ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੀ ਬਾਹਰਲੀ ਫਿਰਨੀ ਦੀ ਤਰਸਯੋਗ ਹਾਲਤ ਤੋਂ ਲੋਕ ਪ੍ਰੇਸ਼ਾਨ

09/22/2017 2:04:01 PM


ਜਲਾਲਾਬਾਦ (ਨਿਖੰਜ ) – ਪਿੰਡ ਕੰਨਲਾਂ ਵਾਲੇ ਝੁੱਗੇ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੀ ਬਾਹਰਲੀ ਫਿਰਨੀ ਦੀ ਹਾਲਤ ਕਾਫੀ ਤਰਸਯੋਗ ਬਣ ਚੁੱਕੀ ਹੈ। ਇਹ ਗੰਦਾ ਪਾਣੀ ਇੱਕਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਜਿਸਦੇ ਕਾਰਨ ਪਿੰਡ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ।  
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਪਾਸਟਰ ਗੁਰਦੀਪ ਸਿੰਘ, ਮਲਕੀਤ ਸਿੰਘ, ਜੰਗੀਰ ਸਿੰਘ, ਬਲਵੰਤ ਸਿੰਘ, ਜੋਗਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ 'ਤੇ ਖਰਚ ਕਰਨ ਲਈ ਸਰਕਾਰ ਦੇ ਵੱਲੋਂ ਲੱਖਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਤਾਂ ਕਿ ਪਿੰਡ 'ਚ ਵਿਕਾਸ ਦੇ ਕੰਮ ਸਹੀ ਢੰਗ ਨਾਲ ਕਰਵਾਏ ਜਾ ਸਕਣ। ਦੱਸਣਯੋਗ ਗੱਲ ਇਹ ਹੈ ਪਿੰਡ 'ਚ ਵਿਕਾਸ ਕਾਰਜਾਂ ਦਾ ਨਿਰਮਾਣ ਕਰ ਰਹੇ ਸਬੰਧਿਤ ਵਿਭਾਗ ਦੇ ਠੇਕੇਦਾਰ ਨੇ ਆਪਣੇ ਨਿੱਜੀ ਮੁਨਾਫੇ ਲਈ ਪਿੰਡ ਦੀਆਂ ਕੁਝ ਗਲੀਆਂ ਅਤੇ ਨਾਲੀਆਂ ਨੂੰ ਬਣਾਇਆ ਅਤੇ ਬਾਕੀ ਰਹਿੰਦੀਆਂ ਗਲੀਆਂ, ਨਾਲੀਆਂ ਅਤੇ ਫਿਰਨੀ ਨੂੰ ਅਧੂਰਾ ਛੱਡ ਦਿੱਤਾ। ਜਿਸਦੇ ਕਾਰਨ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪਿੰਡ ਵਾਸੀਆਂ ਨੇ ਦੱਸਿਆ ਕਿ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਦੀ ਬਾਹਰਲੀ ਫਿਰਨੀ 'ਤੇ ਇੱਕਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਸ਼ਾਮ ਹੁੰਦੇ ਸਾਰ ਹੀ ਮੱਖੀਆਂ, ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਅਤੇ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਕੰਨਲਾ ਵਾਲੇ ਝੁੱਗੇ ਵਿਖੇ ਠੇਕੇਦਾਰ ਵੱਲੋਂ ਲਗਾਈ ਗ੍ਰਾਂਟ ਰਾਸ਼ੀ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਪਿੰਡ 'ਚ  ਸਾਰੀਆਂ ਮੁਢੱਲੀਆਂ ਸਹੂਲਤਾਂ ਪ੍ਰਦਾਨ ਕੀਤੀਆ ਜਾਣ ਤਾਂ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।       


Related News