ਭਾਰਤੀ ਹਾਈ ਕਮਿਸ਼ਨਰ ਅਤੇ ਕੌਂਸਲੇਟ ਜਨਰਲ ਦਾ ਮੈਲਬੋਰਨ ਦੇ ਗੁਰੂ ਘਰ ਪਹੁੰਚਣ ''ਤੇ ਹੋਇਆ ਭਾਰੀ ਵਿਰੋਧ

11/19/2017 7:42:26 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)—ਬੀਤੇ ਸ਼ਨੀਵਾਰ ਨੂੰ ਪੱਛਮੀ ਮੈਲਬੋਰਨ ਦੇ ਗੁਰਦੁਆਰਾ ਟਾਰਨੇਟ ਵਿੱਚ ਸਥਿਤੀ ਉਸ ਸਮੇਂ ਤਣਾਅ ਪੂਰਣ ਹੋ ਗਈ ਜਦੋਂ ਭਾਰਤੀ ਹਾਈ ਕਮਿਸ਼ਨਰ ਡਾਕਟਰ ਏ.ਐੱਮ ਗੋਨਡਾਨੇ ਅਤੇ ਕੌਂਸਲੇਟ ਜਨਰਲ ਮੱਨਿਕਾ ਜੈਨ ਨੂੰ ਇੰਗਲੈਂਡ ਦੇ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਦੀ ਮੰਗ ਕਰ ਰਹੇ ਸਿੱਖ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲਸ ਵੱਲੋਂ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉੱਤੇ ਤਸ਼ੱਦਦ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਮੈਲਬੋਰਨ ਦੇ ਸਿੱਖ ਨੌਜਵਾਨਾਂ ਨੇ ਇਸ ਵਰਤਾਰੇ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਦੱਸਿਆ।ਨੌਜਵਾਨਾਂ ਨੇ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰੀ ਏਜੰਸੀਆਂ ਭਾਰਤੀ ਹਕੂਮਤ ਦੀ ਸ਼ਹਿ 'ਤੇ ਗੁਰੂ ਘਰਾਂ ਵਿੱਚ ਗਰਮ ਖਿਆਲੀ ਨੌਜਵਾਨਾਂ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ ਤਾਂ ਜੋ ਪੰਜਾਬ ਪਹੁੰਚਣ 'ਤੇ ਇਹਨਾਂ ਖਿਲਾਫ ਵੀ ਜੱਗੀ ਜੌਹਲ ਵਾਂਗ ਕਾਰਵਾਈ ਕੀਤੀ ਜਾ ਸਕੇ।ਇਸ ਮੌਕੇ ਭਾਰਤ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਨੌਜਵਾਨਾਂ ਨੇ ਮੰਗ ਕੀਤੀ ਕਿ ਜੱਗੀ ਜੌਹਲ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ।
ਨੌਜਵਾਨਾਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਦਲੀਲ ਦਿੰਦਿਆਂ ਕਿਹਾ ਕਿ ਉਹ ਸ਼ਰਧਾਲੂ ਦੇ ਤੌਰ 'ਤੇ ਗੁਰੂਦੁਆਰਾ ਸਾਹਿਬ ਵਿੱਚ ਨਤਮਤਸਕ ਹੋ ਸਕਦੇ ਹਨ ਪਰ ਉਹਨਾਂ ਨੂੰ ਭਾਰਤ ਸਰਕਾਰ ਦੇ ਨੁੰਮਾਇਦੇ ਦੇ ਤੌਰ 'ਤੇ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ।ਸਥਿਤੀ ਨੂੰ ਭਾਂਪਦਿਆਂ ਦੂਤਾਵਾਸ ਦੇ ਅਧਿਕਾਰੀਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਵਾਪਸ ਚਲੇ ਗਏ।


Related News