ਜਾਣੋ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਤੋਂ ਕਿਸਾਨਾਂ ਨੇ ਕਿਉਂ ਕੀਤਾ ਕਿਨਾਰਾ

01/15/2021 1:57:29 PM

ਸੰਜੀਵ ਪਾਂਡੇ
ਨਵੀਂ ਦਿੱਲੀ– ਤਿੰਨ ਖੇਤੀ ਕਾਨੂੰਨਾਂ ਦੇ ਅਮਲ ਤੇ ਫ਼ਿਲਹਾਲ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਪਰ ਅੰਦੋਲਨਕਾਰੀ ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਸੁਪਰੀਮ ਕੋਰਟ ਨੇ ਚਾਰ ਵਿਅਕਤੀਆਂ ਦੀ ਕਮੇਟੀ ਬਣਾ ਕਿ ਤਿੰਨ ਖੇਤੀ ਕਾਨੂੰਨਾਂ ਸਬੰਧੀ ਰਾਏ ਮੰਗੀ ਹੈ ਪਰ ਕਿਸਾਨਾਂ ਨੇ ਕਮੇਟੀ 'ਚ ਸ਼ਾਮਿਲ ਮੈਂਬਰਾਂ ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਵੀ ਕਰ ਦਿੱਤਾ ਹੈ। ਕਿਸਾਨਾਂ ਦਾ ਤਰਕ ਹੈ ਕਿ ਕਮੇਟੀ ਚ ਸ਼ਾਮਲ ਚਾਰੇ ਮੈਂਬਰਾਂ ਦੀ ਰਾਏ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਹੈ। ਕਮੇਟੀ 'ਚ ਸ਼ਾਮਲ ਦੋ ਮੈਂਬਰ ਅਸ਼ੋਕ ਗੁਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਖੇਤੀ ਕਾਨੂੰਨਾਂ ਦੇ ਪੱਖ ਵਿਚ ਲਗਾਤਾਰ ਲਿਖ ਰਹੇ ਹਨ ਤੇ ਦੂਜੇ ਦੋ ਮੈਂਬਰ ਵੀ ਸ਼ਰੇਆਮ ਨਰਿੰਦਰ ਤੋਮਰ ਨੂੰ ਮਿਲ ਕੇ ਕਾਨੂੰਨਾਂ ਦੇ ਹੱਕ 'ਚ ਵਿਚਾਰ ਚਰਚਾ ਕਰ ਚੁੱਕੇ ਹਨ। ਇਹ ਮੈਂਬਰ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਵਿਰੋਧ ਵੀ ਕਰ ਰਹੇ ਹਨ।ਇਸੇ ਦੌਰਾਨ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਕਮੇਟੀ 'ਚੋਂ  ਆਪਣਾ ਨਾਂ ਵਾਪਸ ਲੈ ਲਿਆ ਹੈ।

ਕਿਸਾਨ ਕਮੇਟੀ ਵਲੋਂ ਬਣਾਈ ਰਿਪੋਰਟ ਨੂੰ ਕਿਉਂ ਮੰਨਣਗੇ
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਮੈਂਬਰਾਂ ਕੋਲ ਆਪਣੀ ਗੱਲ ਕਿਉਂ ਰੱਖਣ ਜੋ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਹਿਮਾਇਤ ਕਰ ਚੁੱਕੇ ਹਨ।ਨਿਸ਼ਚਿਤ ਤੌਰ 'ਤੇ ਸਮੱਸਿਆ ਹੋਰ ਉਲਝ ਗਈ ਹੈ। ਜੇ ਸੰਘਰਸ਼ ਕਰ ਰਹੇ ਕਿਸਾਨ ਕਮੇਟੀ ਨਾਲ ਗੱਲਬਾਤ ਹੀ ਨਹੀਂ ਕਰਨਗੇ ਤਾਂ ਕਮੇਟੀ ਰਿਪੋਰਟ ਕੀ ਤਿਆਰ ਕਰੇਗੀ। ਫਿਰ ਕਿਸਾਨ ਕਮੇਟੀ ਵਲੋਂ ਬਣਾਈ ਰਿਪੋਰਟ ਨੂੰ ਕਿਉਂ ਮੰਨਣਗੇ? ਸੁਪਰੀਮ ਕੋਰਟ ਵਲੋਂ ਜਿਨ੍ਹਾਂ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਉਹ ਸ਼ੁਰੂ ਤੋਂ ਹੀ ਸਿਆਸਤ ਦੇ ਨਜ਼ਦੀਕ ਰਹੇ ਹਨ।ਕਮੇਟੀ 'ਚ ਸ਼ਾਮਲ ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸ਼ਤਕਰੀ ਸੰਗਠਨ ਦੇ ਅਨਿਲ ਘਨਵਤ ਨੇ ਪਹਿਲਾਂ ਹੀ ਖੇਤੀ ਕਾਨੂੰਨਾਂ ਤੇ ਆਪਣੀ ਰਾਏ ਖੁੱਲ੍ਹ ਕੇ ਰੱਖੀ ਹੈ। ਦੋਵੇਂ ਆਗੂਆਂ ਦੇ ਸੰਗਠਨ ਕਾਰਪੋਰੇਟ ਖੇਤੀ ਦੇ ਹਿਮਾਇਤੀ ਰਹੇ ਹਨ।ਅਸਲ ਵਿੱਚ ਅਨਿਲ ਘਨਵਤ ਕਿਸਾਨ ਧੜਾ ਚਲਾਉਣ ਦੇ ਨਾਲ-ਨਾਲ ਰਾਜਨੀਤੀ ਵੀ ਕਰਦੇ ਹਨ।

ਭੁਪਿੰਦਰ ਸਿੰਘ ਮਾਨ ਖ਼ਿਲਾਫ਼ ਪਹਿਲਾਂ ਹੀ ਸੱਤਾ ਦੇ ਹਿੱਤਾਂ ਨਾਲ ਜੁੜਨ ਦਾ ਆਰੋਪ ਲੱਗ ਚੁੱਕਾ
ਇਸ ਧੜੇ ਦਾ ਮਹਾਰਾਸ਼ਟਰ ਵਿੱਚ ਚੰਗਾ ਪ੍ਰਭਾਵ ਹੈ ਪਰ ਦੇਸ਼ ਦੇ ਸਮੁੱਚੇ ਕਿਸਾਨ ਧੜਿਆਂ ਵਿੱਚ ਇਸ ਦੀ ਸਾਖ਼ ਇਸ ਲਈ ਵਧੀਆ ਨਹੀਂ ਕਿਉਂਕਿ ਇਹ ਕਾਰਪੋਰੇਟ ਖੇਤੀ ਦੀ ਹਾਮੀ ਭਰਦਾ ਆ ਰਿਹਾ ਹੈ। ਆਮ ਕਿਸਾਨਾਂ ਦੀ ਗੱਲ ਕਦੇ ਨਹੀਂ ਕੀਤੀ। ਇਸ ਜਥੇ ਦੇ ਸਵਰਗੀ ਆਗੂ ਸ਼ਰਦ ਜੋਸ਼ੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਮਾਨ ਖ਼ਿਲਾਫ਼ ਪਹਿਲਾਂ ਹੀ ਸੱਤਾ ਦੇ ਹਿੱਤਾਂ ਨਾਲ ਜੁੜਨ ਦਾ ਆਰੋਪ ਲੱਗ ਚੁੱਕਾ ਹੈ। ਇਨ੍ਹਾਂ ਦੋਨਾਂ ਕਿਸਾਨ ਆਗੂਆਂ ਦੀ ਕਿਸੇ ਸਮੇਂ ਤਾਕਤਵਰ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਨਾਲ ਨਹੀਂ ਬਣੀ ਸੀ। ਸਮੇਂ ਸਮੇਂ ਤੇ ਸਿਆਸਤ ਚ ਇਨ੍ਹਾਂ ਨੂੰ ਸਨਮਾਨ ਵੀ ਮਿਲਦੇ ਰਹੇ।

ਸ਼ੇਤਕਰੀ ਸੰਗਠਨ ਦੇ ਸਵਰਗੀ ਸ਼ਰਦ ਜੋਸ਼ੀ  ਅਤੇ ਭੁਪਿੰਦਰ ਸਿੰਘ ਮਾਨ ਨੂੰ 1980 ਦੇ ਦਹਾਕੇ ਵਿੱਚ ਮਹਿੰਦਰ ਸਿੰਘ ਟਿਕੈਤ ਖ਼ਿਲਾਫ਼ ਵਰਤਿਆ ਗਿਆ। ਮਹਿੰਦਰ ਸਿੰਘ ਟਿਕੈਤ 1980-90 ਦੇ ਦਹਾਕੇ ਵਿੱਚ ਵੱਡੇ ਕਿਸਾਨ ਆਗੂ ਦੇ ਰੂਪ ਵਿੱਚ ਉੱਭਰੇ ਸਨ। ਟਿਕੈਤ ਦਾ ਪ੍ਰਭਾਵ ਉੱਤਰ ਭਾਰਤ ਦੇ ਦੋ ਰਾਜਾਂ ਵਿੱਚ ਚੰਗਾ ਸੀ। ਸ਼ਰਦ ਜੋਸ਼ੀ ਵਿਦੇਸ਼ ਵਿੱਚ ਨੌਕਰੀ ਕਰਦੇ ਸਨ। ਵਾਪਸ ਮਹਾਰਾਸ਼ਟਰ ਆ ਕੇ ਉਹ ਕਿਸਾਨ ਆਗੂ ਬਣ ਗਏ। ਉਸਨੇ ਉਦੋਂ ਹੀ ਖੇਤੀ ਵਿੱਤ ਕਾਰਪੋਰੇਟ ਦੀ ਵਕਾਲਤ ਕੀਤੀ ਸੀ। ਉਹ ਖੇਤੀ ਦੇ ਮਾਮਲਿਆਂ ਵਿੱਚ ਰਾਜਾਂ ਦੇ ਕੰਟਰੋਲ ਦਾ ਵਿਰੋਧ ਕਰਦੇ ਸਨ। ਉਹ ਤਾਂ ਕਾਰਪੋਰੇਟ ਦੇ ਇਸ ਹੱਦ ਤੱਕ ਸਮਰਥਕ ਸਨ ਕਿ ਸੰਵਿਧਾਨ ਵਿਚੋਂ ਸਮਾਜਵਾਦ ਸ਼ਬਦ ਕੱਢ ਦੇਣ ਦੀ ਵਕਾਲਤ ਕਰਦੇ ਸਨ।
ਸ਼ਰਦ ਨੇ ਰਾਜ ਸਭਾ ਜਾਣ ਲਈ ਭਾਜਪਾ ਨਾਲ ਸਮਝੌਤਾ ਵੀ ਕੀਤਾ ਅਤੇ 2004 ਵਿੱਚ ਰਾਜ ਸਭਾ ਪਹੁੰਚੇ ਵੀ। ਉਧਰ ਭੁਪਿੰਦਰ ਮਾਨ ਵੀ ਹਮੇਸ਼ਾ ਸੱਤਾ ਦੇ ਨਜ਼ਦੀਕ ਰਹੇ ਹਨ। ਉਨ੍ਹਾਂ ਦਾ ਪੰਜਾਬ ਦੇ ਕਿਸਾਨਾਂ ਵਿੱਚ ਕੋਈ ਆਧਾਰ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਵੀਪੀ ਸਿੰਘ ਸ਼ਰਦ ਜੋਸ਼ੀ ਅਤੇ ਭੁਪਿੰਦਰ ਸਿੰਘ ਮਾਨ ਨੂੰ ਰਾਜਸਭਾ ਲੈ ਕੇ ਗਏ। 

ਭਾਜਪਾ ਦੀ ਚਿੰਤਾ ਹਰਿਆਣਾ ਵਿੱਚ ਤੇਜ਼ ਹੋ ਰਿਹਾ ਅੰਦੋਲਨ ਹੈ। ਮੁੱਖ ਮੰਤਰੀ ਖੱਟੜ ਸਮੇਤ ਸੱਤਾਧਾਰੀ ਦਲ ਦੇ ਵਿਧਾਇਕਾਂ ਨੂੰ ਲੋਕਾਂ ਵਿੱਚ ਜਾਣਾ ਮੁਸ਼ਕਿਲ ਹੋ ਰਿਹਾ ਹੈ। ਕੈਮਲਾ ਪਿੰਡ ਵਿੱਚ ਮੁੱਖ ਮੰਤਰੀ ਖੱਟੜ ਦਾ ਹੈਲੀਕਾਪਟਰ ਕਿਸਾਨਾਂ ਦੇ ਵਿਰੋਧ ਕਾਰਨ ਉੱਤਰ ਨਹੀਂ ਸਕਿਆ। ਕਿਸਾਨਾਂ ਨੇ ਹੈਲੀਪੈਡ ਪੁੱਟ ਸੁੱਟਿਆ। ਕਈ ਵਿਧਾਇਕਾਂ ਨੂੰ ਮੌਕੇ ਤੋਂ ਭੱਜਣਾ ਪਿਆ।ਇਸ ਘਟਨਾ ਕਾਰਨ ਭਾਜਪਾ ਅਤੇ ਜਜਪਾ ਗਠਬੰਧਨ ਵਿਚਕਾਰ ਕਾਫ਼ੀ ਘਬਰਾਹਟ ਫੈਲ ਗਈ।ਦਰਅਸਲ ਭਾਜਪਾ ਆਗੂ ਅਤੇ ਜੇ.ਜੇ.ਪੀ. ਦੇ ਨੁਮਾਇੰਦੇ ਲੋਕਾਂ ਨੂੰ ਭਰਮਾ ਰਹੇ ਸਨ ਕਿ ਅੰਦੋਲਨ ਵਿੱਚ ਕਿਸਾਨ ਨਹੀਂ ਹਨ। ਫ਼ਿਰ ਕਹਿਣ ਲੱਗੇ ਕਿ ਪੰਜਾਬ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਕਿਸਾਨ ਹੀ ਅੰਦੋਲਨ ਚ ਸ਼ਾਮਿਲ ਹਨ। ਜਦੋਂ ਦਿੱਲੀ ਦੀਆਂ ਸਰਹੱਦਾਂ ਤੇ ਹਰਿਆਣੇ ਦੇ ਬਹੁਗਿਣਤੀ ਕਿਸਾਨ ਪਹੁੰਚ ਗਏ ਤਾਂ ਭਾਜਪਾ ਨੇ ਪ੍ਰਚਾਰ ਕੀਤਾ ਕਿ ਹਰਿਆਣਾ ਦੇ ਜਾਟ ਬਰਾਦਰੀ  ਦੇ ਲੋਕ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ। ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਜਾਟ ਬਰਾਦਰੀ ਸਰਕਾਰ ਨਾਲ ਆਪਣੀ ਖੁੰਦਕ ਕੱਢ ਰਹੀ ਹੈ ਕਿਉਂਕਿ ਸੂਬੇ ਦੀ ਸੱਤਾ ਜਾਟ ਮੁੱਖ ਮੰਤਰੀ ਦੇ ਹੱਥਾਂ ਵਿੱਚੋਂ ਨਿਕਲ ਗਈ ਹੈ।ਹੈਲੀਕਾਪਟਰ ਵਾਲੀ ਘਟਨਾ ਨੇ ਭਾਜਪਾ ਦੇ ਉਸ ਪ੍ਰਚਾਰ ਦੀ ਹਵਾ ਕੱਢ ਕਿ ਰੱਖ ਦਿੱਤੀ ਕਿ ਸਿਰਫ਼ ਜਾਟ ਹੀ ਵਿਰੋਧ ਕਰ ਰਹੇ ਹਨ।

ਅਸਲ ਵਿੱਚ ਕੈਮਲਾ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਗ਼ੈਰ ਜਾਟ  ਲੋਕਾਂ ਦੀ ਸੰਖਿਆ ਕਾਫ਼ੀ ਹੈ।ਇਸ ਇਲਾਕੇ ਦੇ ਭਾਜਪਾ ਦੇ ਵਿਧਾਇਕ ਹਰਵਿੰਦਰ ਸਿੰਘ ਕਲਿਆਣ,ਜੋ ਰੋੜ ਜਾਤ ਦੇ ਹਨ, ਨੇ ਹੀ ਖੱਟੜ ਦੀ ਕਿਸਾਨਾਂ ਨਾਲ ਬੈਠਕ ਦਾ ਪ੍ਰਬੰਧ ਕੀਤਾ ਸੀ।ਜਦੋਂ ਹੋਰ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਕੈਮਲਾ ਪਿੰਡ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।ਹੁਣ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਦੀ ਚਿੰਤਾ ਇਹ ਹੈ ਕਿ ਕਿਸਾਨ ਅੰਦੋਲਨ ਵਿੱਚ ਗ਼ੈਰ ਜਾਟ ਕਿਸਾਨ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।


DIsha

Content Editor

Related News