''ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ''

Sunday, Nov 10, 2019 - 09:31 AM (IST)

''ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ''

ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਦਾ ਕਰਤਾ, ਭਰਤਾ ਅਤੇ ਹਰਤਾ ਹੈ। ਉਸ ਵਾਹਿਗੁਰੂ ਦੀ ਸਦੀਵੀਂ ਹੋਂਦ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ 'ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੂ'।। ਆਖ ਕੇ ਕੀਤਾ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੋਣ ਕਰ ਕੇ ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ। ਉਸ ਦੀ ਬੰਦਗੀ ਕਰਨ 'ਚ ਹੀ ਸਭ ਦਾ ਭਲਾ ਹੈ। ਗੁਰੂ ਸਾਹਿਬ ਦੀ ਪਾਵਨ ਬਾਡੀ ਉਸੇ ਨਾਲ ਜੁੜਨ ਦਾ ਸੰਦੇਸ਼ ਤੇ ਪ੍ਰੇਰਨਾ ਦਿੰਦੀ ਹੈ। ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ। ਉਸ ਦੀ ਜੋਤ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ-ਜਾਣ ਚਲ ਰਿਹਾ ਹੈ। ਸਭ ਜੀਵਾਂ 'ਚ ਹੀ ਉਸ ਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਉਸ ਦੀ ਬੰਦਗੀ ਤੇ ਅਰਾਧਨਾ ਨਾਲ ਮੁਕਤੀ ਮਿਲ ਸਕਦੀ ਹੈ। ਉਸ ਦੀ ਬਖਸ਼ਿਸ਼ ਨਾਲ ਸਭ ਪ੍ਰਾਪਤੀਆਂ ਹੋ ਸਕਦੀਆਂ ਹਨ। ਉਸ ਨਾਲ ਜੁੜ ਕੇ ਜੀਵ ਦੇਵਤਾ ਬਣ ਜਾਂਦਾ ਹੈ। ਉਸ ਦੀ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ। ਜਿਹੜੇ ਕੌਤਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਵਰਤੇ, ਉਨ੍ਹਾਂ 'ਚੋਂ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਦੈਵੀ ਹੋਣ ਦਾ ਪ੍ਰਗਟਾਵਾ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ ਅਤੇ ਪਿਤਾ ਜੀ ਦੇ ਵੱਡੇ ਕਰਮਾਂ ਦਾ ਫਲ ਹੀ ਸੀ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਵਲੋਂ ਉਚਾਰਨ ਕੀਤੀ 'ਧੁਰ ਕੀ ਬਾਣੀ' ਵੀ ਉਨ੍ਹਾਂ ਦੇ ਦੈਵੀ ਹੋਣ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਦੀ ਅਕਾਲ ਪੁਰਖ ਨਾਲ ਦੈਵੀ ਸਾਂਝ ਦਾ ਪ੍ਰਗਟਾਵਾ ਵੀ ਪਾਵਨ ਬਾਣੀ ਹੀ ਕਰਦੀ ਹੈ।

ਅਪਰੰਪਰ ਪਾਰਬ੍ਰਹਮ ਪ੍ਰਮੇਸ਼ਰ ਨਾਨਕ ਮਿਲਿਆ ਸੋਈ ਜੀਉ। ਅੰਗ-599

ਜਦੋਂ ਅਸੀਂਂ ਵੱਖ-ਵੱਖ ਸਰਤਾਂ ਤੋਂ ਗੁਰੂ ਸਾਹਿਬ ਦਾ ਜੀਵਨ-ਦਰਸ਼ਨ ਵਾਚਦੇ ਹਾਂ ਤਾਂ ਸਚਮੁੱਚ ਹੀ ਉਨ੍ਹਾਂ ਦੀ ਦੈਵੀ-ਹਸਤੀ 'ਚੋਂ ਸੂਰਜ ਵਰਗਾ ਤੇਜ, ਚੰਦਰਮਾ ਵਰਗੀ ਼ਸ਼ਾਂਤੀ, ਸਮੁੰਦਰ ਵਰਗਾ ਸਹਿਜ, ਦ੍ਰਿੜ੍ਹਤਾ ਸਮੇਰ ਪਰਬਤ ਜਿਹੀ ਰੁਖਾਂ ਵਰਗੀ ਜੀਰਾਦ, ਨਿਮਰਤਾ ਦੇ ਦਰਸ਼ਨ ਸਹਿਜ ਸੁਭਾਅ ਹੀ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਇਕੋ ਨਜ਼ਰ ਹੀ ਮਨੁੱਖਾਂ ਤੇ ਜੀਵ ਜੰਤੂਆਂ ਦੇ ਜੀਵਨ ਨੂੰ ਬਦਲਣ ਲਈ ਸਮਰੱਥ ਹੈ। ਆਪਣੀਆਂ ਚਾਰੋਂ ਉਦਾਸੀਆਂ ਦੌਰਾਨ ਜਿਸ ਮਾਰਗ 'ਤੇ ਵੀ ਗੁਰੂ ਬਾਬਾ ਜੀ ਗਏ, ਮੁੜ ਉਸ ਸਥਾਨ 'ਤੇ ਨਹੀਂ ਜਾ ਸਕੇ ਪਰ ਉਨ੍ਹਾਂ ਦੁਆਰਾ ਸਥਾਪਿਤ ਸੰਗਤ ਨਿਰੰਤਰ ਹੁਣ ਤਕ ਵੀ ਕਾਇਮ ਹੈ। ਜਿਥੇ ਵੀ ਗੁਰੂ ਸਾਹਿਬ ਦੇ ਚਰਨ ਟਿਕੇ, ਉਹ ਥਾਵਾਂ ਪੂਜਣ ਯੋਗ ਹੋ ਗਈਆਂ, ਜਦੋਂ ਗੁਰੂ ਬਾਬਾ ਜੀ ਜੰਗਲਾਂ-ਬੇਲੀਆਂ, ਰੇਗਿਸਤਾਨ, ਪਹਾੜਾਂ, ਸਮੁੰਦਰਾਂ, ਨਦੀਆਂ ਦਾ ਭਰਮਣ ਕਰਦੇ ਸਨ, ਕਦੇ ਵੀ ਭੈਅ, ਡਰ, ਦੁਬਿਧਾ ਉਨ੍ਹਾਂ ਦੇ ਜੀਵਨ 'ਚ ਦਿਖਾਈ ਹੀ ਨਹੀਂ ਦਿੱਤੀ। ਸਮੁੱਚੇ ਸੰਸਾਰ ਨੂੰ ਸੱਚ, ਹੱਕ, ਸਦਾਚਾਰ, ਮਨੁੱਖਤਾ ਦੇ ਭਲੇ ਦੇ ਮਾਰਗ 'ਤੇ ਪਾਉਣ ਲਈ ਗੁਰੂ ਬਾਬਾ ਜੀ ਨੇ ਜਿਹੜੇ ਕਾਰਜ ਆਰੰਭ ਕੀਤੇ, ਉਸ 'ਚ ਜਿਹੜੀ ਵੀ ਰੁਕਾਵਟ ਆਈ, ਨੂੰ ਸੰਵਾਦ, ਵਿਚਾਰ-ਵਟਾਂਦਰਾ ਕਰਦਿਆਂ ਦੂਰ ਕੀਤਾ ਪਰ ਕਦੇ ਵੀ ਨਿਮਰਤਾ, ਸਹਿਜ, ਦ੍ਰਿੜ੍ਹਤਾ ਅਤੇ ਨਿਡਰਤਾ ਦਾ ਪੱਲਾ ਨਹੀਂ ਛੱਡਿਆ।

ਗੁਰੂ ਬਾਬਾ ਜੀ ਨਾਲ ਮੇਲ-ਮਿਲਾਪ ਤੋਂ ਬਾਅਦ, ਵੱਡੇ-ਵੱਡੇ ਲੋਭੀ, ਲਾਲਚੀ, ਦੰਭੀ, ਪਾਖੰਡੀ, ਹੰਕਾਰੀ, ਬਹੁਰੂਪੀਏ ਤੇ ਖੂੰਖਾਰ ਮਨੁੱਖਾਂ ਦੇ ਮਨ 'ਚ ਪ੍ਰੇਮ, ਦਇਆ ਵਰਗੀ ਭਾਵਨਾ ਹੀ ਪੈਦਾ ਨਹੀਂ ਹੋਈ, ਸਗੋਂ ਅਜਿਹੇ ਦਰਿੰਦੇ ਮਨੁੱਖ, ਗੁਰੂ ਬਾਬਾ ਜੀ ਦੇ ਦੱਸੇ ਸਤਿ ਦੇ ਮਾਰਗ ਦੇ ਧਾਰਨੀ ਬਣ ਗਏ। ਜਿਸ ਨੇ ਵੀ ਗੁਰੂ ਸਾਹਿਬ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਦੇ ਅਗੰਮੀ ਵਚਨਾਂ ਤੋਂ ਅਜਿਹਾ ਪ੍ਰਭਾਵਿਤ ਹੋਇਆ ਤੇ ਚਰਨਾਂ 'ਤੇ ਢਹਿ ਕੇ ਪਿਛਲੇ ਕੀਤੇ ਕਰਮਾਂ ਲਈ ਖਿਮਾ ਜਾਚਨਾ ਕਰਦਿਆਂ ਮੁੜ ਸੱਚ ਦੇ ਮਾਰਗ 'ਤੇ ਚੱਲਣ ਦਾ ਵਾਅਦਾ ਕੀਤਾ। ਗੁਰੂ ਸਾਹਿਬ ਦੀ ਵਡਿਆਈ ਦੀਆਂ ਅਜਿਹੀਆਂ ਸਾਖੀਆਂ ਤੇ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਅਸਥਾਨ 'ਤੇ ਗੁਰੂ ਸਾਹਿਬ ਗਏ, ਹੁਣ ਤਕ ਉਥੋਂ ਦੇ ਸਥਾਨਕ ਲੋਕਾਂ 'ਚ ਪੀੜ੍ਹੀ-ਦਰ-ਪੀੜ੍ਹੀ ਉਹੋ ਕਥਾ ਕਹਾਣੀਆਂ ਲੋਕਾਂ 'ਚ ਪ੍ਰਚੱਲਿਤ ਹਨ।

ਗੁਰੂ ਬਾਬਾ ਜੀ ਦੀ ਪਾਰਸ ਛੋਹ ਅਜਿਹੀ ਸਮਰੱਥਾ ਰੱਖਦੀ ਹੈ, ਜਿਸ ਨਾਲ ਬੋਲੇ ਤੇ ਗੂੰਗੇ, ਬੋਲਣ ਤੇ ਸੁਣਨ ਲੱਗ ਪਏ। ਅੱਖਾਂ ਤੋਂ ਅੰਨ੍ਹੇ ਦੇਖਣ ਦੀ ਤਾਕਤ ਪ੍ਰਾਪਤ ਕਰ ਸਕੇ। ਪਿੰਗਲਿਆਂ 'ਚ ਪਰਬਤਾਂ ਨੂੰ ਪਾਰ ਕਰਨ ਦੀ ਸ਼ਕਤੀ ਆ ਗਈ। ਅਸਲ 'ਚ ਉਹ ਪ੍ਰਭੂ ਨਦੀਆਂ ਅਤੇ ਦਰਿਆਵਾਂ ਦੀ ਥਾਂ ਟਿੱਬੇ ਅਤੇ ਮਾਰੂਥਲਾਂ 'ਚ ਹਰਿਆਵਲ ਪੈਦਾ ਕਰ ਦਿੰਦਾ ਹੈ। ਉਹ ਨੀਵਿਆਂ ਅਤੇ ਕਮਜ਼ੋਰਾਂ ਨੂੰ ਤਾਕਤਵਾਰ, ਤਾਕਤਵਰ ਲਸ਼ਕਰਾਂ ਨੂੰ ਨੇਸਤੋ- ਨਮੂਦ ਕਰ ਸਕਦਾ ਹੈ। ਪ੍ਰਭੂ ਦਾ ਦਇਆਵਾਨ ਸਰੂਪ ਸਾਡੇ ਹਜ਼ਾਰਾਂ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਉਹ ਪ੍ਰਭੂ ਇੰਨਾ ਵੱਡਾ ਗੁਣੀ ਰੂਪ 'ਚ ਮਨੁੱਖੀ ਅਕਲ ਤੇ ਬੁੱਧੀ ਬਿਆਨ ਨਹੀਂ ਕਰ ਸਕਦੀ। ਉਸ ਦੀ ਰਜ਼ਾ 'ਚ ਹੀ ਸੁੱਖ ਹੈ, ਉਸ ਦੇ ਹੁਕਮ 'ਚ ਹੀ ਸਫਲਤਾ ਹੈ। ਗੁਰੂ ਬਾਬਾ ਜੀ ਪਾਵਨ ਬਾਣੀ 'ਚ ਥਾਂ ਥਾਂ, ਉਸ ਸੱਚੇ ਪ੍ਰਭੂ ਦੀ ਉਸਤਤ, ਵਡਿਆਈ ਮਹਿਮਾ ਤੇ ਸ਼ੋਭਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਬਾਬਾ ਜੀ ਦੀ ਬਾਣੀ ਇਹ ਸਿਧਾਂਤ ਮੁਤਾਬਕ ਮਨੁੱਖ ਸਦਾਚਾਰ ਤੇ ਸੱਚ ਨਾਲ ਜੁੜ ਕੇ ਪ੍ਰਮਾਤਮਾ ਦੀ ਬੰਦਗੀ ਕਰਨਾ ਹੈ, ਉਹ ਪ੍ਰਭੂ ਬੰਦਗੀ 'ਚੋਂ ਪ੍ਰਗਟ ਹੁੰਦਾ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਭਾਵ ਅਜਿਹਾ ਹੈ, ਜਿਹੜਾ ਜੀਵ ਵੀ ਇਸ ਦ੍ਰਿਸ਼ਟੀ 'ਚ ਆ ਜਾਂਦਾ ਹੈ, ਉਸ 'ਚ ਅੰਤਰੀਵੀ ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਹੁਣ ਉਸ ਮਨੁੱਖ ਨੂੰ ਸਰਬੱਤ ਸੰਸਾਰ 'ਚੋਂ ਉਸ ਦੀ ਅਗੰਮੀ ਜੋਤ ਵਿਖਾਈ ਦਿੰਦੀ ਹੈ। ਸਰਬੱਤ ਦਾ ਭਲਾ ਹਿਰਦੇ ਦੇ ਤਲ ਤੋਂ ਪ੍ਰਗਟ ਹੁੰਦਾ ਹੈ।

ਅਸੀਂ ਵੇਖਦੇ ਹਾਂ ਸੰਸਾਰ ਦੇ ਸਮੂਹ ਗੁਰੂ-ਨਾਮਲੇਵਾ ਲੋਕ, ਜ਼ਾਹਰ-ਪੀਰ, ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮੂਹ ਬੁਰਾਈਆਂ ਅਤੇ ਪਾਪਾਂ ਦਾ ਨਾਸ਼ਕ ਮੰਨਦੇ ਹਨ। ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚੰਗੇ ਕਰਮਾਂ ਦੀ ਨਿਸ਼ਾਨੀ ਮੰਨਦੇ ਹਨ। ਹੁਣ ਅਜਿਹੇ ਮਨੁੱਖ ਗੁਰੂ ਬਾਬਾ ਜੀ ਦੀ ਫਿਲਾਸਫੀ 'ਤੇ ਅਜਿਹਾ ਦ੍ਰਿੜ੍ਹ-ਵਿਸ਼ਵਾਸ ਕਰ ਲੈਂਦੇ ਹਨ, ਜਿਸ ਨਾਲ ਵਹਿਮਾਂ ਭਰਮਾਂ, ਸ਼ੁਭ ਅਸ਼ੁਭ, ਸ਼ਗਨ ਅਸ਼ਗਨ ਤੋਂ ਸਦੀਵੀ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਡਿਆਈ ਕਰਨ ਨਾਲ ਰਿਸ਼ੀਆਂ, ਮੁਨੀਆਂ ਪੀਰਾਂ-ਫਕੀਰਾਂ, ਦੇਵੀ-ਦੇਵਤਿਆਂ ਵਲੋਂ ਦਿੱਤੀਆਂ ਜਾਂਦੀਆਂ ਬਖਸ਼ਿਸ਼ਾਂ, ਸ਼ੁਭ ਅਸੀਸਾਂ ਤੇ ਸਮੂਹ ਤੀਰਥਾਂ ਦਾ ਫਲ ਸਹਿਜ ਸੁਭਾਅ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਤਾਬਿਆ ਆਉਣ ਨਾਲ ਤਿੰਨ ਤਾਪ ਵੀ ਦੂਰ ਹੋ ਜਾਂਦੇ ਹਨ। ਕਮਲ ਫੁੱਲ ਵਾਂਗ ਚਿੱਕੜ 'ਚ ਰਹਿ ਕੇ ਵੀ ਮਨੁੱਖ ਨਿਰਲੇਪ ਰਹਿੰਦਾ ਹੈ।

ਅਸਲ 'ਚ ਗੁਰੂ ਬਾਬਾ ਜੀ ਆਤਮਾ-ਪ੍ਰਮਾਤਮਾ ਦੇ ਮੇਲ ਦੀ ਵਿਧੀ ਆਪਣੀ ਪਾਵਨ ਬਾਣੀ 'ਚ ਦਰਸਾਈ ਹੈ। ਇਹੋ ਪਾਵਨ ਬਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਸ਼ਬਦ-ਗੁਰੂ ਦੀ ਪ੍ਰਾਪਤੀ ਦਾ ਮਾਰਗ ਧੰਨ ਗੁਰੂ ਨਾਨਕ ਦੇਵ ਜੀ ਦੇ ਦੈਵੀ ਗੁਣਾਂ ਦੀ ਮਹਿਮਾ ਉਸਤਤ, ਵਡਿਆਈ 'ਚੋਂ ਹੀ ਪ੍ਰਗਟ ਹੁੰਦੀ ਹੈ। ਅਜਿਹੀ ਪ੍ਰੀਤ ਸਾਡੇ ਹਿਰਦੇ, ਘਰ 'ਚ ਵੀ ਪ੍ਰਵੇਸ਼ ਕਰ ਜਾਵੇ। ਸਾਨੂੰ ਵੀ 550 ਸਾਲਾ ਆਗਮਨ ਪੁਰਬ ਇਸ ਮਾਰਗ ਦਾ ਪਾਂਧੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ।

ਜਾਲਉ ਐਸੀਰੀਤਿ ਜਿਤੁ ਮੈ ਪਿਆਰਾ ਵੀਸਰੈ।।
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ। (ਅੰਗ 590)


ਸੰਤ ਸਮਸ਼ੇਰ ਸਿੰਘ ਜਗੇੜਾ
ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਪਿੰਡ ਤੇ ਡਾਕ. ਨਾਨਕਪੁਰ ਨਗੇੜਾ ਜ਼ਿਲਾ ਲੁਧਿਆਣਾ


author

Baljeet Kaur

Content Editor

Related News