ਖਰਾਬ ਹੁੰਦੀਆਂ ਸਬਜ਼ੀਆਂ ਨੂੰ ਬਚਾਉਣ ਲਈ ਆਧੁਨਿਕ ਢੰਗਾਂ ਦੀ ਵਧੇਰੇ ਲੋੜ

Tuesday, Aug 11, 2020 - 12:35 PM (IST)

ਖਰਾਬ ਹੁੰਦੀਆਂ ਸਬਜ਼ੀਆਂ ਨੂੰ ਬਚਾਉਣ ਲਈ ਆਧੁਨਿਕ ਢੰਗਾਂ ਦੀ ਵਧੇਰੇ ਲੋੜ

ਜੇਕਰ ਦੇਸ਼ ਵਿੱਚ ਬਰੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋ ਫਲਾਂ ਅਤੇ ਸਬਜ਼ੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਰੱਖ-ਰਖਾਵ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਇੱਕ ਲੱਖ ਕਰੋੜ ਦੇ ਫਲ ਅਤੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਇਹ ਚੀਜਾਂ ਬਜ਼ਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋਣ ਕਰਕੇ ਮਹਿੰਗੀਆਂ ਵਿਕ ਰਹੀਆਂ ਹਨ। ਫਲਾਂ ਅਤੇ ਸਬਜ਼ੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ।

ਵਿਸ਼ਵ ਭਰ ਦੇ ਬਜ਼ਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਫੀਸਦੀ ਹੈ। ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਉਦਯੋਗਾਂ ਵਿੱਚ ਸਿਰਫ 2.2 ਫੀਸਦੀ ਵਰਤੋਂ ਹੋ ਰਹੀ ਹੈ, ਜਦੋਕਿ ਅਮਰੀਕਾ ਵਿੱਚ 65 ਫੀਸਦੀ, ਫਿਲੀਪੀਂਸ 78 ਫੀਸਦੀ ਅਤੇ ਚੀਨ ਵਿੱਚ 23 ਫੀਸਦੀ ਫਲ ਅਤੇ ਸਬਜ਼ੀਆਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ। ਮਾਸ, ਮੱਛੀ ਅਤੇ ਪੋਲਟਰੀ ਉਤਪਾਦਾਂ ਨੂੰ ਡੱਬਾ ਬੰਦ ਕਰਨ ਵਿੱਚ ਵੀ ਭਾਰਤ ਦੂਸਰੇ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। 

ਭਾਰਤੀ ਬੀਜ ਮੰਡੀ ਛੇ ਤੋਂ ਸੱਤ ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਹੈ ਅਤੇ ਇਹ ਕੰਪਨੀਆਂ ਇਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਲਗਾਤਾਰ ਵਧਾਉਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ। ਲਿਹਾਜਾ, ਉਹ ਦੇਸੀ ਬੀਜਾਂ ਦੀ ਥਾਂ ਹਾਈਬਰੀਡ ਬੀਜਾਂ ਨੂੰ ਤਰਜੀਹ ਦਿੰਦਾ ਹੈ। ਮੈਹੀਕੋ ਦਾ ਹੀ ਦਾਅਵਾ ਹੈ ਕਿ ਇਸ ਦੇ ਹਾਈਬਰੀਡ ਬੀਜਾਂ ਵਾਲੀਆਂ ਫਸਲਾਂ 30 ਫੀਸਦੀ ਤੋਂ ਵੱਧ ਝਾੜ ਦਿੰਦੀਆਂ ਹਨ ਅਤੇ ਕਾਸ਼ਤਕਾਰਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ। ਅਜਿਹੇ ਬੀਜ ਇੱਕ ਵਾਰ ਵਧੀਆ ਝਾੜ ਦਿੰਦੇ ਹਨ। ਇਨ੍ਹਾਂ ਬੀਜਾਂ ਤੋਂ ਤਿਆਰ ਫਸਲ ਤੋਂ ਮਿਲੇ ਬੀਜ ਦੀ ਵਰਤੋਂ ਕਰਨ 'ਤੇ ਝਾੜ ਕਾਫੀ ਘੱਟ ਜਾਂਦਾ ਹੈ। ਤੀਸਰੀ ਵਾਰ ਤਾਂ ਫਸਲ ਨਾਂ ਮਾਤਰ ਹੀ ਹੁੰਦੀ ਹੈ।

ਲਿਹਾਜਾ ਕਾਸ਼ਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖਰੀਦਣਾ ਪੈਂਦਾ ਹੈ ਜਦੋ ਕਿ ਦੇਸੀ ਬੀਜਾਂ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀ ਹੁੰਦਾ। ਉਨ੍ਹਾਂ ਦੀ ਹਰ ਫਸਲ ਤੋਂ ਨਵਾਂ ਬੀਜ ਤਿਆਰ ਹੋ ਜਾਂਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬਰੀਡ ਬੀਜ ਲੰਬੇ ਸਮੇਂ ਲਈ ਮੁਨਾਫਾਕਾਰੀ ਨਹੀਂ ਹਨ। ਉਂਝ ਇੱਕ ਗੱਲ ਸਾਫ ਹੈ ਕਿ ਹਾਈਬਰੀਡ ਬੀਜਾਂ ਦਾ ਰੂਝਾਨ ਤੇਜੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋਂ ਨਿਰੰਤਰ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜ਼ਾਰ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਹ ਦਿਨ ਵੀ ਦੂਰ ਨਹੀਂ ਜਦੋਂ ਸਿਮਲਾ ਮਿਰਚ ਵਿੱਚੋਂ ਨਾ ਸੁਗੰਧ ਆਵੇਗੀ ਅਤੇ ਨਾ ਹੀ ਸੁਆਦਲੀ ਰਹੇਗੀ।

ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੀ ਮਿਠਾਸ ਅਤੇ ਨਰਮਾਈ ਪਿਛਲੇ ਸਾਲਾਂ ਦੌਰਾਨ ਲੱਗਭੱਗ ਗਾਈਬ ਹੀ ਹੋ ਗਈ ਹੈ। ਪੰਜ-ਸੱਤ ਸਾਲ ਪਹਿਲਾਂ ਲੋਕ ਮਟਰਾਂ ਦੇ ਤਾਜੇ ਦਾਣਿਆਂ ਨੂੰ ਬਤੌਰ ਸਨੈਕਸ ਖਾਇਆ ਕਰਦੇ ਸਨ। ਘਰਾਂ ਵਿੱਚ ਮਟਰਾਂ ਦੇ ਦਾਣੇ ਕੱਢਦਿਆਂ ਇਨ੍ਹਾਂ ਨੂੰ ਨਾਲੋ-ਨਾਲ ਕੱਚੇ ਹੀ ਖਾਣ ਨੂੰ ਮਨ ਕਰਦਾ ਸੀ, ਹੁਣ ਮਟਰ ਦਾ ਦਾਣਾ ਮੂੰਹ ਵਿੱਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਸਭ ਹਾਈਬਰੀਡ ਬੀਜਾਂ ਦਾ ਕਮਾਲ ਹੈ। ਕੋਲਡ ਸਟੋਰ ਕਿਸਾਨਾਂ ਲਈ ਕਮਾਈ ਦਾ ਵਧੀਆ ਸਾਧਨ ਬਣਨ ਦੇ ਨਾਲ ਹੀ ਫਲ ਅਤੇ ਸਬਜ਼ੀਆਂ ਦੀ ਸੰਭਾਲ ਵਾਸਤੇ ਵੀ ਬਹੁਤ ਵੱਡਾ ਸਾਧਨ ਹਨ ਬਾਗਬਾਨੀ ਵਿਭਾਗ ਵੱਲੋਂ ਕੋਲਡ ਸਟੋਰ ਲਾਉਣ ਲਈ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

ਇਲਾਕੇ ਦੇ ਹਿਸਾਬ ਨਾਲ ਸਟੋਰ ਲਾਉਣ ਲਈ ਸਬੰਧਤ ਵਿਭਾਗ ਤੋਂ ਮਨਜੂਰੀ ਲੈਣੀ ਪੈਂਦੀ ਹੈ। ਜਿਥੋਂ ਤੱਕ ਆਮਦਨੀ ਦੀ ਗੱਲ ਹੈ ਤਾਂ ਪ੍ਰਤੀ ਮਹੀਨਾ ਆਲੂ ਅਤੇ ਪਿਆਜ ਦਾ ਪ੍ਰਤੀ ਕਿੱਲੋ ਤਕਰੀਬਨ ਇੱਕ ਤੋਂ ਡੇਢ ਰੁਪਏ ਕਿਰਾਇਆ ਮਿਲਦਾ ਹੈ। ਫਲ ਅਤੇ ਸਬਜ਼ੀਆਂ ਦਾ ਡੇਢ ਤੋਂ ਦੋ ਰੁਪਏ ਕਿੱਲੋ ਕਿਰਾਇਆ ਲਿਆ ਜਾਦਾ ਹੈ। ਪੰਜ ਹਜਾਰ ਟਨ ਵਾਲੇ ਕੋਲਡ ਸਟੋਰ 'ਤੇ ਤਕਰੀਬਨ ਤਿੰਨ ਕਰੋੜ ਰੁਪਏ ਖਰਚ ਆਉਂਦਾ ਹੈ। ਇਸ ਵਿੱਚੋ ਬਾਗਬਾਨੀ ਵਿਭਾਗ 40 ਫੀਸਦੀ ਸਬਸਿਡੀ ਦਿੰਦਾ ਹੈ। ਸਟੋਰ ਲਾਉਣ ਤੋਂ ਪਹਿਲਾਂ ਇਸ ਦਾ ਪੂਰਾ ਪ੍ਰਾਜੈਕਟ ਤਿਆਰ ਕੀਤਾ ਜਾਂਦਾ ਹੈ। ਜੇਕਰ ਜ਼ਰੂਰਤ ਹੋਵੇ ਤਾਂ ਬੈਂਕ ਕੋਲੋਂ ਕਰਜ਼ਾ ਵੀ ਲਿਆ ਜਾ ਸਕਦਾ। 

ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ
ਜ਼ਿਲ੍ਹਾ ਪਟਿਆਲਾ - 9876101698


author

rajwinder kaur

Content Editor

Related News