ਵਾਈਸ ਚਾਂਸਲਰ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ

01/17/2018 6:31:25 AM

ਅੰਮ੍ਰਿਤਸਰ,   (ਮਮਤਾ)-  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਪ੍ਰਧਾਨ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਰੂਪ 'ਚ ਪ੍ਰੇਸ਼ਾਨ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਵਿਭਾਗ ਦੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਿਭਾਗ ਮੁਖੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਵਰਣਨਯੋਗ ਹੈ ਕਿ ਸੰਗੀਤ ਵਿਭਾਗ ਦੇ ਐੱਮ. ਪੀ. ਏ. ਚੌਥੇ ਸਮੈਸਟਰ ਅਤੇ ਐੱਮ. ਫਿਲ. ਦੇ ਵਿਦਿਆਰਥੀਆਂ ਨੇ ਲਗਭਗ ਇਕ ਮਹੀਨਾ ਪਹਿਲਾਂ ਵੀ ਵਿਭਾਗ ਮੁਖੀ ਦੇ ਰਵੱਈਏ ਨੂੰ ਲੈ ਕੇ ਵਾਈਸ ਚਾਂਸਲਰ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਵਿਭਾਗ ਮੁਖੀ ਦੇ ਰਵੱਈਏ ਵਿਚ ਬਦਲਾਅ ਨਹੀਂ ਆਇਆ।
ਹਾਲ ਹੀ 'ਚ ਵਿਭਾਗ ਦੇ ਇਕ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਅਸ਼ਲੀਲ ਐੱਸ. ਐੱਮ. ਐੱਸ. ਭੇਜਣ ਦਾ ਮਾਮਲਾ ਜਦੋਂ ਯੂਨੀਵਰਸਿਟੀ ਮੈਨੇਜਮੈਂਟ ਦੇ ਧਿਆਨ ਵਿਚ ਆਇਆ ਤਾਂ ਉਕਤ ਅਧਿਆਪਕ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਕਤ ਅਧਿਆਪਕ ਪ੍ਰਭਾਕਰ ਕਸ਼ਯਪ ਜੋ ਕਿ ਵਿਭਾਗ ਮੁਖੀ ਡਾ. ਗੁਰਪ੍ਰੀਤ ਕੌਰ ਦਾ ਚਹੇਤਾ ਸੀ, ਨੂੰ ਬਰਖਾਸਤ ਕਰਨ 'ਤੇ ਖਫਾ ਹੋ ਕੇ ਉਨ੍ਹਾਂ ਦਾ ਰਵੱਈਆ ਉਨ੍ਹਾਂ ਪ੍ਰਤੀ ਹੋਰ ਗਲਤ ਹੋ ਗਿਆ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ 11 ਜਨਵਰੀ ਨੂੰ ਡਾ. ਗੁਰਪ੍ਰੀਤ ਕੌਰ ਨੇ ਉਕਤ ਵਿਦਿਆਰਥਣ ਨੂੰ ਪੂਰੇ ਵਿਭਾਗ ਦੇ ਸਾਹਮਣੇ ਐੱਸ. ਐੱਮ. ਐੱਸ. ਕੀਤੇ ਸਨ, ਸਬੰਧੀ ਸਵਾਲ ਪੁੱਛ ਕੇ ਜ਼ਲੀਲ ਕੀਤਾ ਗਿਆ, ਜਿਸ 'ਤੇ ਉਕਤ ਵਿਦਿਆਰਥਣ ਦੇ ਨਾਲ-ਨਾਲ ਵਿਭਾਗ ਦੇ ਸੀਨੀਅਰ ਅਧਿਆਪਕ ਵੀ ਰੋ ਪਏ ਅਤੇ ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਸ਼ਿਕਾਇਤ ਉਪਰੰਤ ਡਾ. ਗੁਰਪ੍ਰੀਤ ਕੌਰ ਉਨ੍ਹਾਂ ਨੂੰ ਕਲਾਸ ਵਿਚ ਇਹ ਕਹਿ ਕੇ ਰੋਜ਼ ਜ਼ਲੀਲ ਕਰਦੀ ਹੈ ਕਿ ਤੁਸੀਂ ਮੇਰਾ ਕੀ ਵਿਗਾੜ ਲਓਗੇ, ਮੈਨੂੰ ਨਾ ਤਾਂ ਕੋਈ ਕੁਰਸੀ ਤੋਂ ਹਿਲਾ ਸਕਿਆ ਹੈ ਤੇ ਨਾ ਹੀ ਹਿਲਾ ਸਕੇਗਾ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਮੁਖੀ ਵੱਲੋਂ ਵਿਦਿਆਰਥੀਆਂ ਦੇ ਘਰਾਂ ਵਿਚ ਫੋਨ ਕਰ ਕੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦਾ ਨਾਂ ਕੱਟ ਦੇਣਗੇ ਜਾਂ ਡਿਗਰੀਆਂ ਰੋਕ ਲੈਣਗੇ। 
ਦੂਜੇ ਪਾਸੇ ਵਿਭਾਗ ਮੁਖੀ ਡਾ. ਗੁਰਪ੍ਰੀਤ ਕੌਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਨ੍ਹਾਂ ਦਾ ਰਵੱਈਆ ਵਿਦਿਆਰਥੀਆਂ ਪ੍ਰਤੀ ਬਹੁਤ ਹੀ ਵਧੀਆ ਹੈ ਅਤੇ ਵਿਭਾਗ ਦੇ ਸਿਰਫ 5-7 ਵਿਦਿਆਰਥੀ ਹੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਉਕਤ ਵਿਦਿਆਰਥੀਆਂ 'ਤੇ ਅਨੁਸ਼ਾਸਨਹੀਣ ਹੋਣ ਤੱਕ ਦਾ ਦੋਸ਼ ਲਾਉਂਦੇ ਹੋਏ ਅਧਿਆਪਕ ਪ੍ਰਭਾਕਰ ਕਸ਼ਯਪ ਨੂੰ ਇਕ ਠੀਕ ਅਤੇ ਈਮਾਨਦਾਰ ਵਿਅਕਤੀ ਦੱਸਿਆ ਤੇ ਕਿਹਾ ਕਿ ਉਹ ਵਿਭਾਗ ਦੇ ਕੁਝ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਭੇਟ ਚੜ੍ਹ ਗਿਆ।


Related News