੂੰ ਬਰਕਰਾਰ ਰੱਖਦਾ ਹੈ।

ਚੰਗੀ ਸਿਹਤ ਲਈ ਜ਼ਰੂਰੀ ਹੈ ਧੁੱਪ
ਕਰੀਬ 90 ਫੀਸਦੀ ਪੰਜਾਬੀਆਂ ਵਿਚ ਵਿਟਾਮਿਨ-ਡੀ ਦੀ ਘਾਟ ਆ ਰਹੀ ਹੈ। ਵਿਟਾਨਿਡ-ਡੀ ਦੀ ਪੂਰਤੀ ਲਈ, ਜਿਥੇ ਖਾਣ-ਪੀਣ ਦਾ ਧਿਆਨ ਚਾਹੀਦਾ ਹੈ, ਉਥੇ ਚਮੜੀ ਦਾ ਰੋਜ਼ਾਨਾ 10-15 ਮਿੰਟ ਸੂਰਜ ਦੀ ਰੋਸ਼ਨੀ ਲੈਣਾ ਜ਼ਰੂਰੀ ਹੈ।


author

rajwinder kaur

Content Editor

Related News