ਗੁਲਾਮ ਜਵਾਨੀ

05/31/2017 5:46:11 PM

ਦੋਸਤੋ, ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ''ਚ ਇੰਟਰਨੈੱਟ ਉੱਪਰ ਕੁਝ ਸੋਸ਼ਲ ਸਾਈਟਾਂ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦਾ ਅਸਰ ਤੁਸੀਂ ਆਪਣੇ ਆਲੇ-ਦੁਆਲੇ ਘੁੰਮ ਰਹੇ ਨੌਜਵਾਨਾਂ ''ਤੇ ਦੇਖ ਸਕਦੇ ਹੋ। 13-14 ਸਾਲਾਂ ਤੋਂ ਲੈ ਕੇ 35-40 ਸਾਲਾਂ ਤੱਕ ਦੇ ਗੱਭਰੂਆਂ ਨੂੰ ਇਨ੍ਹਾਂਸਾਈਟਾਂ ਨੇ ਆਪਣੇ ਸ਼ਕੰਜੇ ''ਚ ਪੂਰੀ ਤਰ੍ਹਾਂ ਜਕੜ ਲਿਆ ਹੈ। ਜਦੋਂ ਆਪਾਂ ਆਪਣੇ ਸਮਾਜ ਜਾਂ ਆਪਣੇ ਦੋਸਤਾਂ ''ਚ ਵਿਚਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਗੱਭਰੂਆਂ ਦੇ ਹੱਥਾਂ ''ਚ ਮੋਬਾਇਲ ਅਤੇ ਗਰਦਣਾਂ ਹੇਠਾਂ ਵੱਲ ਝੁੱਕੀਆਂ ਹੁੰਦੀਆਂ ਹਨ। ਵਟਸ ਅੱਪ , ਫੇਸਬੁੱਕ ਉੱਪਰ ਚੱਲ ਰਹੀਆਂ ਤਸਵੀਰਾਂ, ਲਾਈਕਾਂ ਅਤੇ ਮੈਸਜਾਂ ਦੀ ਹਨੇਰੀ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿੰਦਗੀ ਸਿਰਫ ਇਨ੍ਹਾਂ ਤੱਕ ਹੀ ਸੀਮਿਤ ਰਹਿ ਗਈ ਹੈ। ਪਿਛਲੇ ਕੁਝ ਮਹੀਨਿਆਂ ''ਚ ਕੁਝ ਕੰਪਨੀਆਂ ਦੇ ਦਿੱਤੇ ਦਿਲ ਖਿੱਚਵੇਂ ਆਰਡਰਾਂ ਨੇ ਇਨ੍ਹਾਂ ਨੂੰ ਹੋਰ ਗੁਲਾਮ ਬਣਾ ਲਿਆ ਹੈ। 
ਉਸ ਵੇਲੇ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਖਬਰਾਂ ''ਚ ਸੁਣਿਆ ਕਿ ਪੰਜਾਬ ''ਚ ਪੰਜਾਬੀ ਵਿਸ਼ੇ ''ਚੋਂ 10ਵੀਂ ਦੇ 15000 ਵਿਦਿਆਰਥੀ ਫੇਲ ਹੋ ਗਏ ਹਨ। ਇਸ ਦਾ ਹੋਰ ਜ਼ਿਆਦਾ ਮਾੜਾ ਅਸਰ 12ਵੀਂ ਕਲਾਸ ਦੇ ਨਤੀਜੇ ਅੰਦਰ ਵੀ ਦੇਖਣ ਨੂੰ ਮਿਲਿਆ। ਕਈ ਵਾਰੀ ਤਾਂ ਮੈਂ ਦੇਖਦਾ ਹਾਂ ਕਿ ਘਰ ਅੰਦਰ ਪੜ੍ਹੇ-ਲਿਖੇ ਚਾਰ ਮੈਂਬਰ ਅਤੇ ਚਾਰੇ ਆਪਣੇ-ਆਪਣੇ ਮੋਬਾਇਲ ''ਤੇ ਲੱਗੇ ਹੋਏ ਹਨ। ਇੰਨ੍ਹਾਂ ਨੇ ਸਾਡੀ ਨਿੱਜੀ ਜਿੰਦਗੀ ਨੂੰ ਐਨਾ ਪ੍ਰਭਾਵਿਤ ਕਰ ਦਿੱਤਾ ਹੈ ਕਿ ਛੋਟੇ ਬੱਚੇ ਵੀ ਦਾਦਾ-ਦਾਦੀ ਕੋਲੋਂ ਚੰਗੀਆਂ ਗੱਲਾਂ ਸੁਨਣ ਦੀ ਥਾਂ ਗੂਗਲ ''ਤੇ ਸਰਚ ਮਾਰਨਾ ਜ਼ਿਆਦਾ ਪਸੰਦ ਕਰਦੇ ਹਨ। ਦੋਸਤੋ, ਕਦੇ ਆਪਣਾ ਪੰਜਾਬ ਇਸ ਦੀ ਰੰਗਲੀ ਅਤੇ ਹੱਸਦੀ ਜਵਾਨੀ ਅਤੇ ਬਹਾਦੁਰੀ ਕਾਰਨ ਜਾਣਿਆ ਜਾਂਦਾ ਸੀ ਪਰ ਇਹ ਜਵਾਨੀ ਹੁਣ ਕਿਤੇ ਨਾ ਕਿਤੇ ਮੈਨੂੰ ਗੁਲਾਮ ਹੁੰਦੀ ਨਜ਼ਰ ਆ ਰਹੀ ਹੈ। ਮੇਰੇ ਸੋਹਣੇ ਪੰਜਾਬ ''ਚ ਖੁੰਭ ਚਰਚਾ, ਸੱਥਾਂ ਦਾ ਗਿਆਨ, ਜਵਾਨੀ ਦੀਆਂ ਕੂਕਾਂ ਅਤੇ ਆਪਸੀ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਜਵਾਨੀ ਬੇਰੁਜਗਾਰੀ ਦੇ ਨਾਲ-ਨਾਲ ਆਪਣੇ ਸਹੀ ਫਰਜ਼ਾਂ ਸਹੀ ਰਸਤਿਆਂ ਤੋਂ ਭਟਕਦੀ ਦਿੱਸ ਰਹੀ ਹੈ।
ਅੰਤ ਦੋਸਤੋ ਇਹ ਹੀ ਕਹਿਣਾ ਚਾਹਾਗਾਂ ਕਿ ਜੇ ਸੋਸ਼ਲ ਸਾਈਟਾਂ ਅਤੇ ਇੰਟਰਨੈੱਟ ਦੀ ਹਨੇਰੀ ਪੰਜਾਬ ਦੀ ਜਵਾਨੀ ਉੱਪਰ ਐਂਵੀ ਹੀ ਝੂਲਦੀ ਰਹੀ ਉਹ ਦਿਨ ਦੂਰ ਨਹੀਂ ਕਿ ਇਹ ਗੱਭਰੂ ਉਸ ਪੁਰਾਣੇ ਪੈਸੇ ਵਰਗੇ ਹੋ ਜਾਣਗੇ ਜਿਸ ਨੂੰ ਆਪਾਂ ਦੇਖ ਤਾਂ ਸਕਦੇ ਹਾਂ ਪਰ ਵਰਤ ਨਹੀਂ ਸਕਦੇ।
ਮੈਂ ਆਪਣੇ ਗੱਭਰੂ ਸਾਥੀਆਂ ਨੂੰ ਇਹੀ ਅਪੀਲ ਕਰਾਗਾਂ ਕਿ ਸੋਹਣੀ ਜਵਾਨੀ ਨੂੰ ਚੰਗੇ ਕੰਮਾਂ ''ਚ ਲਾਓ । ਆਪਣੇ ਮਾਪਿਆਂ ''ਤੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰੋ। ਸੋਹਣੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਤੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁੱਖਦੇਵ ਬਨਣ ਦੀ ਉਮੀਦ ਹੈ। ਸੋ ਆਪਣੇ ਫਰਜ਼ਾਂ ਨੂੰ ਪਛਾਣੋ। ਇਹਨਾਂ ਸਾਈਟਾਂ ''ਚ ਆਪਣਾ ਸਮਾਂ ਬਰਬਾਦ ਕਰਨ ਦੀ ਥਾਂ ਕੁਝ ਐਸਾ ਕਰ ਜਾਓ ਕਿ ਲਹਿੰਦੀ ਦੁਨੀਆ ਤੱਕ ਤੁਹਾਡਾ ਨਾਂ ਸਦਾ ਲਈ ਚਮਕ ਜਾਵੇ।
ਆਪ ਜੀ ਦਾ ਸ਼ੁੱਭ ਚਿੰਤਕ
ਰਵੀ ਕੁਲਰੀਆਂ
ਪਿੰਡ ਕੁਲਰੀਆਂ, ਤਹਿਸੀਲ ਬੁਚਲਾਡਾ
ਜ਼ਿਲਾ ਮਾਨਰਜ।
ਫੋਨ ਨੰਬਰ- 97793-39008

Related News