ਛੋਟੇਪੁਰ ਦੀ ਹੋ ਸਕਦੀ ਹੈ ਘਰ ਵਾਪਸੀ ਪਰ ਕਿਹੜੇ ਘਰ, ਪਤਾ ਨਹੀਂ!

08/18/2017 5:10:22 AM

ਚੰਡੀਗੜ੍ਹ  (ਸ਼ਰਮਾ) - ਅਕਾਲੀ ਦਲ ਤੇ ਕਾਂਗਰਸ 'ਚ ਆਪਣੀਆਂ ਸਿਆਸੀ ਪਾਰੀਆਂ ਖੇਡਣ ਮਗਰੋਂ ਸੂਬੇ 'ਚ ਆਮ ਆਦਮੀ ਪਾਰਟੀ (ਆਪ) ਦੀ ਨੀਂਹ ਪੱਕੀ ਕਰਨ ਤੋਂ ਬਾਅਦ ਪਾਰਟੀ ਦੇ ਸੂਬਾ ਕਨਵੀਨਰ ਅਹੁਦੇ ਤੋਂ ਹਟਾਏ ਗਏ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਸਿਆਸੀ ਹੈਸੀਅਤ ਇਕ ਵਾਰ ਫਿਰ ਅਹਿਮ ਹੋਣ ਜਾ ਰਹੀ ਹੈ।  ਇਸ ਦਾ ਕਾਰਨ ਉਨ੍ਹਾਂ ਦੇ ਗ੍ਰਹਿ ਜ਼ਿਲਾ ਗੁਰਦਾਸਪੁਰ ਲੋਕ ਸਭਾ ਸੀਟ ਲਈ ਛੇਤੀ ਹੀ ਹੋਣ ਵਾਲੀ ਉਪ ਚੋਣ ਹੈ। ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਕਾਰਨ ਖਾਲੀ ਹੋਈ ਇਸ ਸੀਟ 'ਤੇ ਕਬਜ਼ਾ ਬਣਾਏ ਰੱਖਣ ਲਈ ਜਿਥੇ ਭਾਜਪਾ-ਅਕਾਲੀ ਦਲ ਦੀ ਸਾਖ ਦਾਅ 'ਤੇ ਲੱਗੀ ਹੈ, ਉਥੇ ਹੀ ਸੂਬੇ 'ਚ ਸੱਤਾਧਾਰੀ ਕਾਂਗਰਸ ਪਾਰਟੀ ਲਈ ਦੇਸ਼ 'ਚ ਮੋਦੀ ਲਹਿਰ ਦੇ ਕਾਰਨ ਇਸ ਸੀਟ 'ਤੇ ਜਿੱਤ ਹਾਸਲ ਕਰਨਾ ਇੱਜ਼ਤ ਦਾ ਸਵਾਲ ਬਣਨ ਵਾਲਾ ਹੈ। ਇਹੋ ਕਾਰਨ ਹੈ ਕਿ ਇਸ ਲੋਕ ਸਭਾ ਸੀਟ 'ਤੇ ਛੋਟੇਪੁਰ ਦੇ ਪ੍ਰਭਾਵ 'ਤੇ ਕਾਂਗਰਸ ਹੀ ਨਹੀਂ ਸਗੋਂ ਅਕਾਲੀ-ਭਾਜਪਾ ਗੱਠਜੋੜ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਲ 1985 'ਚ ਆਪ੍ਰੇਸ਼ਨ ਬਲੈਕ ਥੰਡਰ ਦੇ ਵਿਰੋਧ 'ਚ ਮੌਜੂਦਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਾਲ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਲੈ ਕੇ ਕਾਂਗਰਸ ਵਿਧਾਇਕ ਦਲ 'ਚ ਵਿਦਰੋਹ ਸਮੇਂ ਆਜ਼ਾਦ ਵਿਧਾਇਕਾਂ ਦੇ ਦਲ ਦੇ ਨੇਤਾ ਵਜੋਂ ਕੈ. ਅਮਰਿੰਦਰ ਸਿੰਘ ਦਾ ਸਾਥ ਦੇਣ ਵਾਲੇ ਛੋਟੇਪੁਰ ਦੇ ਕੈ. ਅਮਰਿੰਦਰ ਨਾਲ ਨਜ਼ਦੀਕੀ ਰਿਸ਼ਤੇ ਰਹੇ ਹਨ।
ਇਹੋ ਕਾਰਨ ਹੈ ਕਿ ਹੁਣ ਸਿਆਸੀ ਖੇਤਰਾਂ 'ਚ ਇਹ ਕਿਆਸ ਲਾਏ ਜਾ ਰਹੇ ਹਨ ਕਿ ਛੋਟੇਪੁਰ ਦੀ ਕਾਂਗਰਸ 'ਚ ਘਰ ਵਾਪਸੀ ਛੇਤੀ ਨਹੀਂ ਤਾਂ ਲੋਕ ਸਭਾ ਉਪ ਚੋਣ ਐਲਾਨ ਹੁੰਦੇ ਹੀ ਹੋ ਸਕਦੀ ਹੈ  ਦੂਜੇ ਪਾਸੇ ਅਕਾਲੀ ਦਲ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ 'ਚ ਮੰਤਰੀ ਰਹੇ ਛੋਟੇਪੁਰ ਦੀਆਂ ਅਕਾਲੀ ਨੇਤਾਵਾਂ ਨਾਲ ਵੀ ਨਜ਼ਦੀਕੀਆਂ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕੁਝ ਦਿਨਾਂ 'ਚ ਅਕਾਲੀ ਨੇਤਾਵਾਂ ਨੇ ਵੀ ਛੋਟੇਪੁਰ ਨਾਲ ਸੰਪਰਕ ਕੀਤਾ ਹੈ। ਹਾਲਾਂਕਿ ਛੋਟੇਪੁਰ ਨੇ ਹਾਲੇ ਕਿਸੇ ਹੋਰ ਪਾਰਟੀ ਨਾਲ ਜੁੜਨ ਦੀਆਂ ਚਰਚਾਵਾਂ ਨੂੰ ਸਿਰਫ ਸਿਆਸੀ ਅਟਕਲਾਂ ਕਰਾਰ ਦਿੱਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਸਿਆਸਤ 'ਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਸਾਫ ਹੈ ਕਿ ਛੋਟੇਪੁਰ ਦੀ ਗੁਰਦਾਸਪੁਰ ਲੋਕ ਸਭਾ ਚੋਣ ਤੋਂ ਪਹਿਲਾਂ ਘਰ ਵਾਪਸੀ ਤੈਅ ਹੈ ਪਰ ਕਿਹੜੇ ਘਰ (ਕਾਂਗਰਸ ਜਾਂ ਅਕਾਲੀ ਦਲ) ਇਹ ਹਾਲੇ ਸਾਫ ਨਹੀਂ।


Related News