ਬਾਬਾ ਜੀ ਦੀ ਪ੍ਰਾਹੁਣਚਾਰੀ!

10/30/2019 10:41:15 AM

ਬਾਬਾ ਜੀ ਦੀ ਪ੍ਰਾਹੁਣਚਾਰੀ!
ਅੰਧ ਰਾਸ਼ਟਰਵਾਦ ਵਿਚ ਮੁਹੱਬਤੀ ਸਾਂਝ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ

ਉੱਠ ਨੀ ਸਖ਼ੀਏ..!

ਚੱਲ ਵੇਖਣ ਚੱਲੀਏ

ਅਜਬ ਮੂਰਤਾਂ ਆਈਆਂ ਨੀ

ਥਾਂ-ਥਾਂ ਛਤਰ ਲੱਗੇ ਹਨ ਭਾਰੇ

ਇਕ ਤੋਂ ਇਕ ਸਵਾਈਆਂ ਨੀ।

ਇਹ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਨੇ ‘ਖ਼ਾਲਸਾ ਸਮਾਚਾਰ’ ਵਿਚ ਕੱਤਕ ਦੀ 25 ਸੰਮਤ ਨਾਨਕਸ਼ਾਹੀ 448, ਨਵੰਬਰ 9 ਸੰਨ 1916 ਈਸਵੀ ਨੂੰ ਲਿਖੀ ਸੀ। ਇਸ ਕਵਿਤਾ ਨੂੰ ਪੂਰਨ ਸਿੰਘ ਨੇ 4 ਹਿੱਸਿਆਂ ਵਿਚ ਵੰਡਿਆ ਹੈ। ਇਸ ਕਵਿਤਾ ਨੂੰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਜਸਵਿੰਦਰ ਸਿੰਘ ਵੱਲੋਂ ਸੰਪਾਦਤ ਕੀਤੀ ਕਿਤਾਬ ‘ਪ੍ਰੋਫੈਸਰ ਪੂਰਨ ਸਿੰਘ ਸੰਪੂਰਨ ਰਚਨਾਵਲੀ’ ਵਿਚ ਪੜ੍ਹ ਸਕਦੇ ਹੋ। ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਬਾਰੇ ਬਹੁਤਿਆਂ ਦੀ ਰਾਇ ਇਹੋ ਰਹੀ ਹੈ ਕਿ ਉਹ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਸਨ ਪਰ ਉਨ੍ਹਾਂ ਦੀ ਇਹ ਕਵਿਤਾ ਛੰਦਬੱਧ ਕਵਿਤਾ ਦਾ ਅਜਬ ਸੁਹੱਪਣ ਪੇਸ਼ ਕਰਦੀ ਹੈ।

550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਕਵਿਤਾ ਨੂੰ ਵਾਰ-ਵਾਰ ਦੱਸਣਾ-ਕਹਿਣਾ ਅਤੇ ਗਾਉਣਾ ਬਹੁਤ ਜ਼ਰੂਰੀ ਹੈ। ਕਵਿਤਾ ਦੇ ਪਹਿਲੇ ਹਿੱਸੇ ਵਿਚ ਪ੍ਰੋਫੈਸਰ ਪੂਰਨ ਸਿੰਘ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵੇਲੇ ਕੁਦਰਤ ਦੇ ਚਾਅ ਖੁਸ਼ੀਆਂ ਬਿਆਨ ਕਰਦੇ ਦੱਸਦੇ ਹਨ ਕਿ ਇਸ ਰੱਬੀ ਰਹਿਬਰ ਦੇ ਆਉਣ ਦਾ ਕੁਦਰਤ ਦੀ ਖੁਸ਼ੀ ਦਾ ਟਿਕਾਣਾ ਕੀ ਹੈ।

ਅਜਬ ਮਹਿਕ ਹੈ ਫੈਲੀ ਸਾਰੇ

ਵੱਜਣ ਸਹਿਜ ਵਧਾਈਆਂ ਨੀ

ਕੰਬਲਾਂ ਨੂੰ ਹਨ ਭੌਰੇ ਭੁੱਲੇ

ਦਿੰਦੇ ਫਿਰਦੇ ਧਾਈਆਂ ਨੀ

ਆਕਾਸ਼ ਪਵਿੱਤਰ ਧਰਤ ਪਵਿੱਤਰ

ਚੀਜ਼ਾਂ ਤੀਰਥ ਨਹਾਇਆ ਨੀ

ਪਿਆਰ ਗਗਨ ਹੈ ਛਾਇਆ ਉੱਪਰ

ਸਾਰੀਆਂ ਬਾਬਲ ਜਾਈਆਂ ਨੀ

ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਸਿੱਖ ਫਲਸਫੇ ਅਤੇ ਦੁਨੀਆ ਦੇ ਮੁਹੱਬਤੀ ਫਲਸਫਿਆਂ ਨਾਲ ਪਰਣਾਈ ਕਵਿਤਾ ਰਹੀ ਹੈ। ਇਸ ਕਵਿਤਾ ਦੀ ਸਿਰਜਣਾ ਕਰਨ ਵੇਲੇ ਵੀ ਪ੍ਰੋਫੈਸਰ ਪੂਰਨ ਸਿੰਘ ਕੁਦਰਤ ਦੀ ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਵਿਚ ਸਿਜਦਾ ਹੋਣ ਨੂੰ ਸਿੱਖੀ ਦੇ ਅਦਵੈਤਵਾਦ ਵਿਚੋਂ ਹੀ ਸਮਝਾਉਂਦੇ ਹਨ।

ਇਸ ਦੌਰ ਦੇ ਅੰਦਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿਚੋਂ ਧਰਮ ਦੇ ਨਾਂ ਉੱਤੇ ਭੀੜ ਵਲੋੋਂ ਮਾਰ ਦਿੱਤੇ ਗਏ ਬੰਦਿਆਂ ਦਾ ਜ਼ਿਕਰ ਨਹੀਂ ਹੈ। ਜਦੋਂ ਇਕ ਧਰਮ ਦੇ ਬੰਦੇ ਦੂਜੇ ਧਰਮ ਦੇ ਬੰਦਿਆਂ ਪ੍ਰਤੀ ਡਰੇ ਹੋਏ ਹਨ। ਨਫ਼ਰਤਾਂ ਦੇ ਅਜਿਹੇ ਦੌਰ ਅੰਦਰ ਸਾਂਝੀ ਮੁਹੱਬਤ, ਸਾਂਝੀਵਾਲਤਾ ਦੀ ਅਜਿਹੀ ਭਾਵਨਾ ਸਿਆਸੀ ਭੇੜ ਵਿਚ ਅਣਗੌਲਿਆਂ ਹੋ ਰਹੀ ਹੈ। ਇਨ੍ਹਾਂ ਸਾਰੇ ਰੂਪਾਂ ਵਿਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਦੂਜਾ ਪਹਿਰਾ ਬਹੁਤ ਮਹਾਨ ਅਤੇ ਵੱਡਾ ਵਰਤਾਰਾ ਹੈ।

ਪਾ ਕੱਪੜੇ ਚੱਲ ਵੇਖਣ ਚੱਲੀਏ

ਕੌਣ ਕੌਣ ਰੱਖ ਆਈ ਨੀ

ਸ਼ਿਵ ਜੀ ਨਾਲ ਗੌਰਜਾਂ ਲੈ ਕੇ

ਚੜ੍ਹ ਕੰਧੀ ਉਹ ਧਾਏ ਨੀ

ਨੀਝ ਲਾਇ ਕੇ ਦੇਖੋ ਸਖੀਓ

ਵਿਸ਼ਨੂੰ ਆਣ ਸਹਾਏ ਨੀ

ਕੰਵਲ ਨੈਣ ਉਹ ਲੱਛਮੀ ਆਈ

ਸੁਹੱਪਣ ਗਗਨ ਰੰਗਾਏ ਨੀ

ਪ੍ਰੋਫੈਸਰ ਪੂਰਨ ਸਿੰਘ ਇਸ ਕਵਿਤਾ ਦੇ ਮਾਰਫਤ ਉਸ ਸਫਰ ਨੂੰ ਦਰਜ ਕਰਦੇ ਹਨ, ਜਿਸ ਸਫ਼ਰ ਵਿਚ ਦੁਨੀਆ ਦੇ ਮਹਾਨ ਫਲਸਫੇ ਸਫ਼ਰ ਤੈਅ ਕਰਦੇ ਹੋਏ ਮੁਹੱਬਤੀ ਸਾਂਝਾਂ-ਮਨੁੱਖਤਾ-ਸਾਂਝੀਵਾਲਤਾ-ਅਮਨ-ਸ਼ਾਂਤੀ ਦੀ ਰੌਸ਼ਨੀ ਬਣੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵੇਲੇ ਪ੍ਰੋਫੈਸਰ ਪੂਰਨ ਸਿੰਘ ਵੱਖ-ਵੱਖ ਧਰਮ ਦੇ ਵੱਡੇ ਪੈਗੰਬਰਾਂ ਨੂੰ ਵਧਾਈਆਂ ਵਿਚ ਸ਼ਰੀਕ ਕਰ ਰਹੇ ਹਨ। ਇਹ ਵੱਡਾ ਵਰਤਾਰਾ ਹੈ। ਇੱਥੇ ਕਿਸੇ ਤਰ੍ਹਾਂ ਦਾ ਤਰਕ ਵਿਤਰਕ ਨਹੀਂ। ਇੱਥੇ ਗੁਰਦੁਆਰੇ ਮਸੀਤਾਂ ਨੂੰ ਜਾ ਰਹੇ ਹਨ। ਮਸੀਤ ਮੰਦਰਾਂ ਨੂੰ ਜਾ ਰਹੇ ਹਨ। ਮੰਦਰ ਮਸੀਤਾਂ ਵਿਚ ਆ ਰਹੇ ਹਨ। ਕਹਿਣ ਤੋਂ ਭਾਵ ਇੱਥੇ ਧਰਮ ਦੇ ਨਾਂ ’ਤੇ ਪਛਾਣ ਤੈਅ ਨਹੀਂ। ਇੱਥੇ ਸਭ ਮੁਹੱਬਤਾਂ ਦੇ ਸਾਂਝੇ ਸਿਰਨਾਵੇਂ ਹੋ ਗਏ ਹਨ।

ਧਰਮ ਇਹੋ ਤਾਂ ਹੈ!

ਧਰਮ ਬੰਦਿਆਂ ਦਾ ਸੁਭਾਅ

ਧਰਮ ਉਸ ਇਬਾਦਤ ਦਾ ਆਧਾਰ ਹੈ, ਜਿਹਦੇ ਵਿਚ ਇਨਸਾਨੀ ਕਦਰਾਂ-ਕੀਮਤਾਂ ਦੀਆਂ ਉੱਚੀਆਂ ਮਿਸਾਲਾਂ ਜਿਊਂਦੀਆਂ ਹਨ।

ਉੱਠ ਨੀ ਸਖ਼ੀ ਚੱਲ ਵੇਖਣ ਚੱਲੀਏ

ਹੋਰ ਰੰਗੀਲਾ ਆਇਆ ਈ

ਛਾਈਂ ਮਾਈਂ ‘ਰਾਮ’ ਨਾਮ ਹੈ

ਨਾਨਕ ਨਾਦ ਵਜਾਇਆ ਈ

ਬੰਸੀ ਬੀਨ ਵਜਾਏ ਮਿੱਠੀ

“ਨਾਨਕ’’ “ਨਾਨਕ’’ ਗਾਇਆ ਈ

ਬੁੱਧ ਆਈ ਤੇ ਜੀਨਾ ਆਏ

ਧੰਨ ਗੁਰੂ ਨਾਨਕ ਗਾਇਆ ਈ

ਈਸਾ ਨਾਲ ਮੁਹੰਮਦ ਆਏ

ਨਾਨਕ ਧੰਨ ਅਲਾਹਿਆ ਈ

ਦੁਨੀਆ ਦੇ ਸਭ ਤੋਂ ਆਧੁਨਿਕ ਧਰਮ ਨਵੇਂ ਫਲਸਫ਼ੇ ਤੱਕ ਪਹੁੰਚਦਿਆਂ ਪੁਰਾਤਨ ਤੁਰੇ ਆ ਰਹੇ ਫ਼ਲਸਫ਼ਿਆਂ ਦਾ ਨਿਚੋੜ ਹੀ ਤਾਂ ਹੈ। ਇਸ ਸਾਰ ਤੱਤ ਵਿਚ ਜੇ ਦੁਨਿਆਵੀ ਸਮਝ ਨਾਲ ਇਸ ਦੀ ਵਿਆਖਿਆ ਕਰਾਂਗੇ ਤਾਂ ਗੱਚਾ ਖਾਵਾਂਗੇ। ਇੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ਮੌਕੇ ਇਸ ਖੁਸ਼ੀ ਵਿਚ ਬੁੱਧ-ਜੈਨ-ਈਸਾ-ਪੈਗੰਬਰ ਮੁਹੰਮਦ ਸਾਹਿਬ ਵੀ ਆਏ ਹਨ।

ਭੂਤ ਭਵਿੱਖ ’ਤੇ ਵਰਤਮਾਨ ਦੀ

ਆਈ ਸਭ ਲੋਕਾਈ ਹੈ

ਰੂਪ ਨਾ ਰੇਖ ਨਾ ਰੰਗ ਨਾ ਸੂਰਤ

ਇਕੋ ਪਿਆਰ ਇਲਾਹੀ ਹੈ

ਰਸਿਕ ਚੁੱਪ ਦੀ ਮਿੱਠ ਵਿਚ ਬੋਲੇ

ਧਰਮਸਾਲ ਸਭ ਭਾਈ ਹੈ

ਸਭ ਨੇ ਰਲ ਕੇ ਗੀਤ ਗਾਵਿਆ

ਅਨਹਤ ਧੁਨੀ ਉਠਾਈ ਹੈ

ਸਭ ਤੋਂ ਵੱਡਾ ਸਤਿਗੁਰੂ ਨਾਨਕ

ਨਾਨਕ ਧੰਨ ਕਮਾਈ ਹੈ

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਪੂਰਨ ਸਿੰਘ ਬਾਰੇ ਕਿਤਾਬ ਲਿਖਣ ਵਾਲੇ ਪੰਜਾਬ ਦੇ ਅਦੀਬ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਇਸ ਕਵਿਤਾ ਬਾਰੇ ਸਮਝਾਉਂਦਿਆਂ ਕਹਿੰਦੇ ਹਨ ਕਿ ਇਹ ਅਨਹਦ ਕਾਵਿਕ ਵਡਿਆਈ ਹੈ। ਇਸ ਦੌਰ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਨੂੰ ਅਸੀਂ ਮਾਡਰਨਿਟੀ ਦੇ ਸੰਦਰਭਾਂ ਵਿਚ ਸਮਝਣ ਲੱਗ ਜਾਂਦੇ ਹਾਂ ਪਰ ਪ੍ਰੰਪਰਾ ਤੋਂ ਬਿਨਾਂ ਆਧੁਨਿਕਤਾ ਦਾ ਕੋਈ ਅਰਥ ਨਹੀਂ, ਧਰਮ ਵੱਡਾ ਵਰਤਾਰਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਇਹ ਕਵਿਤਾ ਬਹੁਤ ਆਜ਼ਾਦ ਤੇ ਉੱਚਾ ਖਿਆਲ ਹੈ। ਥਾਵਾਂ ਦੀਆਂ ਦਾਅਵੇਦਾਰੀਆਂ ਧਰਮ ਦੇ ਮੌਜੂਦਾ ਠੇਕੇਦਾਰ ਕਰ ਸਕਦੇ ਹਨ ਪਰ ਰੂਹਾਨੀ ਪੈਂਡੇ ਤਾਂ ਇਸ ਤੋਂ ਮੁਕਤ ਹਨ। ਇਹ ਸਾਡੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਵਿਚ ਕੋਈ ਭਾਵਨਾਤਮਕ, ਸੰਗੀਤਆਤਮਕ ਅਤੇ ਇੰਟਲੈਕਚੁਅਲ ਸਮਝ ਪੈਦਾ ਕਰਨ ਤੋਂ ਖੁੰਝੇ ਹਾਂ। ਸਾਡੀਆਂ ਸੰਸਥਾਵਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਇਹ ਕਵਿਤਾ ਬਹੁਤ ਸਾਰੇ ਪਹਿਲੂਆਂ ਤੋਂ ਰੌਸ਼ਨੀ ਦਿੰਦੀ ਹੈ।

ਪੰਜਾਬੀ ਯੂਨੀਵਰਸਿਟੀ ਤੋਂ ਡਾ. ਜਸਵਿੰਦਰ ਸਿੰਘ ਇਸ ਕਵਿਤਾ ਨੂੰ ਓਰੀਐਂਟਲ ਸਪਿਰਟ ਦਾ ਨਾਮ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਂਝੀਵਾਲਤਾ ਦਾ ਭਾਰਤ ਦਾ ਅਧਿਆਤਮਕ ਚਿੰਨ੍ਹ ਇਸ ਕਵਿਤਾ ਵਿਚ ਮਹਿਸੂਸ ਹੁੰਦਾ ਹੈ। ਦੂਜਾ ਇਸ ਕਵਿਤਾ ਵਿਚ ਬਣੇ ਬਣਾਏ ਖਾਕੇ ਤੋਂ ਪਾਰ ਇਕ ਵੱਡੀ ਰੂਹਾਨੀ ਗੱਲ ਵੀ ਹੋ ਰਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਸਮੇਂ-ਸਮੇਂ ਦੇ ਕਵੀਆਂ ਨੇ ਆਪਣੇ ਢੰਗ ਨਾਲ ਕੀਤੀ ਹੈ। ਬਾਬੂ ਫ਼ਿਰੋਜ਼ਦੀਨ ਸ਼ਰਫ਼, ਨਜ਼ੀਰ ਅਕਬਰਾਬਾਦੀ, ਅਲਾਮਾ ਮੁਹੰਮਦ ਇਕਬਾਲ, ਭਾਈ ਵੀਰ ਸਿੰਘ ਤੋਂ ਲੈ ਕੇ 1969 ਵਿਚ 500 ਸਾਲਾ ਮੌਕੇ ਪ੍ਰੋਫੈਸਰ ਮੋਹਨ ਸਿੰਘ ਵੱਲੋਂ ਲਿਖੇ ਗਏ ਮਹਾਕਾਵਿ ਨਾਨਕਾਇਣ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਉਸਤਤਿ ਹੋਈ ਹੈ। ਇਸ ਦੌਰ ਅੰਦਰ ਵੀ ਗੁਰੂ ਨਾਨਕ ਦੇਵ ਜੀ ਨੂੰ ਵੱਖ-ਵੱਖ ਕਵੀਆਂ ਨੇ ਆਪਣੀ ਕਲਮ ਰਾਹੀਂ ਸਿਜਦਾ ਕੀਤਾ ਹੈ। ਪ੍ਰੋ. ਪੂਰਨ ਸਿੰਘ ਦੀ ਇਹ ਕਵਿਤਾ ਸਾਡੇ ਚੇਤਿਆਂ ਦਾ ਖਾਸ ਹਿੱਸਾ ਬਣ ਕੇ ਰਹਿਣੀ ਚਾਹੀਦੀ ਹੈ। ਇਸ ਕਵਿਤਾ ਦੀ ਨੁਹਾਰ ਮੁਹੱਬਤੀ ਸਾਂਝਾਂ ਦੀ ਪ੍ਰਤੀਕ ਹੈ। ਇਸ ਕਵਿਤਾ ਦੀ ਨੁਹਾਰ ਨਫਰਤ ਅਤੇ ਕੱਟੜਵਾਦ ਤੋਂ ਪਾਰ ਧਰਮਾਂ ਦਾ ਸਾਂਝਾ ਰੂਹਾਨੀ ਸੰਦੇਸ਼ ਹੋ ਨਿੱਬੜਿਆ ਹੈ।

-ਹਰਪ੍ਰੀਤ ਸਿੰਘ ਕਾਹਲੋਂ


Related News