ਮਰਦਾਂ ਨੂੰ ਰਾਤ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ : ਕਿਰਨ ਖੇਰ

08/18/2017 6:32:44 AM

ਚੰਡੀਗੜ੍ਹ  (ਰਾਏ) - ਸ਼ਹਿਰ 'ਚ ਲੜਕੀਆਂ ਨਾਲ ਛੇੜਛਾੜ ਤੇ ਦੁਸ਼ਕਰਮ ਦੀਆਂ ਵਧਦੀਆਂ ਘਟਨਾਵਾਂ 'ਤੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਸ਼ਹਿਰ 'ਚ ਆਦਮੀਆਂ ਦੀ ਮਾਈਂਡ-ਸੈੱਟ ਦੀ ਮੁਸ਼ਕਿਲ ਹੈ ਤੇ ਇਹੀ ਸਾਰੀ ਸਮੱਸਿਆ ਹੀ ਮਰਦਾਂ ਕਾਰਨ ਹੈ। ਉਨ੍ਹਾਂ ਕਿਹਾ ਕਿ ਮਰਦਾਂ ਨੂੰ ਰਾਤ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਸ਼ਹਿਰ 'ਚ ਹੁਣ ਦਿਨ-ਦਿਹਾੜੇ ਸਕੂਲੀ ਬੱਚੀਆਂ ਨਾਲ ਰੇਪ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਸਵਾਲ 'ਤੇ ਕਿਰਨ ਨੇ  ਕਿਹਾ ਕਿ ਇਸ ਮਾਮਲੇ 'ਚ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸੰਸਦ ਮੈਂਬਰ ਨੇ ਇਹ ਗੱਲ ਸੈਕਟਰ-49 'ਚ ਪੀ. ਜੀ. ਆਈ. ਦੇ ਡਾਕਟਰਾਂ ਦੀ ਮਦਦ ਨਾਲ ਮਰੀਜ਼ਾਂ ਲਈ ਸਿਵਲ ਡਿਸਪੈਂਸਰੀ ਸ਼ੁਰੂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।
ਮੀਡੀਆ ਮਾਮਲੇ ਨੂੰ ਤੂਲ ਨਾ ਦੇਵੇ
10 ਸਾਲ ਦੀ ਨਾਬਾਲਿਗਾ ਦੇ ਗਰਭਵਤੀ ਹੋਣ ਦੇ ਮਾਮਲੇ 'ਤੇ ਸੰਸਦ ਮੈਂਬਰ ਨੇ ਕਿਹਾ ਕਿ ਮੀਡੀਆ ਇਸ ਮਾਮਲੇ ਨੂੰ ਜ਼ਿਆਦਾ ਤੂਲ ਨਾ ਦੇਵੇ ਕਿਉਂਕਿ ਬੱਚੀ ਸਕੂਲ ਜਾਣ ਤੋਂ ਡਰਨ ਲੱੱਗੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਵਧਦੇ ਜੁਰਮ 'ਤੇ ਨਕੇਲ ਪਾਉਣ ਲਈ ਪੁਲਸ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਲਈ ਕਿਹਾ ਹੈ।  ਸੰਸਦ ਮੈਂਬਰ ਨੇ ਕਿਹਾ ਕਿ ਉਕਤ ਸਿਵਲ ਡਿਸਪੈਂਸਰੀ, ਜੋ ਨਿਗਮ ਦੇ ਅਧੀਨ ਆਉਂਦੀ ਹੈ, ਦੀ ਸ਼ੁਰੂਆਤ ਨਵੰਬਰ 2016 'ਚ ਅਰੁਣ ਸੂਦ ਦੇ ਮੇਅਰ ਹੋਣ ਦੇ ਕਾਰਜਕਾਲ 'ਚ ਕੀਤੀ ਗਈ ਸੀ ਪਰ ਡਾਕਟਰਾਂ ਦੀ ਸਮੇਂ ਸਿਰ ਨਿਯੁਕਤੀ ਨਾ ਹੋਣ ਕਾਰਨ ਇਹ ਬੰਦ ਪਈ ਸੀ ਤੇ ਇਸ ਨੂੰ ਹੁਣ ਪੀ. ਜੀ. ਆਈ. ਦੇ ਨਾਲ ਐੱਮ. ਓ. ਯੂ. ਸਾਈਨ ਕਰ ਕੇ ਇਸ ਸੈਕਟਰ ਦੇ ਨਾਲ ਸੈਕਟਰ-48, 50, 51 ਦੇ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਥੇ ਪੀ. ਜੀ. ਆਈ. ਦੇ ਤਿੰਨ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਵਿਚ ਗਰਭਵਤੀ ਮਹਿਲਾਵਾਂ ਦੀ ਜਾਂਚ ਦੇ ਨਾਲ ਡਾਗ ਬਾਈਟ ਦੀ ਵੈਕਸੀਨ ਵੀ ਮੁਹੱਈਆ ਹੋਵੇਗੀ।  ਇਸ ਤੋਂ ਇਲਾਵਾ ਇਥੇ ਬੱਚਿਆਂ ਦੇ ਰੋਗ ਦੇ ਨਾਲ ਮੈਡੀਕਲ ਓ. ਪੀ. ਡੀ. ਵਿਚ ਹਰ ਤਰ੍ਹਾਂ ਦੇ ਰੋਗ ਦੀ ਜਾਂਚ ਦੇ ਟੈਸਟ ਦੀ ਸਹੂਲਤ ਤੇ ਦਵਾਈਆਂ ਮੁਫ਼ਤ ਦਿੱਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਨਾਲ ਹੁਣ ਮਰੀਜ਼ਾਂ ਨੂੰ ਜੀ. ਐੈੱਮ. ਐੈੱਸ. ਐੈੱਚ.-16 ਤੇ ਜੀ. ਐੈੱਮ. ਸੀ. ਐੈੱਚ.-32 ਵਿਚ ਜਾਣ ਤੋਂ ਨਿਜਾਤ ਮਿਲੇਗੀ। ਇਸ ਸਿਵਲ ਡਿਸਪੈਂਸਰੀ ਵਿਚ ਮਾਈਨਰ ਓ. ਟੀ. ਵੀ ਬਣਾਈ ਗਈ ਹੈ ਤਾਂ ਜੋ ਛੋਟੇ-ਛੋਟੇ ਕੇਸ ਇਥੇ ਰੈਫਰ ਕੀਤੇ ਜਾ ਸਕਣ।  ਬੱਚਿਆਂ ਦਾ ਟੀਕਾਕਰਨ ਤੇ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਵੀ ਇੱਥੇ ਮੁਹੱਈਆ ਹੋਣਗੀਆਂ। ਉਨ੍ਹਾਂ ਨਿਗਮ ਦੇ ਕਮਿਸ਼ਨਰ ਬੀ. ਪੁਰਸ਼ਾਰਥ ਤੇ ਵਾਰਡ ਕੌਂਸਲਰ ਹੀਰਾ ਨੇਗੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਾਰਡ ਕੌਂਸਲਰ ਹੀਰਾ ਨੇਗੀ ਨੇ ਕਿਹਾ ਕਿ ਇਥੇ ਡਾਟਸ, ਮਲੇਰੀਆ, ਡੇਂਗੂ ਤੇ ਟੈਸਟ ਵੀ ਮੁਫ਼ਤ ਹੋਣਗੇ।


Related News