ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਮੀਟਿੰਗ

05/18/2020 6:08:34 PM

ਜਲੰਧਰ (ਬਿਊਰੋ) - ਖੇਤੀ ਵਿਭਿੰਨਤਾ ਅਧੀਨ ਮੱਕੀ ਹੇਠ ਰਕਬਾ ਵਧਾਉਣ ਵਾਸਤੇ ਜ਼ਿਲੇ ਦੇ ਸਮੂਹ ਬਲਾਕਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੋਵਿਡ-19 ਅਧੀਨ ਲੋੜੀਂਦੇ ਬਚਾਅ ਦੇ ਊੱਪਰਾਲਿਆਂ ਕਰਕੇ ਜ਼ਿਲੇ ਅਧੀਨ ਵੱਖ-ਵੱਖ ਬਲਾਕਾਂ ਦੀਆਂ ਵੱਖਰੇ ਤੌਰ ’ਤੇ ਮੀਟਿੰਗਾਂ ਕਰਦੇ ਹੋਏ ਸਮੁੱਚੇ ਸਟਾਫ ਨੂੰ ਮੱਕੀ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਬਲਾਕ ਜਲੰਧਰ ਪੂਰਬੀ, ਜਲੰਧਰ ਪੱਛਮੀ, ਆਦਮਪੁਰ ਅਤੇ ਭੋਗਪੁਰ ਦੇ ਤਕਨੀਕੀ ਸਟਾਫ ਮੈਬਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲ ਜ਼ਿਲੇ ਵਿਚ ਸਾਉਣੀ ਦੀ ਮੱਕੀ ਹੇਠ ਤਕਰੀਬਨ 8850 ਹੈਕਟੇਅਰ ਰਕਬਾ ਬੀਜਿਆ ਗਿਆ ਸੀ, ਜਿਸਨੂੰ ਇਸ ਸਾਲ ਵਧਾਉਂਦੇ ਹੋਏ 19500 ਹੈਕਟੇਅਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਤਕਰੀਬਨ 14 ਵੱਖ-ਵੱਖ ਕਿਸਮਾਂ ਦਾ ਬੀਜ ਜ਼ਿਲੇ ਦੇ ਸਮੂਹ ਬਲਾਕਾਂ ਵਿਖੇ ਪੁੱਜ ਚੁੱਕਾ ਹੈ। ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਸਟਾਫ ਮੀਟਿੰਗਾਂ ਵਿਚ ਸਮੂਹ ਸਟਾਫ ਨੂੰ ਕੋਵਿਡ-19 ਦੇ ਲਈ ਮਿੱਥੇ ਮਾਪਦੰਡ, ਮਾਸਕ, ਸਮਾਜਿਕ ਦੂਰੀ ਅਤੇ ਸੈਨੀਟਾਈਜੇਸ਼ਨ ਨੂੰ ਅਪਨਾਉਂਦੇ ਹੋਏ ਕਿਸਾਨਾਂ ਨੂੰ ਮੱਕੀ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਪ੍ਰੇਰਣ ਲਈ ਹਦਾਇਤ ਕੀਤੀ ਗਈ ਹੈ। ਚਾਲੂ ਸਾਉਣੀ ਸੀਜਨ ਦੌਰਾਨ ਮਜਦੂਰਾਂ ਦੀ ਵੱਡੀ ਪੱਧਰ ’ਤੇ ਪਲਾਇਨ ਕਰਕੇ ਕਿਸਾਨਾਂ ਨੂੰ ਝੋਨਾਂ ਲਾਉਣ ਵਿਚ ਮੁਸ਼ਕਲ ਆ ਸਕਦੀ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਈ ਅਖੀਰ ਤੋਂ ਅਖੀਰ ਜੂਨ ਤੱਕ ਮੱਕੀ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ ਦੀ ਬਿਜਾਈ ਝੋਨੇ ਹੇਠੋਂ ਰਕਬਾ ਘਟਾਉਦੇਂ ਹੋਏ ਕਰਨ।

ਡਾ. ਸੁਰਿੰਦਰ ਸਿੰਘ ਨੇ ਖਾਸ ਤੌਰ ’ਤੇ ਜ਼ਿਲਾ ਜਲੰਧਰ ਵਿਚ ‘ਪਾਣੀ ਬਚਾਓ ਪੈਸਾ ਕਮਾਓ’ ਦੀ ਸਕੀਮ ਅਧੀਨ ਚੁਣੇ ਗਏ ਪਿੰਡਾਂ ਦੇ ਕਿਸਾਨਾਂ ਨੂੰ ਮੱਕੀ ਹੇਠ ਰਕਬਾ ਵਧਾਉਣ ਦੀ ਅਪੀਲ ਕਰਦਿਆਂ ਆਖਿਆ ਹੈ ਕਿ ਮੱਕੀ ਝੋਨੇ ਦੇ ਮੁਕਾਬਲੇ ਘੱਟ ਪਾਣੀ ਲੈਂਦੀ ਹੈ, ਸੋ ਪਾਣੀ ਦੀ ਬੱਚਤ ਲਈ ਮੱਕੀ ਹੇਠ ਰਕਬਾ ਵਧਾਉਣ ਦੀ ਲੋੜ ਹੈ। ਮੀਟਿੰਗ ਵਿਚ ਡਾ. ਅਰੁਣ ਕੋਹਲੀ, ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਜਲੰਧਰ ਪੂਰਬੀ ਨੇ ਕਿਹਾ ਕੇ ਕਿਸਾਨਾਂ ਨੂੰ ਮੱਕੀ ਹੇਠ ਰਕਬਾ ਲਿਆਉਣ ਲਈ ਪ੍ਰੇਰਣ ਦੇ ਨਾਲ-ਨਾਲ ਪਿੰਡ ਪੱਧਰ ’ਤੇ ਵਧੀਆ ਹਾਈਬ੍ਰਿਡ ਕਿਸਮਾਂ ਦਾ ਬੀਜ ਮੁੱਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਮੱਕੀ ਦਾ ਬੀਜ ਉਪਲਬੱਧ ਕਰਵਾਉਣ ਵਾਲੀਆ ਮਹੱਤਵਪੂਰਨ ਕੰਪਨੀਆਂ ਬਾਇਰ, ਪਾਈਉਨਿਰ ਅਤੇ ਸਿਜੈਟਾਂ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ।

ਮੱਕੀ ਦੀ ਫਸਲ ਵਿਚ ਡਰਿਪ ਸਿੰਚਾਈ ਦੀ ਕਾਰਗੁਜ਼ਾਰੀ ਅਤੇ ਪੰਜਾਬ ਸਰਕਾਰ ਦੀ ਸਬਸਿਡੀ ਸਕੀਮ ਬਾਰੇ ਇੰਜ਼ ਲੁਪਿੰਦਰ ਕੁਮਾਰ ਡਿਵੀਜ਼ਨਲ ਭੂੰਮੀ ਅਤੇ ਪਾਣੀ ਰੱਖਿਆ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਤੀ ਏਕੜ ਤਕਰੀਬਨ 1.25 ਲੱਖ ਰੁ. ਦਾ ਖਰਚਾ ਕਰਨ ਉਪਰੰਤ ਸਰਕਾਰ ਵਲੋਂ ਡਰਿਪ ਸਿੰਚਾਈ ’ਤੇ 80-90% ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ ਇਸ ਲਈ ਖੇਤੀ ਵਿਭਿੰਨਤਾ ਅਧੀਨ ਮੱਕੀ  ਹੇਠ ਰਕਬਾ ਵਧਾਉਂਦੇ ਹੋਏ ਡਰਿਪ ਸਿੰਚਾਈ ਪ੍ਰਣਾਲੀ ਨੂੰ ਲਾਗੂ ਕਰਨ ਦੀ ਵੀ ਲੋੜ ਹੈ। 

ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਦਫਤਰ ਮੁੱਖ ਖੇਤੀਬਾੜੀ ਅਫਸਰ
ਜਲੰਧਰ

 


rajwinder kaur

Content Editor

Related News