ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

11/07/2019 10:19:21 AM

ਮਨੁੱਖੀ ਸੁਤੰਤਰਤਾ ਦੇ ਝੰਡਾ ਬਰਦਾਰ : ਗੁਰੂ ਨਾਨਕ ਸਾਹਿਬ                                                                                                                                                                                        

(ਕਿਸ਼ਤ ਪੱਚੀਵੀਂ)

ਸੰਵਾਦ ਕਿਉਂਕਿ ‘ਯਗਯੋਪਵੀਤ ਸੰਸਕਾਰ’ ਦੇ ਮੌਕੇ ’ਤੇ ਗੁਣੀ-ਜਨਾਂ ਅਤੇ ਲੋਕਾਂ ਦੇ ਭਰਵੇਂ ਇਕੱਠ ਅੰਦਰ ਜਨਤਕ ਤੌਰ ’ਤੇ ਹੋਇਆ, ਸੋ ਸੁਭਾਵਕ ਹੀ ਵੇਖਣ ਅਤੇ ਸੁਣਨ ਵਾਲੇ ਸਭ ਲੋਕਾਂ ਨੂੰ ਇਸ ਗੱਲ ਦਾ ਚਿੱਟੇ ਦਿਨ ਵਾਂਗ ਚਾਨਣ ਹੋ ਗਿਆ ਕਿ ਨਾਨਕ ਇਕ ਸੱਚਾ-ਸੁੱਚਾ ਅਤੇ ਪਰਮਾਤਮਾ ਦੇ ਦਰ ’ਤੇ ਪਹੁੰਚਿਆ ਹੋਇਆ ਵੱਡਾ ਫ਼ਕੀਰ ਅਤੇ ਦੈਵੀ ਪੁਰਸ਼ ਹੈ। ਸਿੱਟੇ ਵਜੋਂ ਸਮੇਤ ਪ੍ਰੋਹਿਤ ਹਰਿਦਿਆਲ ਜੀ, ਇਕੱਤਰਤ ਸਭ ਲੋਕਾਂ ਨੇ ਗੁਰੂ ਜੀ ਨੂੰ ਸਾਦਰ ਸੀਸ ਨਿਵਾਇਆ। ਉਪਰੰਤ ਸਾਰੇ ਜਣੇ ਖ਼ੁਸ਼ੀ-ਖ਼ੁਸ਼ੀ ਘਰੋ-ਘਰੀ ਚਲੇ ਗਏ। ਪਰ ਮਤਿ ’ਤੇ ਪਏ ਮਾਇਆ ਦੇ ਪਰਦੇ ਕਾਰਣ, ਪਿਤਾ ਮਹਿਤਾ ਕਾਲੂ ਜੀ ਨੂੰ ਹਾਲੇ ਵੀ ਗੁਰੂ ਨਾਨਕ ਸਾਹਿਬ ਦੀ ਪੈਗ਼ੰਬਰੀ ਅਜ਼ਮਤ ਦੀ ਪਛਾਣ ਨਾ ਹੋਈ। ਬਾਕੀ ਸਭਨਾਂ ਤੋਂ ਉਲਟ ਉਨ੍ਹਾਂ ਨੂੰ ਲੱਗਾ ਪਈ ਮੇਰੇ ਗੁਸਤਾਖ਼ ਪੁੱਤਰ ਨੇ ਜਨੇਊ ਨਾ ਪਾ ਕੇ, ਨਾ ਕੇਵਲ ਕੁਲ ਦੀ ਰੀਤ ਤੋੜੀ ਹੈ ਸਗੋਂ ਇਕ ਬਜਰ ਕੁਤਾਹੀ ਵੀ ਕੀਤੀ ਹੈ। ਸੋ ਸੁਭਾਵਕ ਹੀ ਉਹ ਬੜੇ ਦੁਖੀ ਅਤੇ ਨਿਰਾਸ਼ ਹੋਏ।

ਜਨੇਊ ਪਾਉਣ ਦੀ ਰਸਮ ਮੌਕੇ ਪੰਡਤ ਹਰਿਦਿਆਲ ਜੀ ਨਾਲ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਦਾ ‘ਸੰਵਾਦ’ ਨਿਰਸੰਦੇਹ ਉਨ੍ਹਾਂ ਦੇ ਜੀਵਨ ਦੇ ਇਕ ਅਹਿਮ ਪੜਾਅ (ਨਿਰਣਾਇਕ ਮੋੜ) ’ਤੇ ਵਾਪਰਿਆ ਇਕ ਬਹੁਤ ਹੀ ਮਹੱਤਵਪੂਰਨ, ਅਰਥਮਈ ਇਨਕਲਾਬੀ ਘਟਨਾਕ੍ਰਮ ਸੀ। ਇਹ ਸੰਵਾਦ ਪੰਡਤ ਹਰਿਦਿਆਲ ਜੀ ਦੇ ‘ਤਲਾਬ’ ਬਣ ਚੁੱਕੇ ‘ਅੱਖਰੀ ਗਿਆਨ’ ਉੱਪਰ ਜਿਊਂਦੇ ਚਸ਼ਮੇ ’ਚੋਂ ਉਪਜੇ ਉਨ੍ਹਾਂ ਦੇ ਤਰੋ-ਤਾਜ਼ਾ ਅਤੇ ਸੱਚੇ—ਸੁੱਚੇ ‘ਅਨੁਭਵੀ ਗਿਆਨ’ ਦੇ ਉੱਚਤਮ, ਚੰਗੇਰੇ ਅਤੇ ਜੇਤੂ ਹੋਣ ਦਾ ਪ੍ਰਤੀਕ ਸੀ। ਮਨੁੱਖੀ ਸਮਾਜ ਵਿਚ ਆਮ ਪ੍ਰਚੱਲਿਤ ਰਵਾਇਤੀ ਅੱਖਰੀ ਗਿਆਨ ਦੇ ਸਮਵਿੱਥ ਫੁੱਲ ਵਾਂਗ ਖਿੜੇ ਅਤੇ ਪਾਣੀ ਦੇ ਕੁਦਰਤੀ ਚਸ਼ਮੇ ਵਾਂਗ ਫੁੱਟੇ ਨਵੇਂ-ਨਕੋਰ ਅਨੁਭਵੀ ਗਿਆਨ ਦੀ ਵੱਡੀ ਵਡਿਆਈ ਅਤੇ ਖ਼ਾਸੀਅਤ ਇਹ ਹੁੰਦੀ ਹੈ ਕਿ ਇਹ ਰਵਾਇਤੀ ਅੱਖਰੀ ਗਿਆਨ ਵਾਂਗ ਜੀਵਨ ਦੀ ਤੌਰ ਨੂੰ ਜਿਉਂ ਦਾ ਤਿਉਂ ਬਣਾਈ ਅਤੇ ਤੋਰੀ ਰੱਖਣ ਦੀ ਥਾਂ, ਇਸ ਅੰਦਰ ਵੱਡਾ ਸਿਰਜਣਾਤਮਕ ਹੁਲਾਰਾ ਅਤੇ ਬਦਲਾਓ ਲਿਆਉਣ ਦਾ ਵੱਡਾ ਸਦਾਚਾਰਕ ਤਾਣ ਰੱਖਦਾ ਹੈ।

‘ਸੰਵਾਦ’ ਅਤੇ ‘ਵਿਵਾਦ’ ਇਕ ਦੂਜੇ ਨਾਲ ਅੰਤਰ—ਸੰਬੰਧਤ ਪਰ ਵੱਖੋ—ਵੱਖਰੇ ਸੰਕਲਪ ਹਨ। ਦੋਹਾਂ ਦਾ ਸਾਂਝਾ ਸੂਤਰ ਇਹ ਹੈ ਕਿ ਇਹ ਦੋ ਵਿਅਕਤੀਆਂ ਜਾਂ ਧਿਰਾਂ ਦਰਮਿਆਨ ਹੁੰਦਾ ਹੈ। ਵੱਖਰਤਾ ਇਹ ਹੈ ਕਿ ਵਿਵਾਦ ਵਿਚ ਸ਼ੋਰ, ਸ਼ੋਰੀਲੀ ਅਦਾ, ਅਸਹਿਣਸ਼ੀਲਤਾ, ਹਊਮੈ, ਕਾਹਲ ਅਤੇ ਕੁਹਜ ਪ੍ਰਧਾਨ ਹੁੰਦਾ ਹੈ, ਜਦੋਂ ਕਿ ਇਸ ਦੇ ਬਿਲਕੁਲ ਉਲਟ ਸੰਵਾਦ ਵਿੱਚ ਸਹਿਜਤਾ, ਸ਼ਾਇਸ਼ਤਗੀ, ਹਲੀਮੀ, ਸੰਜੀਦਗੀ, ਸਹਿਣਸ਼ੀਲਤਾ ਅਤੇ ਸੁਹਜ ਦਾ ਬੋਲਬਾਲਾ ਹੁੰਦਾ ਹੈ। ਦੋਹਾਂ ਵਿਚਕਾਰ ਸਭ ਤੋਂ ਵੱਡਾ ਸਿਫ਼ਤੀ ਵੱਖਰੇਵਾਂ ਇਹ ਹੁੰਦਾ ਹੈ ਕਿ ਵਿਵਾਦ ਵਿਚ ਬੋਲਣ ਅਤੇ ਲਗਾਤਾਰ ਬੋਲੀ ਜਾਣ ਦੇ ਮੁਕਾਬਲੇ, ਸੰਵਾਦ ਵਿਚ ਸੁਣਨਾ ਪ੍ਰਧਾਨ ਹੁੰਦਾ ਹੈ। ਪਹਿਲਾਂ ਦੂਜੀ ਧਿਰ ਨੂੰ ਗਹਿਰੇ ਤਲ ’ਤੇ ਪੂਰੀ ਸੁਹਿਰਦਤਾ ਅਤੇ ਸਹਿਣਸ਼ੀਲਤਾ ਨਾਲ ਧਿਆਨਪੂਰਵਕ ਸੁਣਨਾ, ਉਪਰੰਤ ਕੁੱਝ ਸੂਤਰਿਕ ਅਤੇ ਅਰਥ ਭਰਪੂਰ ਬੋਲਣਾ, ਸੰਵਾਦ ਦੀ ਪ੍ਰਮੁੱਖ ਤਰਜੀਹ, ਪਛਾਣ ਅਤੇ ਵਿਸ਼ੇਸ਼ਤਾਈ ਹੁੰਦੀ ਹੈ।

ਸੰਵਾਦ ਦੇ ਮੁਕਾਬਲੇ ਵਿਵਾਦ ਦੀ ਪਛਾਣ ਅਤੇ ਵਿਸ਼ੇਸ਼ਤਾਈ ਇਹ ਹੁੰਦੀ ਹੈ ਕਿ ਇਸ ਵਿਚ ਬੋਲਣਾ ਭਾਰੂ ਹੁੰਦਾ ਹੈ। ਦੋਵੇਂ ਧਿਰਾਂ ਬੋਲਦੀਆਂ ਹਨ, ਲਗਾਤਾਰ ਆਪਣੀ ਵਾਹੁੰਦੀਆਂ ਹਨ। ਸੁਣਦਾ ਕੋਈ ਵੀ ਨਹੀਂ। ਜਿਵੇਂ ਕਿ ਸਾਡੇ ਤਥਾਕਥਿਤ ਲੋਕਤੰਤਰੀ ਦੇਸ਼ ਦੀ ਸੰਸਦ ਅਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਅਕਸਰ ਹੁੰਦਾ ਹੈ। ਸੈਸ਼ਨ ਦੌਰਾਨ ਬੁਲਾਰੇ ਬੋਲੀ ਜਾਂਦੇ ਹਨ, ਬੋਲੀ ਜਾਂਦੇ ਹਨ, ਸੁਣਦਾ ਕੋਈ ਵੀ ਨਹੀਂ। ਸਪੱਸ਼ਟ ਹੈ ਕਿ ਸੁਣਨਾ, ਸੁਹਿਰਦਤਾਈ ਅਤੇ ਸਹਿਣਸ਼ੀਲਤਾ ਦੇ ਮਨਫ਼ੀ ਹੋਣ ਕਾਰਣ, ਵਿਵਾਦ ਇਕ ਅਸਿਰਜਣਾਤਮਕ ਅਤੇ ਨਿਰਰਥਕ ਕਿਰਿਆ ਸਾਬਤ ਹੁੰਦੀ ਹੈ ਜਦੋਂਕਿ ਸੁਣਨਾ, ਸੁਹਿਰਦਤਾ ਅਤੇ ਸੰਜੀਦਗੀ ਦੇ ਭਾਰੂ ਹੋਣ ਕਰ ਕੇ, ਸੰਵਾਦ ਇਕ ਸਾਰਥਕ, ਅਰਥ ਭਰਪੂਰ ਅਤੇ ਲਾਹੇਵੰਦਾ ਵਰਤਾਰਾ ਹੋ ਨਿਬੜਦਾ ਹੈ।

ਇਸ ਪ੍ਰਸੰਗ ਵਿਚ ਉਲੇਖਯੋਗ ਨੁਕਤਾ ਇਹ ਹੈ ਕਿ ਪੰਡਤ ਹਰਿਦਿਆਲ ਜੀ ਨਾਲ ਹੋਏ ਸੰਵਾਦ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਗੁਰੂ ਨਾਨਕ ਸਾਹਿਬ ਜਨੇਊ, ਹਿੰਦੂ ਧਰਮ ਜਾਂ ਬ੍ਰਾਹਮਣ ਦੇ ਵਿਰੋਧੀ ਜਾਂ ਆਲੋਚਕ ਹਨ। ਉਨ੍ਹਾਂ ਦਾ ਕਿਸੇ ਰਸਮ, ਧਾਰਮਿਕ ਚਿੰਨ੍ਹ (ਜਨੇਊ), ਜਾਤੀ ਵਿਸ਼ੇਸ਼ (ਬ੍ਰਾਹਮਣ) ਧਰਮ ਜਾਂ ਅਕੀਦੇ ਨਾਲ ਕੋਈ ਵੈਰ—ਵਿਰੋਧ ਅਥਵਾ ਮਤਭੇਦ ਨਹੀਂ। ਉਹ ਤਾਂ ਮਨੁੱਖੀ ਜੀਵਨ ਨੂੰ ਹਰ ਪੱਖੋਂ ਸੋਹਣਾ, ਰਸੀਲਾ, ਮੌਲਿਕ, ਅਨੰਦਦਾਇਕ, ਪਰਿਪੂਰਨ, ਓਜਮਈ ਅਤੇ ਵਿਗਾਸਮਈ ਬਣਾਉਣਾ ਲੋਚਦੇ ਹਨ। ਇਸ ਕਰ ਕੇ ਰਸਮੋ-ਰਿਵਾਜਾਂ, ਰੀਤਾਂ, ਧਰਮ ਅਤੇ ਜਾਤੀ ਅਭਿਮਾਨ ਦੇ ਨਾਂ ’ਤੇ ਕੀਤੇ ਜਾਣ ਵਾਲੇ ਹਰ ਪ੍ਰਕਾਰ ਦੇ ਖ਼ਾਨਾਪੂਰਤੀ ਵਾਲੇ ਖੜੋਤਮਈ ਕਰਮ-ਕਾਂਡਾਂ, ਪਾਖੰਡ, ਖੋਖਲੇਪਣ, ਆਡੰਬਰ ਅਤੇ ਫੈਲਾਏ ਜਾਣ ਵਾਲੇ ਭਰਮ-ਭੁਲੇਖਿਆਂ ਦੇ ਉਹ ਕਬੀਰ ਸਾਹਿਬ ਵਾਂਗ ਸਖ਼ਤ ਵਿਰੋਧੀ ਹਨ।

ਜੇਕਰ ਉਹ ਕਿਸੇ ਰਸਮ, ਧਰਮ ਜਾਂ ਪਹਿਨੇ ਜਾਣ ਵਾਲੇ ਧਾਰਮਿਕ-ਚਿੰਨ੍ਹ ਦੇ ਵਿਰੋਧੀ ਹੁੰਦੇ ਤਾਂ ਉਹ ਆਪਣੇ ਨੌਂਵੇ ਰੂਪ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਰਾਹੀਂ, ਤਿਲਕ-ਜੰਞੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਅੰਦਰ ਸ਼ਹਾਦਤ ਦਾ ਜਾਮ ਨਾ ਪੀਂਦੇ। ਪੰਡਤ ਹਰਿਦਿਆਲ ਜੀ ਨਾਲ ਹੋਇਆ ਉਨ੍ਹਾਂ ਦਾ ਭਾਵਪੂਰਤ ਸੰਵਾਦ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਉਹ ਮੂਲ ਰੂਪ ਵਿਚ ਮਨੁੱਖੀ ਆਜ਼ਾਦੀ, ਹੱਕਾਂ ਅਤੇ ਕਦਰਾਂ-ਕੀਮਤਾਂ ਦੇ ਰਖਵਾਲੇ ਸਨ, ਪਹਿਰੇਦਾਰ ਸਨ, ਝੰਡਾਬਰਦਾਰ ਸਨ। ਉਹ ਨਹੀਂ ਸਨ ਚਾਹੁੰਦੇ ਕਿ ਕੋਈ ਮਨੁੱਖ, ਕਿਸੇ ਮਨੁੱਖ ਦੀ ਧਾਰਮਿਕ ਅਕੀਦਤ ਅਤੇ ਸੁਤੰਤਰਤਾ ਵਿਚ ਖ਼ਲਲ ਪਾਵੇ। ਉਸ ਉੱਪਰ ਧੌਂਸ ਜਮਾਵੇ ਜਾਂ ਆਪਣੀ ਕੋਈ ਗੱਲ ਉਸ ਉੱਪਰ ਥੋਪੇ।

ਜਨੇਊ ਪਾਉਣ ਸਮੇਂ ਹੋਏ ਭਾਵਪੂਰਤ ਸੰਵਾਦ ਦਾ ਅਸਰ ਵੇਖਣ-ਸੁਣਨ ਵਾਲੇ ਸਭ ਲੋਕਾਂ ਦੇ ਮਨਾਂ ਉੱਪਰ ਹੋਇਆ ਪਰ ਇਸ ਦਾ ਸਭ ਤੋਂ ਵੱਧ ਅਸਰ ਪੰਡਤ ਹਰਿਦਿਆਲ ਜੀ ਅਤੇ ਮਹਿਤਾ ਕਾਲੂ ਜੀ ਦੇ ਮਨ ’ਤੇ ਹੋਇਆ। ਹੋਏ ਇਸ ਟੁੰਬਵੇਂ ਸੰਵਾਦ ਤੋਂ ਕੁੱਝ ਦਿਨ ਬਾਅਦ ਦੀ ਗੱਲ ਹੈ। ਪੰਡਤ ਹਰਿਦਿਆਲ ਜੀ ਫੁਰਸਤ ਦੇ ਪਲਾਂ ਵਿਚ ਤਲਵੰਡੀ ਪਿੰਡ ਦੇ ਬਾਹਰਵਾਰ ਜੰਗਲ ਵਾਲੇ ਪਾਸੇ, ਇਕ ਖੂਹ ਦੇ ਥੜੇ ’ਤੇ ਬੈਠੇ ਆਪਣੇ ਦੋ ਸਾਥੀਆਂ ਪੰਡਤ ਗੋਪਾਲ ਜੀ ਅਤੇ ਬ੍ਰਿਜ ਨਾਥ ਜੀ ਨਾਲ ਗੱਲੀਂ ਲੱਗੇ ਹੋਏ ਸਨ। ਗੱਲਾਂ-ਬਾਤਾਂ ਕਰਦਿਆਂ ਪੰਡਤ ਬ੍ਰਿਜ ਨਾਥ ਜੀ ਨੇ ਗੱਲਾਂ ਦਾ ਮੁਹਾਣ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੁਆਰਾ ਜਨੇਊ ਨਾ ਪਾਉਣ ਦੀ ਘਟਨਾ ਵੱਲ ਮੋੜ ਲਿਆ।

ਪੰਡਤ ਹਰਿਦਿਆਲ ਜੀ ਨੂੰ ਸੰਬੋਧਨ ਹੁੰਦਿਆਂ ਆਖਣ ਲੱਗੇ, ਪੰਡਤ ਜੀਓ! ਨਿਰਸੰਦੇਹ ਬਾਲਕ ਨਾਨਕ ਅਲੌਕਿਕ ਅਤੇ ਅਵਤਾਰੀ ਪੁਰਸ਼ ਹੈ। ਦੈਵੀ ਪੁਰਸ਼ ਹੋਣ ਦੇ ਨਾਤੇ ਮੈਂ ਉਨ੍ਹਾਂ ਸਨਮੁੱਖ ਆਪਣਾ ਸਿਰ ਵੀ ਝੁਕਾ ਚੁੱਕਾ ਹਾਂ ਪਰ ਹਿੰਦੂ ਧਰਮ ਦੇ ਪ੍ਰੋਹਿਤ ਵਰਗ ਦਾ ਅੰਗ ਹੋਣ ਕਰ ਕੇ ਮੇਰੇ ਮਨ-ਮਸਤਕ ਅੰਦਰ ਇਹ ਸੰਸਾ ਅਤੇ ਤੌਖ਼ਲਾ ਬਹੁਤ ਪ੍ਰਬਲ ਹੈ ਕਿ ਸ਼ਾਸਤਰ ਦੀ ਮਰਿਆਦਾ ਨਾਲ ਅਜੋੜ ਅਤੇ ਅਸਹਿਮਤੀ ਕਾਰਣ, ਇਹ ਤੇਜ-ਪ੍ਰਤਾਪੀ ਅਤੇ ਸ਼ਕਤੀਮਾਨ ਪੁਰਖ ਕਿਤੇ ਵੇਦਾਂ ਦੀ ਰੀਤੀ ਨਾਲ ਬੱਧਾ ਹਵਨ, ਯੱਗ, ਧਾਰਮਿਕ ਰਸਮਾਂ, ਪੂਜਾ-ਪਾਠ ਆਦਿ ’ਤੇ ਆਧਾਰਿਤ ਸਾਡਾ ਸਾਰਾ ਕਰਮ-ਕਾਂਡੀ ਧੰਦਾ ਹੀ ਚੌਪਟ ਨਾ ਕਰ ਦੇਵੇ।

-ਜਗਜੀਵਨ ਸਿੰਘ (ਡਾ.)

ਫੋਨ : 99143—01328


Harinder Kaur

Content Editor

Related News