ਕਿਸਾਨਾਂ ਨੂੰ ਜਹਿਰਾਂ ਦੀ ਖਰੀਦ ਹਮੇਸ਼ਾ ਬਿੱਲ ਪ੍ਰਾਪਤ ਕਰਦੇ ਹੋਏ ਹੀ ਕਰਨ ਦੀ ਅਪੀਲ
Wednesday, Jun 17, 2020 - 06:08 PM (IST)

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਦਵਾਈਆਂ ਦੀ ਖਰੀਦ ਹਮੇਸ਼ਾਂ ਰਜਿਸਟਰਡ ਡੀਲਰਾਂ ਜਾਂ ਸੰਸਥਵਾਂ ਪਾਸੋਂ ਹੀ ਕਰਨ ਦੀ ਸਲਾਹ ਦਿੱਤੀ ਗਈ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਕਈ ਲੋਕ ਕਿਸਾਨਾਂ ਨੂੰ ਵਰਗਲਾ ਕੇ ਅਤੇ ਸਸਤੀ ਦਵਾਈ ਦਾ ਝਾਂਸਾ ਦੇ ਕੇ ਨਕਲੀ ਦਵਾਈਆਂ ਦੀ ਵਿਕਰੀ ਕਰ ਸਕਦੇ ਹਨ। ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਜਿਹੇ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਹਮੇਸ਼ਾ ਦਵਾਈ ਦੀ ਖਰੀਦ ਵੇਲੇ ਪੱਕਾ ਬਿੱਲ ਜਰੂਰ ਪ੍ਰਾਪਤ ਕਰਨ ਬਾਰੇ ਕਿਹਾ ਹੈ। ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਨਸਰ, ਜੋ ਕਿ ਪਿੰਡਾਂ ਆਦਿ ਵਿੱਚ ਦਵਾਈ ਦੀ ਵਿਕਰੀ ਕਰਦੇ ਨਜ਼ਰ ਆਉਣ ਤਾਂ ਤੁਰੰਤ ਆਪਣੇ ਹਲਕੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਧਿਆਨ ਵਿੱਚ ਲਿਆਉਣ। ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਜਹਿਰਾਂ ਦਾ ਇਸਤੇਮਾਲ ਕਰਨ।
ਉਨ੍ਹਾਂ ਜ਼ਿਲੇ ਦੇ ਦਵਾਈਆਂ, ਖਾਦਾਂ, ਬੀਜਾਂ ਆਦਿ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦਿੰਦੇ ਹੋਏ ਕਿਸਾਨਾਂ ਤੱਕ ਮਿਆਰੀ ਵਸਤਾਂ ਪਹੰਚਾਉਣ ਅਤੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਉਪਰਾਲੇ ਕਰਦੇ ਹੋਏ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਵਿਕਰੀ ਕਰਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦੇ ਹੋਏ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਖੇਤੀ ਵਸਤਾਂ ਬਿੱਲ ਸਮੇਤ ਮੁਹੱਇਆ ਕਰਵਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ। ਡਾ. ਸਿੰਘ ਨੇ ਮੱਕੀ ਦੇ ਕਾਸ਼ਤਕਾਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਧੋਗੜੀ, ਬਜੂਹਾ ਅਤੇ ਅਲੀਪੁੱਰ ਪਿੰਡਾਂ ਵਿੱਚ ਕੁਝ ਥਾਵਾਂ ’ਤੇ ਮੱਕੀ ਦੀ ਫਸਲ ਵਿੱਚ ਫਾਲ ਆਰਮੀ ਵਰਮ ਕੀੜੇ ਦੇ ਹਮਲੇ ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਹ ਕੀੜਾ ਮੱਕੀ ਦੀਆਂ ਗੋਭਾਂ ਅਤੇ ਪੱਤਿਆਂ ਆਦਿ ਨੂੰ ਖਾ ਕੇ ਗੰਭੀਰ ਨੁਕਸਾਨ ਕਰਦਾ ਹੈ ਇਸ ਲਈ ਮੱਕੀ ਦੇ ਕਿਸਾਨਾਂ ਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ।
ਪਿੰਡ ਅਲੀਪੁਰ ਦਾ ਸਰਵੇਖਣ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਵਿੱਚ ਸ਼ਾਮਲ ਡਾ.ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਹੈ ਕਿ ਪਿੰਡ ਅਲੀਪੁਰ ਵਿੱਚ ਸ.ਪਲਵਿੰਦਰ ਸਿੰਘ ਦੇ ਲਗਭਗ 3 ਏਕੜ ਮੱਕੀ ਦੇ ਰਕਬੇ ਵਿੱਚ ਫਾਲ ਆਰਮੀ ਵਰਮ ਦਾ ਕੀੜਾ ਦੇਖਿਆ ਗਿਆ ਹੈ। ਇਹ ਕੀੜਾ ਬੜੀ ਤੇਜੀ ਨਾਲ ਵੱਧਦਾ ਹੈ ਅਤੇ ਮਾਦਾ ਕੀੜਾ ਝੁੰਡਾ ਦੀ ਸ਼ਕਲ ਵਿੱਚ ਆਂਡੇ ਦਿੰਦੀ ਹੈ, ਜਿਨ੍ਹਾਂ ਵਿੱਚੋ ਨਿਕਲਦੀਆਂ ਸੁੰਡੀਆਂ ਲਗਾਤਾਰ ਫਸਲ ਦਾ 15 ਦਿਨਾਂ ਤੱਕ ਨੁਕਸਾਨ ਕਰਦੀਆਂ ਹਨ। ਇਨ੍ਹਾਂ ਸੁੰਡੀਆਂ ਦੀ ਪਛਾਣ ਇਸ ਦੇ ਪੂੰਛ ਦੇ ਲਾਗੇ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ "ਵਾਈ" ਦੇ ਉਲਟੇ ਨਿਸ਼ਾਨ ਤੋਂ ਹੋ ਜਾਂਦੀ ਹੈ। ਸੁੰਡੀ ਗੋਭ ਵਾਲੇ ਪੱਤਿਆਂ ਨੂੰ ਖਾਂਦੀ ਹੈ ਅਤੇ ਵੱਡੀਆਂ-ਵੱਡੀਆਂ ਅੰਡਾਕਾਰ ਮੋਰੀਆਂ ਬਣਾਉਂਦੀ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਨੂੰ ਖਾ ਕੇ ਲਗਭਗ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ ਅਤੇ ਭਾਰੀ ਮਾਤਰਾ ਵਿੱਚ ਵਿੱਠਾਂ ਤਿਆਗਦੀਆਂ ਹਨ।
ਡਾ. ਮਨਦੀਪ ਸਿੰਘ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਇਸ ਕੀੜੇ ਦੀ ਰੋਕਥਾਮ ਲਈ ਕੋਰਾਜਨ 18.5 ਐੱਸ. ਸੀ. 0.4 ਮੀਲੀਲੀਟਰ ਜਾਂ ਡੇਲੀਗੇਟ 11.7 ਐੱਸ. ਸੀ. 0.4 ਮੀਲੀਲੀਟਰ ਜਾਂ ਮਿਜ਼ਾਇਲ 5 ਐੱਸ. ਜੀ. 0.5 ਮੀਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਗੋਭ ਵੱਲ ਨੂੰ ਛਿੜਕਾਅ ਕਰਦੇ ਹੋਏ ਚੰਗੀ ਤਰਾਂ ਨਾਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕੀਟਨਾਸ਼ਕ ਦੇ ਛਿੜਕਾਅ ਤੋਂ ਬਾਅਦ ਘੱਟੋ-ਘੱਟ 21 ਦਿਨ ਤੱਕ ਮੱਕੀ ਦੀ ਚਾਰੇ ਲਈ ਵਰਤੋਂ ਨਾ ਕਰਨ ਦੀ ਵੀ ਸਿਫਾਰਿਸ਼ ਹੈ। ਕਿਸਾਨਾਂ ਨੂੰ ਇਸ ਕੀੜੇ ਦੀ ਪਛਾਣ ਅਤੇ ਰੋਕਥਾਮ ਲਈ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰ ਨਾਲ ਤੁਰੰਤ ਰਾਬਤਾ ਕਰਨ ਦੀ ਜਰੂਰਤ ਹੈ।
ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ