ਉਤਰਾਖੰਡ ''ਚ ਭੂਚਾਲ ਦੇ ਝਟਕੇ, ਡਰ ਕਾਰਨ ਲੋਕ ਘਰੋਂ ਬਾਹਰ ਵੱਲ ਦੌੜੇ

12/07/2017 10:00:26 AM

ਦੇਹਰਾਦੂਨ— ਉਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ 'ਚ ਬੁੱਧਵਾਰ ਦੀ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਘਬਰਾ ਕੇ ਲੋਕ ਘਰਾਂ ਤੋਂ ਬਾਹਰ ਖੁੱਲ੍ਹੇ ਸਥਾਨ ਵੱਲ ਦੌੜ ਪਏ। ਮੌਸਮ ਕੇਂਦਰ ਅਨੁਸਾਰ, ਰਾਤ 8.50 ਵਜੇ ਭੂਚਾਲ ਆਇਆ। ਹਾਲਾਂਕਿ ਪ੍ਰਦੇਸ਼ 'ਚ ਕਿਤੋਂ ਵੀ ਕਿਸੇ ਨੁਕਸਾਨ ਦੀ ਫਿਲਹਾਲ ਖਬਰ ਨਹੀਂ ਹੈ। ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਅਨਿਲ ਰਤੂੜੀ ਨੇ ਦੱਸਿਆ ਕਿ ਅਜੇ ਤੱਕ ਕਿਤੋਂ ਜਾਨੀ-ਮਾਲੀ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਸਾਲ 1991 'ਚ ਉਤਰਕਾਸ਼ੀ ਅਤੇ ਸਾਲ 1999 'ਚ ਚਮੋਲੀ 'ਚ ਆਏ ਵਿਨਾਸ਼ਕਾਰੀ ਭੂਚਾਲ 'ਚ ਤਬਾਹੀ ਝੱਲ ਚੁਕੇ ਲੋਕ ਇਨ੍ਹਾਂ ਤੇਜ਼ ਝਟਕਿਆਂ ਤੋਂ ਇਕ ਵਾਰ ਫਿਰ ਡਰ ਗਏ ਅਤੇ ਬਾਹਰ ਵੱਲ ਦੌੜ ਪਏ।
ਰਾਜਧਾਨੀ ਦੇਹਰਾਦੂਨ 'ਚ ਵੀ ਭੂਚਾਲ ਨਾਲ ਡਰ 'ਚ ਆਏ ਲੋਕ ਘਰੋਂ ਬਾਹਰ ਨਿਕਲ ਆਏ। ਰੂਦਰਪ੍ਰਯਾਗ ਨਾਲ ਲੱਗਦੇ ਪਰਬਤੀ ਚਮੋਲੀ ਜ਼ਿਲੇ ਦੇ ਗੈਰਸੈਂਣ 'ਚ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਲਈ ਉੱਥੇ ਮੌਜੂਦ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੇਜ਼ 'ਤੇ ਪਿਆ ਪਾਣੀ ਦਾ ਗਿਲਾਸ ਤੇਜ਼ੀ ਨਾਲ ਹਿਲਣ ਲੱਗਾ। ਗੈਰਸੈਂਣ ਨੇੜੇ ਗੌਚਰ 'ਚ ਰਾਤ ਨੂੰ ਆਰਾਮ ਕਰਨ ਲਈ ਰੁਕੇ ਪੁਲਸ ਡਾਇਰੈਕਟਰ ਜਨਰਲ ਰਤੂੜੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਉਹ ਖੁਦ ਕਮਰੇ 'ਚੋਂ ਬਾਹਰ ਨਿਕਲ ਕੇ ਸੁਰੱਖਿਅਤ ਸਥਾਨ 'ਤੇ ਆ ਗਏ।
ਭੂਚਾਲ ਦਾ ਕੇਂਦਰ ਮੰਨੇ ਜਾਣ ਜਾ ਰਹੇ ਰੂਦਰਪ੍ਰਯਾਗ ਜ਼ਿਲੇ ਦੇ ਜ਼ਿਲਾ ਅਧਿਕਾਰੀ ਮੰਗੇਸ਼ ਘਿਲਡਿਆਲ ਨੇ ਦੱਸਿਆ ਕਿ ਝਟਕੇ ਤੇਜ਼ ਹੋਣ ਕਾਰਨ ਲੋਕ ਘਬਰਾਹਟ ਦੇ ਮਾਰੇ ਬਾਹਰ ਨਿਕਲ ਆਏ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜ਼ਿਲੇ 'ਚ ਸਾਰੇ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਹਰ ਸਥਾਨ ਤੋਂ ਜਾਣਕਾਰੀ ਲੈ ਲਈ ਗਈ ਹੈ ਅਤੇ ਕਿਤੋਂ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ।


Related News