''ਆਪ'' ਨੇ ਫੂਕੇ ਪੰਜਾਬ ਸਰਕਾਰ ਦੇ ਪੁਤਲੇ

06/24/2017 7:58:11 AM

ਸ੍ਰੀ ਮੁਕਤਸਰ ਸਾਹਿਬ  (ਪਵਨ, ਭੁਪਿੰਦਰ) - ਬੀਤੇ ਦਿਨੀਂ ਵਿਧਾਨ ਸਭਾ 'ਚ ਸਪੀਕਰ ਦੇ ਹੁਕਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਸਦਨ 'ਚੋਂ ਬਾਹਰ ਕੱਢਣ, ਮਾਰਕੁੱਟ ਕਰਨ ਦੇ ਵਿਰੋਧ ਵਿਚ 'ਆਪ' ਵੱਲੋਂ ਦਿੱਤੇ ਪ੍ਰਦਰਸ਼ਨ ਦੇ ਸੱਦੇ 'ਤੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ 'ਕਾਕਾ ਬਰਾੜ' ਦੀ ਅਗਵਾਈ ਹੇਠ ਸਪੀਕਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਗਦੀਪ ਸਿੰਘ 'ਕਾਕਾ ਬਰਾੜ' ਨੇ ਆਖਿਆ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਵਿਧਾਨ ਸਭਾ 'ਚ ਲੋਕ ਹਿੱਤ ਮਸਲੇ ਚੁੱਕਣ 'ਤੇ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ 'ਚ ਲੋਕ ਹਿੱਤ ਲਈ ਬੋਲਿਆ ਗਿਆ ਤਾਂ ਸਪੀਕਰ ਵੱਲੋਂ ਉਨ੍ਹਾਂ ਦੋਵਾਂ ਨੂੰ ਪੂਰੇ ਬਜਟ ਸੈਸ਼ਨ 'ਚ ਬਾਹਰ ਕੱਢਣ ਦਾ ਆਦੇਸ਼ ਦੇ ਦਿੱਤਾ ਗਿਆ। ਉਨ੍ਹਾਂ ਸਪੀਕਰ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਆਖਿਆ ਕਿ ਵਿਧਾਨ ਸਭਾ ਦਾ ਸਪੀਕਰ ਸਾਰੀਆਂ ਪਾਰਟੀਆਂ ਲਈ ਸਾਂਝਾ ਹੁੰਦਾ ਹੈ ਪਰ ਇਸ ਸਮੇਂ ਸਪੀਰਕ ਨੇ ਵੀ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਮਾਰਕੁੱਟ, ਪੈਰਾਂ 'ਚ ਰੋਲੀਆਂ ਪੱਗਾਂ ਤੇ ਸਿਰਾਂ ਤੋਂ ਲੱਥੀਆਂ ਮਹਿਲਾ ਵਿਧਾਇਕਾਂ ਦੀਆਂ ਚੁੰਨੀਆਂ ਸ਼ਰੇਆਮ ਲੋਕਤੰਤਰ ਦੇ ਘਾਣ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਤੇ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਪਾਰਟੀ ਦੇ ਵਿਧਾਇਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੋਵੇ।
ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਹੁਣ ਸਰਕਾਰ ਆਉਣ 'ਤੇ ਕੈਪਟਨ ਉਨ੍ਹਾਂ ਵਾਅਦਿਆਂ ਤੋਂ ਭੱਜ ਰਿਹਾ ਹੈ, ਜਦੋਂ ਇਸ ਸੰਬੰਧੀ 'ਆਪ' ਵਿਧਾਇਕ ਵਿਧਾਨ ਸਭਾ 'ਚ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਮੜ੍ਹਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ 10 ਸਾਲ ਅਕਾਲੀ- ਭਾਜਪਾ ਵੱਲੋਂ ਲੋਕਾਂ ਨੂੰ ਕੁੱਟਿਆ ਗਿਆ ਹੈ, ਉਸੇ ਰਾਹ 'ਤੇ ਹੁਣ ਕਾਂਗਰਸ ਪਾਰਟੀ ਵੀ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਹੁਣ ਇਥੇ ਹੀ ਨਹੀਂ ਰੁਕੇਗੀ ਬਲਕਿ ਸੜਕਾਂ ਤੱਕ ਜਾਵੇਗੀ ਤੇ ਜਦੋਂ ਤੱਕ ਸਪੀਰਕ ਨੂੰ ਹਟਾਇਆ ਨਹੀਂ ਜਾਂਦਾ, ਆਮ ਆਦਮੀ ਪਾਰਟੀ ਆਪਣਾ ਵਿਰੋਧ
ਜਾਰੀ ਰੱਖੇਗੀ।


Related News