ਲੇਖ : ਭੁੱਖ ਦੇ ਸਤਾਏ ਲੋਕ ਪੰਜਾਬ ਛੱਡ ਹਰਿਆਣਾ ਤੇ ਰਾਜਸਥਾਨ ’ਚ ਜਾ ਕੇ ਨਰਮਾ ਚੁਗਣ ਲਈ ਮਜਬੂਰ

09/25/2020 2:20:06 PM

ਇਹ ਕੋਈ ਨਵੀਂ ਗੱਲ ਨਹੀਂ ਕਿ ਪਿਛਲੇ ਦੋ ਦਹਾਕਿਆਂ ਤੋਂ ਏਨੇ ਦਿਨੀਂ ਪੰਜਾਬ ਦੇ ਲੋਕ ਆਪਣੇ ਘਰ ਬਾਰ ਛੱਡ ਕੇ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ਵਿੱਚ ਨਰਮਾ ਚੁਘਣ ਜਾਣ ਲਈ ਮਜ਼ਬੂਰ ਹਨ। ਹਰ ਰੋਜ਼ ਪਿੰਡਾਂ ਵਿੱਚੋਂ ਭੁੱਖਮਾਰੀ ਅਤੇ ਲਾਚਾਰੀ ਦੇ ਸਤਾਏ ਲੋਕ ਆਪਣਾ ਸਾਰਾ ਪਸ਼ੂ ਡੰਗਰ ਅਤੇ ਬਾਲ ਬੱਚਾ ਲੈ ਕੇ ਭਰੀਆਂ ਅੱਖਾਂ ਨਾਲ ਆਪਣੇ ਘਰਾਂ ਨੂੰ ਜ਼ਿੰਦਰੇ ਮਾਰ ਕੇ ਕਾਫਲਿਆਂ ਦੇ ਕਾਫ਼ਲੇ ਬਣਾ ਪਿੰਡ ਛੱਡ ਕੇ ਜਾ ਰਹੇ ਹਨ। ਮਨ ਬੜ੍ਹਾ ਬੇ ਚੈਨ ਹੁੰਦਾ ਹੈ, ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਗੋਦੀਆਂ ਵਿੱਚ ਲੈ ਕੇ ਪਾਪੀ ਪੇਟ ਖਾਤਰ ਬੇਗਾਨੇ ਪਿੰਡ ਜਾਂਦਿਆਂ ਦੇਖਦਾ ਹਾਂ। ਇਹ ਪਾਪੀ ਪੇਟ ਤਾਂ ਆਥਣ ਉੱਗਣ ਖਾਣ ਲਈ ਮੰਗਦਾ ਹੈ, ਗੱਲਾਂ ਨਾਲ ਨਹੀਂ ਭਰਦਾ। ਵੈਸੇ ਤਾਂ ਇਹ ਨਰਮਾ ਚੁਗਣ ਜਾਣ ਦਾ ਸਿਲਸਿਲਾ ਪਿਛਲੇ ਵੀਹ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਰ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਦੇਸ਼ ਦੀ ਆਰਥਿਕਤਾ ਦਾ, ਜੋ ਮਦਵਾੜਾ ਹੋਇਆ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੱਸ ਦੀ ਗੱਲ ਨਹੀਂ ਰਹੀ। 

ਪੜ੍ਹੋ ਇਹ ਵੀ ਖਬਰ - ਲਖਨਊ ਦਾ ਕੌਫ਼ੀ ਘਰ ਰੱਖੇਗਾ ਤੁਹਾਡੀ ਸਿਹਤ ਦਾ ਖ਼ਿਆਲ, ਸ਼ਾਮਲ ਕੀਤਾ ਇਹ ‘ਕਾੜਾ’ 

ਡਾਵਾਡੋਲ ਆਰਥਿਕਤਾ
ਨੋਟਬੰਦੀ ਤੋਂ ਲੈ ਕੇ ਕੋਰੋਨਾ ਲਾਗ ਦੇ ਹੁਣ ਦੇ ਦੌਰ ਤੱਕ ਸਾਡੀ ਆਰਥਿਕਤਾ ਇੰਨੀ ਡਾਵਾਡੋਲ ਕਿਤੇ ਕਿਧਰੇ ਧਰਤੀ ਵਿੱਚ ਨਿੱਘਰ ਨੂੰ ਜਗ੍ਹਾ ਨਹੀਂ ਮਿਲਦੀ। ਇਨ੍ਹਾਂ ਸਰਕਾਰਾਂ ਨੇ ਤਾਂ ਪਹਿਲਾਂ ਹੀ ਸਾਡੇ ਬੱਚਿਆਂ ਨੂੰ 8ਵੀਂ ਤੱਕ ਫੇਲ੍ਹ ਨਾ ਕਰਕੇ ਜੜ੍ਹੀ ਤੇਲ ਦੇਣ ਦਾ ਕੰਮ ਕੀਤਾ ਹੈ, ਉੱਤੋਂ ਇਹ ਰਹਿੰਦੀ ਖੁੰਹਦੀ ਕਸਰ ਕਰੌਨਾ ਦਾ ਬਹਾਨਾ ਬਣਾ ਕੇ ਸਕੂਲ ਬੰਦ ਕਰ ਕੇ ਸਾਡੇ ਬੱਚਿਆਂ ਨੂੰ ਖੋਤੇ ਬਣਾ ਦਿੱਤਾ ਹੈ ।ਉੱਤੋਂ ਆਨਲਾਇਨ ਪੜ੍ਹਾਈ ਕਰਾਉਣ ਲਈ ਕਿਹਾ ਜਾ ਰਿਹਾ ਹੈ, ਜਿਹੜੇ ਘਰ ਇੱਕ ਡੰਗ ਦੀ ਰੋਟੀ ਦਾ ਫ਼ਿਕਰ ਬਣਿਆ ਰਹਿੰਦਾ ਹੈ, ਉਹ ਘਰ ਬੱਚਿਆਂ ਨੂੰ ਇੰਟਰਨੈਟ ਵਾਲੇ ਮੋਬਾਇਲ ਕਿੱਥੋਂ ਖਰੀਦ ਕੇ ਦੇਵੇ? ਇਹ ਗਰੀਬ ਬੰਦੇ ਨਾਲ ਧੰਕਾ ਨਹੀਂ ਤਾਂ ਹੋਰ ਕੀ ਹੈ? ਇਹ ਕੀ ਕਹਾਣੀ ਹੈ, ਕੋਈ ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਲੋਕ ਕਹਿੰਦੇ ਹਨ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਇਹ ਸੋਨਾ ਪੈਦਾ ਕਰਦੀ ਹੈ। ਫਿਰ ਇਨ੍ਹਾਂ ਲੋਕਾਂ ਵਿਚਾਰੇ ਸੋਨਾ ਪੈਦਾ ਕਰਨ ਵਾਲੀ ਪੰਜਾਬ ਦੀ ਧਰਤੀ ਛੱਡ ਕੇ ਬਾਹਰ ਕਿਉਂ ਜਾਣਾ ਪੈਂਦਾ ਹੈ। ਇਹ ਸਭ ਸਾਡੀ ਪੰਜਾਬ ਦੀ ਕਿਸਾਨੀ ਦਾ ਸਿੱਟਾ ਹੈ, ਜਿਹੜੀ ਸਿਰਫ ਇੱਕ ਫਸਲੀ ਚੱਕਰ ਕਣਕ ਅਤੇ ਝੋਨੇ ਨੂੰ ਤਰਜ਼ੀਹ ਦਿੰਦੀ ਆ ਰਹੀ ਹੈ।ਜਿਹੜੀ ਕਿ ਸਾਡੀ ਆਉਣ ਵਾਲੀਆਂ ਨਸਲਾਂ ਲਈ ਰੇਗਿਸਤਾਨ ਤਿਆਰ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)

ਆਉਣ ਵਾਲੇ ਵੀਹ ਸਾਲਾਂ ਦੌਰਾਨ
ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਵੀਹ ਸਾਲਾਂ ਦੌਰਾਨ ਪੀਣ ਵਾਲਾ ਪਾਣੀ ਪੰਜਾਬ ਵਿੱਚੋਂ ਬਿਲਕੁੱਲ ਖਤਮ ਹੋ ਜਾਵੇਗੇ। ਇਸਦਾ ਅਨੁਮਾਨ ਅਸੀਂ ਖੁਦ ਵੀ ਲਗਾ ਸਕਦੇ ਹਾਂ ਕਿ ਜਿੱਥੇ ਪਹਿਲਾਂ ਫਸਲਾਂ ਨੂੰ ਪਾਣੀ ਲਾਉਣ ਲਈ ਪਾਣੀ ਚੱਕਣ ਵਾਲੇ ਪੱਖੇ ਧਰਤੀ ਦੇ ਉੱਪਰ ਪਏ ਪਾਣੀ ਖਿੱਚ ਲੈਂਦੇ ਸਨ। ਉੱਥੇ ਹੁਣ ਤਿੰਨ ਤਿੰਨ ਸੌ ਫੁੱਟ 'ਤੇ ਜਾ ਕੇ ਪਾਣੀ ਪੂਰਾ ਨਹੀਂ ਮਿਲਦਾ। ਦੂਜਾ ਸਾਡਾ ਅਜੌਕਾ ਕਿਸਾਨ ਮਿਹਨਤ ਕਰਨ ਤੋਂ ਕੰਨੀ ਕਤਰਾਉਂਦਾ ਹੋਇਆ ਆਏ ਸਾਲ ਝੋਨਾ ਲੱਗਾ ਕੇ ਹੀ ਮੌਤ ਸਹੇੜ ਰਿਹਾ ਹੈ। ਜਿਸਦਾ ਹਰਜ਼ਾਨਾ ਸਭ ਸਭ ਪਸ਼ੂ ਪ੍ਰਾਣੀਆਂ ਨੂੰ ਭੁਗਤਣਾ ਪੈਣਾ ਹੈ। ਜੇਕਰ ਅਸੀਂ ਵੀਹ ਪੱਚੀ ਸਾਲ ਪਹਿਲਾਂ ਦੀ ਪੰਜਾਬ ਦੀ ਖੇਤੀ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇੱਥੇ ਨਰਮੇ, ਕਪਾਹਾਂ, ਕਮਾਦ, ਸੂਰਜਮੁੱਖੀ ਅਤੇ ਦਾਲਾਂ ਦੀ ਭਰਪੂਰ ਪੈਦਾ ਹੁੰਦੀ ਸੀ ਲੋਕ ਸੋਖੇ ਸਨ।

ਪੜ੍ਹੋ ਇਹ ਵੀ ਖਬਰ - ਜਾਣੋ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਖੇਤੀ ਜਿਣਸਾਂ ਦੇ ਵਧੇ ਭਾਅ ਤੇ ਕਿਸਾਨੀ ਦੇ ਖਰਚੇ (ਵੀਡੀਓ)

ਪਿਛਲੇ ਸਮੇਂ ’ਚ ਨਰਮਾ ਚੁਗਣ ਸਮੇਂ ਖੇਤ ਦਾ ਮਾਹੌਲ 
ਮੇਰੇ ਆਪਣੇ ਦੇਖਣ ਦੀ ਗੱਲ ਹੈ ਕਿ ਜਦੋਂ ਪੰਜਾਬ ਵਿੱਚ ਨਰਮੇ ਕਪਾਹ ਦੀ ਫਸਲ ਹੁੰਦੀ ਸੀ ਤਾਂ ਚੁਗਣ ਲਈ ਲੋਕ ਨਹੀਂ ਥਿਆਉਂਦੇ ਸਨ । ਫਿਰ ਨਰਮਾ ਚੁਗਣ ਸਮੇਂ ਖੇਤ ਵਿੱਚ ਜਿਹੜਾ ਮਾਹੌਲ ਹੁੰਦਾ ਸੀ ਤਾਂ ਉਸਨੂੰ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਸੀ ਕਿ ਮਿਹਨਤ ਕੀ ਹੁੰਦੀ ਹੈ ਅਤੇ ਇਸਦਾ ਮੁੱਲ ਕੀ ਹੁੰਦਾ ਹੈ। ਜਦੋਂ ਸਕੂਲੋਂ ਐਤਵਾਰ ਦੀ ਛੁੱਟੀ ਹੋਣੀ ਤਾਂ ਘਰਦੇ ਸਾਰੇ ਜੀਆਂ ਨੇ ਨਰਮਾ ਚੁਗਣ ਜਾਣਾ।  ਸਾਰੀ ਦਿਹਾੜੀ ਨਰਮਾ ਚੁਗਣਾ ਅਤੇ ਫਿਰ ਮਾਵਾਂ ਨੇ ਆਥਣ ਵੇਲੇ ਨਰਮਾ ਚੁਗਣ ਬਾਅਦ ਘਰ ਦੇ ਡੰਗਰਾਂ ਲਈ ਨਰਮੇ ਵਿੱਚੋਂ ਹੀ ਪੱਠਿਆਂ ਦੀ ਪੰਡ ਚਟਕੇ ਨਾਲ ਬਣਾ ਲੈਣੀ ਨਾਲੇ ਚਟਣੀ ਬਣਾਉਣ ਲਈ ਚਿੱਬੜ ਭਾਲ ਲੈਣੇ। ਜੇ ਕੋਈ ਨਰਮੇ ਦੀ ਸੁੱਕੀ ਛਿਟੀ ਹੋਣੀ, ਉਹ ਵੀ ਭੰਨ ਲੈਣੀ ਜਿਸ ਨਾਲ ਘਰ ਦਾ ਚੁੱਲ੍ਹਾ ਮਘਦਾ ਸੀ। ਜਦੋਂ ਆਥਣ ਵੇਲੇ ਨਰਮਾ ਜੋਖਣ ਦਾ ਸਮਾਂ ਆਉਣਾ ਤਾਂ ਆਪਣੇ ਨਰਮੇ ਵਾਲੀ ਪੱਲੀ ਕੋਲ ਬੜੇ ਫੱਬ ਕੇ ਬਹਿ ਜਾਣਾ ਕਿ ਸਾਡਾ ਨਰਮਾ ਚਾਚੀ ਜਾਂ ਤਾਈ ਕੇ ਨਰਮੇ ਤੋਂ ਵੱਧ ਹੋਉਗਾ। ਕਦੇ ਸ਼ਬਜੀ ਭਾਜੀ ਦਾ ਬਾਹਲਾ ਫਿਕਰ ਨਹੀਂ ਹੁੰਦਾ ਸੀ, ਚਿੱਬੜਾਂ ਦੀ ਚਟਣੀ ਬੜੇ ਚਾਅ ਨਾਲ ਖਾ ਲੈਂਦੇ ਸਾਂ। ਗ਼ਰੀਬ ਪਰਿਵਾਰਾਂ ਨੂੰ ਤੰਗੀ ਤੁਰਸ਼ੀ ਦਾ ਕਦੇ ਚਿੱਤ ਚੇਤਾ ਵੀ ਨਹੀਂ ਆਇਆ ਸੀ, ਕਿਉਂਕਿ ਲੋਕ ਸੌਖੇ ਸਨ। ਫਿਰ ਜੇ ਨਰਮੇ ਦਾ ਸੀਜਨ ਮੁੱਕਣਾਂ ਤਾਂ ਸੂਰਜਮੁੱਖੀ, ਗੁਵਾਰਾ ਤੋੜਨ ਦਾ ਸੀਜ਼ਨ ਚੱਲ ਪੈਣਾ ਜਾਂ ਕਮਾਦ ਦੇ ਆਗ ਛਿੱਲਣ ਚਲੇ ਜਾਣਾ ਜਿੱਥੋ ਮਿਲਣਾ ਵਾਲਾ ਧੇਲਾ ਧੇਲਾ ਜੋੜੀ ਜਾਣਾ। 

ਪੜ੍ਹੋ ਇਹ ਵੀ ਖਬਰ - ਭਾਰਤ ਦੀ ਡਿਗਦੀ ਜਾ ਰਹੀ ਆਰਥਿਕ ਹਾਲਤ ਬਣੀ ਚਿੰਤਾ ਦਾ ਵਿਸ਼ਾ, ਜਾਣੋ ਕਿਉਂ (ਵੀਡੀਓ)

ਪੁਰਾਣਾ ਸਮਾਂ ਯਾਦ ਕਰਕੇ ਪੈਰਾਂ ਹੇਠੋਂ ਜ਼ਮੀਨ ਖਿੱਸਕਣਾ 
ਨਰਮੇ ਵਾਲਾ ਪੁਰਾਣਾ ਸਮਾਂ ਯਾਦ ਕਰਕੇ ਪੈਰਾਂ ਹੇਠੋਂ ਜਾਣੋਂ ਜ਼ਮੀਨ ਹੀ ਖਿੱਸਕ ਜਾਂਦੀ ਹੈ ਕਿ ਪਤਾ ਨਹੀਂ ਉਹ ਲੋਕ ਉਹ ਖੇਤ ਕਿੱਧਰ ਗਏ ! ਫਿਰ ਸੋਚਦਾ ਹਾਂ ਖੇਤ ਤਾਂ ਉਹੀ ਨੇ ਪਰ ਹੁਣ ਲੋਕਾਂ ਲਈ ਮਿੱਠੇ ਗੰਨੇ ਪੈਦਾ ਨਹੀਂ ਕਰਦੇ ਬਲਕਿ ਜ਼ਹਿਰਾਂ ਬਣ ਕੇ ਆਏ ਦਿਨ ਲੋਕਾਂ ਦੀ ਨਸ ਨਸ ਵਿੱਚ ਰਚ ਰਹੇ ਹਨ ਅਤੇ ਇਹ ਜ਼ਹਿਰਾਂ ਉਗਾਉਣ ਵਿੱਚ ਸਾਡੇ ਕਿਸਾਨ ਭਰਾ ਵੀ ਕੋਈ ਕਸਰ ਨਹੀਂ ਛੱਡਦੇ ਨਾਲੇ ਪਤਾ ਹੈ ਕਿ ਉਹੀ ਕਣਕ ਚੌਲ ਅਸੀਂ ਖਾਣੇ ਹਨ। ਗੱਲ ਫੇਰ ਉੱਥੇ ਆ ਕੇ ਖੜ੍ਹੀ ਹੋ ਜਾਂਦੀ ਹੈ ਕਿ ਸਾਡੇ ਗਰੀਬ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਬੀਮਾਰ ਛੁਮਾਰ ਜੀਆ ਨੂੰ ਨਾਲ ਲਿਜਾ ਕੇ ਬਾਹਰ ਨਰਮਾ ਚੁਗਣ ਜਾਣਾ ਪੈ ਰਿਹਾ ਹੈ । ਇਸ ਤੋਂ ਵੱਡੀ ਤਰਾਸਦੀ ਵਾਲੀ ਗੱਲ ਸਾਡੀ ਲਈ ਹੋਰ ਕੀ ਹੋ ਸਕਦੀ ਹੈ । 

ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 25 : ਹੁਣ ਤਾਂ ਪਿੰਡਾਂ ’ਚ ਭਾਈਚਾਰੇ ਦੀ ਥਾਵੇਂ ਪਾਰਟੀਆਂ ਤੇ ਸਿਆਸਤ ਕਰਨ ਵਾਲੇ ਬੰਦੇ ਰਹਿੰਦੇ ਹਨ..!

ਹਰਿਆਣਾ ਅਤੇ ਰਾਜਸਥਾਨ ਪਛੜੇ ਹੋਏ ਇਲਾਕੇ
ਅਸੀਂ ਤੇ ਆਮ ਹੀ ਕਹਿੰਦੇ ਹਾਂ ਕਿ ਹਰਿਆਣਾ ਅਤੇ ਰਾਜਸਥਾਨ ਸਾਡੇ ਨਾਲੋਂ ਪਛੜੇ ਹੋਏ ਇਲਾਕੇ ਹਨ। ਮੈਂ ਕਹਿੰਦਾ ਹਾਂ ਕਿ ਉਹ ਇਲਾਕੇ ਪਛੜੇ ਕਿਵੇਂ ਹੋ ਸਕਦੇ ਹਨ, ਜਿਹੜੇ ਆਪਣੇ ਪਿੰਡ ਦੇ ਲੋਕਾਂ ਲਈ ਰਿਜ਼ਕ ਦੇ ਵਸੀਲੇ ਪੈਦਾ ਕਰਦੇ ਹਨ। ਕਦੇ ਦੇਖਿਆ ਹੈ, ਕਿਸੇ ਹਰਿਆਣੇ ਰਾਜਸਥਾਨ ਵਾਲਿਆਂ ਲੋਕਾਂ ਨੂੰ ਪੰਜਾਬ ਵਿੱਚ ਆ ਕੇ ਕਣਕ ਵੱਢਣ ਆਉਂਦਿਆਂ ਜਾਂ ਝੋਨੇ ਲਾਉਂਦਿਆਂ? ਮੈਨੂੰ ਪੰਜਾਬੀ ਦਾ ਇੱਕ ਗੀਤ ਯਾਦ ਆਉਂਦਾ ਹੈ, ਜਿਸ ਵਿੱਚ ਇੱਕ ਗਾਇਕ ਨੇ ਗਾਇਆ ਸੀ ਕਿ 'ਘਰ ਛੱਡਣੇ ਸੋਖੇ ਨਹੀਂ ਜਿੰਨ੍ਹਾਂ ਨੂੰ ਛੱਡਣ ਵੇਲੇ ਰੋਏ , ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸ਼ੀ ਹੋਏ। ਵਾਕਾ ਹੀ ਕਿਸੇ ਦਾ ਨੂੰ ਆਪਣਾ ਘਰ ਛੱਡਣ ਲਈ ਇੱਕ ਮਿੰਟ ਲਈ ਵੀ ਦਿਲ ਨਹੀਂ ਕਰਦਾ ਪਰ ਸਮੇ ਹੱਥੋਂ ਮਜ਼ਬੂਰ ਲੋਕਾਂ ਨੂੰ ਆਪਣੇ ਘਰ ਅਕਸਰ ਛੱਡਣੇ ਪੈ ਜਾਂਦੇ ਹਨ। ਕੋਈ ਵਿਦੇਸ਼ ਚਲਾ ਜਾਂਦਾ ਹੈ ਕੋਈ ਨਰਮਾ ਫੁੱਟੀ ਚੁਗਣ ਰਾਜਸਥਾਨ, ਹਰਿਆਣੇ ਚਲਾ ਜਾਂਦਾ ਹੈ। ਫਿਰ ਉਨ੍ਹਾਂ ਦੇ ਦੁਸਹਿਰੇ, ਦੀਵਾਲੀਆਂ ਉੱਥੇ ਲੰਘਦੇ ਹਨ, ਟੱਪਰੀਵਾਸੀ ਲੋਕਾਂ ਵਾਂਗ।

ਘਰ ਪਿੱਛੋਂ ਕੋਈ ਦੀਵਾ ਬੱਤੀ ਕਰਨ ਵਾਲਾ ਵੀ ਨਹੀਂ ਹੁੰਦਾ, ਘਰਾਂ ਦੀਆਂ ਛੱਤਾਂ 'ਤੇ ਘਾਹ ਉੱਘ ਆਉਂਦਾ ਹੈ ਬੂਹੇ ਉਦਾਸ ਉਦਾਸ ਲੱਗਦੇ ਹਨ। ਜਿੰਦਰਿਆਂ ਨੂੰ ਜੰਗ ਲੱਗ ਜਾਂਦੀ ਹੈ। ਕਈ ਮੰਦਭਾਗਿਆਂ ਦੇ ਘਰ ਦੇ ਪਰਿਵਾਰ ਦਾ ਕੋਈ ਜੀ ਵੀ ਚੜ੍ਹਾਈ ਕਰ ਜਾਂਦਾ ਹੈ। ਫਿਰ ਨਾ ਓਸ ਪਾਸੇ ਦੇ ਨਾ ਓਸ ਪਾਸੇ ਦੇ ਪਹਿਲਾਂ ਫੜ੍ਹ ਕੇ ਖਾਧੇ ਪੈਸੇ ਤਾਂ ਅਕਸਰ ਨਰਮਾ ਚੁਗ ਕੇ ਹੀ ਉਤਾਰਨੇ ਹੁੰਦੇ ਹਨ। ਜਿੱਥੇ ਅਮੀਰ ਘਰਾਂ ਦੇ ਜਵਾਕ ਅੱਠ ਅੱਠ ਵੱਜਦੇ ਤੱਕ ਪਏ ਹਾਕ ਨਹੀਂ ਦਿੰਦੇ ਉੱਥੇ ਗਰੀਬਾਂ ਦੇ ਬੱਚੇ ਪੰਜ ਵਜੇ ਨਰਮੇ ਦੇ ਖੇਤ ਵਿੱਚ ਤ੍ਰੇਲ ਨਾਲ ਭਿੱਜੀਆਂ ਚੱਪਲਾਂ ਠੱਪ-ਠੱਪ ਵਿੱਚ ਠੁਰ ਠੁਕ ਕਰਦੇ ਨਰਮਾ ਚੁਘ ਰਹੇ ਹੁੰਦੇ ਹਨ। ਕੀ ਇਹ ਗ਼ਰੀਬ ਲੋਕ ਆਪਣੇ ਲੇਖ ਏਡੇ ਹੀ ਮਾੜੇ ਲਿਖਵਾ ਕੇ ਲਿਆਉਂਦੇ ਹਨ? ਜਾਂ ਇਨ੍ਹਾਂ ਨੂੰ ਇਨ੍ਹਾਂ ਦੇ ਬਣਦੇ ਹੱਕ ਤੋਂ ਵਿਰਵੇ ਰੱਖਿਆ ਜਾਂਦਾ ਹੈ। ਇਹ ਸਾਡੇ ਸਾਰਿਆਂ ਦੇ ਸੋਚਣ ਵਾਲੀ ਗੱਲ ਹੈ।

ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਸਾਡੇ ਨੇਤਾ ਹਰ ਪੰਜ ਸਾਲ ਬਾਦ ਇਨ੍ਹਾਂ ਗਰੀਬ ਲੋਕਾਂ ਦੀ ਸਰਦਲਾਂ ਤੇ ਬਹੁਤ ਨਿਮਾਣੇ ਅਤੇ ਨਿਤਾਣੇ ਬਣਕੇ ਦਸਤਕ ਦਿੰਦੇ ਹਨ। ਇਨ੍ਹਾਂ ਗਰੀਬ ਲੋਕਾਂ ਨੂੰ ਏਧਰ ਉੱਰਲੀਆਂ ਮਾਰ ਲਾਰਿਆਂ ਦੀਆਂ ਟੋਕਰੀਆਂ ਭਰ ਭਰ ਦਿੰਦੇ ਹਨ, ਜਿੰਨ੍ਹਾਂ ਚੁੰਘਲ ਵਿੱਚ ਫਸ ਕੇ ਇਹ ਵੋਟਾਂ ਪਾ ਦਿੰਦੇ ਹਨ ਫੇਰ ਸਰਕਾਰ ਬਣਾਉਣ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਕਿਸੇ ਨੇ ਕਦੇ ਕੋਈ ਸਾਰ ਨਹੀਂ ਲਈ। ਕੀ ਹੁਣ ਇਨ੍ਹਾਂ ਲੀਡਰਾਂ ਨੂੰ ਇਹ ਲੋਕ ਆਪਣਾ ਸਾਰਾ ਬਾਲ ਬੱਚਾ ਗੱਡੀਆਂ ਉੱਤੇ ਚੜ੍ਹਾ ਕੇ ਦੂਜੇ ਸੂਬਿਆਂ ਵਿੱਚ ਜਾ ਕੇ ਨਰਮਾ ਚੁਗਣ ਜਾਂਦੇ ਨਹੀਂ ਦਿਸਦੇ? ਦਿਸਦਾ ਸਭ ਕੁਝ ਹੈ ਪਰ ਇਹ ਬਗਲੇ ਵਰਗੇ ਭਗਤ ਹਨ ਜਿਹੜੇ ਅੱਖਾਂ ਮੀਚ ਕੇ ਆਪਣੇ ਸ਼ਿਕਾਰ ਉੱਤੇ ਨਜ਼ਰ ਰੱਖਦੇ ਹਨ। ਇਹ ਸੱਪ ਵੋਟਾਂ ਵੇਲੇ ਆਪਣੀਆਂ ਬਿੱਲਾ ਵਿਚੋਂ ਬਿਨ੍ਹਾਂ ਬੀਨ ਵਜਾਇਆ ਵੇਖੀ ਨਿਕਲਦੇ।

ਇਨ੍ਹਾਂ ਲੋਕਾਂ ਤੋਂ ਇੱਕ ਤਰੀਕੇ ਨਾਲ ਹੀ ਬਚ ਕੇ ਰਿਹਾ ਜਾ ਸਕਦਾ ਹੈ ਜੇਕਰ ਕਿਸਾਨ ਅਤੇ ਮਜ਼ਦੂਰ ਲੋਕ ਇੱਕ ਦੂਜੇ ਦੀਆਂ ਬਾਂਹਾਂ ਬਣ ਜਾਣ ਕਿਸਾਨ ਬਹੁ ਫਸਲੀ ਚੱਕਰ ਅਪਣਾ ਕੇ ਇਨ੍ਹਾਂ ਮਜ਼ਦੂਰ ਲੋਕਾਂ ਨੂੰ ਦੂਜੇ ਪਿੰਡਾਂ ਵਿੱਚ ਜਾ ਕੇ ਨਰਮਾ ਚੁਗਣ ਤੋਂ ਰੋਕ ਸਕਦੇ ਹਨ ਕਿਉਂਕਿ ਏਕਤਾ ਵਿੱਚ ਬਲ ਹੁੰਦਾ ਹੈ। ਜਿੱਥੇ ਏਕਾ ਹੋਵੇ ਉੱਥੇ ਵੱਡੇ-ਵੱਡੇ ਹੰਕਾਰੀਆਂ ਨੂੰ ਝੁਕਣਾ ਪੈ ਜਾਂਦਾ ਹੈ। ਵਰਤਮਾਨ ਸਮੇ ਵਿੱਚ ਇਸ ਏਕੇ ਦੀ ਬਹੁਤ ਜ਼ਰੂਰਤ ਹੈ। ਕਾਸ਼ ਕੁਦਰਤ ਦਾ ਕੁਝ ਇਸ ਤਰ੍ਹਾਂ ਦਾ ਫੇਰ ਬਦਲ ਹੋਵੇ ਕਿ ਉਹ ਨਰਮੇ, ਕਪਾਹਾਂ ਅਤੇ ਇਨ੍ਹਾਂ ਨੂੰ ਚੁਗਣ ਵਾਲਿਆਂ ਨੂੰ ਆਪਣੇ ਘਰ ਬਾਰ ਛੱਡ ਕੇ ਬਾਹਰ ਨਾ ਜਾਣਾ ਪਵੇ।

ਸਤਨਾਮ ਸਮਾਲਸਰੀਆ
ਸੰਪਰਕ :97108 60004 


rajwinder kaur

Content Editor

Related News