ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

06/05/2020 2:24:56 PM

(ਕਿਸ਼ਤ ਇਕੱਤਵੀਂ)

ਭੈਣ ਨਾਨਕੀ ਅਤੇ ਵੀਰ ਨਾਨਕ ਦੀ ਪਿਆਰੀ ਜੋੜੀ

ਦੋਵਾਂ ਭੈਣ-ਭਰਾਵਾਂ ਦੇ ਆਪਸੀ ਗੂੜ੍ਹੇ ਪਿਆਰ, ਨਿੱਘੇ ਰਿਸ਼ਤੇ ਅਤੇ ਤਾਲ-ਮੇਲ ਵਾਂਗ, ਇਨ੍ਹਾਂ ਦੇ ਨਾਵਾਂ ਵਿੱਚ ਵੀ ਡਾਢੀ ਇਕਸੁਰਤਾ, ਸੁਹਜਾਤਮਕਤਾ ਅਤੇ ਸਾਂਝ ਹੈ। ਨਾਨਕੀ ਜੀ, ਮਹਿਤਾ ਕਾਲੂ ਪਰਿਵਾਰ ਦੀ ਪਲੇਠੀ ਔਲਾਦ ਸਨ। ਇੱਕ ਤਾਂ ਉਨ੍ਹਾਂ ਦਾ ਮੂੰਹ-ਮੁਹਾਂਦਰਾ ਅਤੇ ਨੈਣ-ਨਕਸ਼ ਮਾਤਾ ਤ੍ਰਿਪਤਾ ਜੀ, ਨਾਨਾ-ਨਾਨੀ ਅਤੇ ਮਾਮੇ ਵਰਗੇ ਸਨ। ਦੂਸਰਾ ਉਨ੍ਹਾਂ ਦਾ ਜਨਮ ਵੀ ਨਾਨਕੇ ਪਿੰਡ ਹੀ ਹੋਇਆ ਸੀ। ਫਲਸਰੂਪ ਸਾਡੇ ਸਮਾਜ ਵਿੱਚ ਪ੍ਰਚਲਿਤ ਰਿਵਾਜ ਅਤੇ ਦਸਤੂਰ ਅਨੁਸਾਰ ਦਾਦਕਿਆਂ ਦੇ ਪੂਰੇ ਪਰਿਵਾਰ ਨੇ ਇਸ ਨਵਜਨਮੀ ਬੱਚੀ ਨੂੰ ਪਿਆਰ ਨਾਲ ਨਾਨਕਿਆਂ (ਨਾਨਕੀਆਂ) ’ਤੇ ਗਈ, ਅਰਥਾਤ ਨਾਨਕੀ/ਨਾਨਕੀ ਆਖਣਾ ਸ਼ੁਰੂ ਕਰ ਦਿੱਤਾ ਅਤੇ ਇਵੇਂ ਇਨ੍ਹਾਂ ਦਾ ਨਾਂ ਨਾਨਕੀ ਪ੍ਰਚਲਿਤ ਹੋ ਗਿਆ।

ਨਾਨਕੀ ਜੀ ਤੋਂ ਪੰਜ ਸਾਲ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਇੱਕ ਤਾਂ ਨਾਨਕ ਸਾਹਿਬ ਦਾ ਚਿਹਰਾ-ਮੁਹਰਾ ਵੀ ਭੈਣ ਨਾਨਕੀ, ਮਾਤਾ ਤ੍ਰਿਪਤਾ ਜੀ, ਨਾਨਾ-ਨਾਨੀ ਅਤੇ ਮਾਮੇ (ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਦਾ ਨਾਂ ਰਾਮ ਜੀ, ਨਾਨੀ ਜੀ ਦਾ ਨਾਂ ਭਿਰਾਈ ਜੀ ਅਤੇ ਮਾਮਾ ਜੀ ਦਾ ਨਾਂ ਕ੍ਰਿਸ਼ਨਾ ਜੀ ਸੀ) ਅਰਥਾਤ ਨਾਨਕਿਆਂ ਜਾਂ ਨਾਨਕੀਆਂ ਨਾਲ ਮਿਲਦਾ-ਜੁਲਦਾ ਸੀ। ਦੂਜਾ ਦੋਹਾਂ ਭੈਣ-ਭਰਾਵਾਂ ਦੀਆਂ ਸ਼ਕਲਾਂ-ਸੂਰਤਾਂ ਇੱਕ-ਦੂਜੇ ਨਾਲ ਮਿਲਦੀਆਂ ਹੋਣ ਕਰਕੇ, ਸਾਰਾ ਬੇਦੀ ਪਰਿਵਾਰ ਉਨ੍ਹਾਂ ਨੂੰ ਸਾਡੀ ਨਾਨਕੀ, ਸਾਡਾ ਨਾਨਕ ਆਖਣ ਲੱਗ ਪਏ। 

ਤੀਸਰਾ ਸਾਡੇ ਪੰਜਾਬੀ ਸਮਾਜ ਵਿੱਚ ਇਹ ਰੁਝਾਨ ਵੀ ਬਹੁਤ ਪ੍ਰਚਲਿਤ ਰਿਹਾ ਹੈ ਕਿ ਜਦੋਂ ਵੱਡੀ ਲੜਕੀ ਤੋਂ ਬਾਅਦ ਲੜਕਾ ਪੈਦਾ ਹੁੰਦਾ ਹੈ ਤਾਂ ਵੱਡੀ ਲੜਕੀ (ਧੀ/ਭੈਣ) ਪ੍ਰਤੀ ਕ੍ਰਿਤੱਗਤਾ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦਾ ਭਾਵ ਪ੍ਰਗਟ ਕਰਦਿਆਂ ਲਾਡ, ਪਿਆਰ ਅਤੇ ਖ਼ੁਸ਼ੀ ਨਾਲ ਵੱਡੀ ਲੜਕੀ ਦੇ ਇਸਤਰੀ ਲਿੰਗ ਨਾਂ ਨੂੰ, ਪੁਲਿੰਗ ਰੂਪ ਵਿੱਚ ਰੂਪਾਂਤਰਿਤ ਕਰਕੇ ਛੋਟੇ ਲੜਕੇ ਦਾ ਨਾਂ ਰੱਖ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇ ਪਲੇਠਾ ਬੱਚਾ ਲੜਕਾ ਹੋਵੇ ਤਾਂ ਉਸਤੋਂ ਬਾਅਦ ਪੈਦਾ ਹੋਣ ਵਾਲੀ ਪੁੱਤਰੀ ਦਾ ਨਾਂ ਵੀ ਪੁੱਤਰ ਦੇ ਰੱਖੇ ਨਾਂ ਅਨੁਸਾਰ ਹੀ ਰੱਖ ਦਿੱਤਾ ਜਾਂਦਾ ਹੈ।

ਸਪਸ਼ਟ ਹੈ ਕਿ ਭੈਣ ਨਾਨਕੀ ਜੀ ਅਤੇ ਵੀਰ ਨਾਨਕ ਜੀ ਦੀ ਪਿਆਰੀ ਜੋੜੀ ਮਨ, ਚਰਿੱਤਰ ਅਤੇ ਵਿਅਕਤਿੱਤਵ ਪੱਖੋਂ, ਧੁਰ ਅੰਦਰੋਂ ਹੀ ਇੱਕਰੂਪ ਅਤੇ ਇੱਕ ਦੂਜੇ ਦੀ ਪੂਰਕ ਨਹੀਂ, ਸਗੋਂ ਨਾਵਾਂ ਪੱਖੋਂ ਅਤੇ ਬਾਹਰੀ ਤੌਰ ’ਤੇ ਵੀ, ਇੱਕ ਦੂਜੇ ਦੀ ਪੂਰਕ ਹੈ। ਦੋਵੇਂ ਇੱਕ ਦੂਜੇ ਦੀ ਹੋਂਦ ਅਤੇ ਪਛਾਣ ਦਾ ਮੂਲ ਆਧਾਰ ਹਨ। ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ। ਇਹੀ ਠੋਸ ਕਾਰਣ ਹੈ ਕਿ ਜਿੱਥੇ-ਜਿੱਥੇ ਵੀ ਅਤੇ ਜਦੋਂ-ਜਦੋਂ ਵੀ ਵੀਰ ਨਾਨਕ ’ਤੇ ਕੋਈ ਔਕੜ ਬਣਦੀ ਹੈ ਜਾਂ ਉਨ੍ਹਾਂ ਦੁਆਰਾ ਕੀਤੇ ਕਿਸੇ ਕਾਰਜ ਕਾਰਣ ਘਰ ਵਿੱਚ ਜਾਂ ਘਰੋਂ ਬਾਹਰ ਕੋਈ ਕਲੇਸ਼, ਝਗੜਾ ਅਤੇ ਵਿਵਾਦ ਖੜਾ ਹੁੰਦਾ ਹੈ ਜਾਂ ਕੋਈ ਰੌਲਾ ਪੈਂਦਾ ਹੈ ਤਾਂ ਬੇਬੇ ਨਾਨਕੀ ਘਣੇ-ਸੰਘਣੇ ਰੁੱਖ ਦੀ ਛਾਂ ਅਤੇ ਢਾਲ ਬਣ ਕੇ ਉੱਥੇ ਆਣ ਖਲੋਂਦੇ ਹਨ। ਹੱਥੀਂ ਪਾਲੇ ਪਿਆਰੇ ਵੀਰ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੇ। ਉਨ੍ਹਾਂ ਦਾ ਪੂਰਾ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਦਾ ਪੱਖ ਪੂਰਦੇ ਹਨ। ਇਵੇਂ ਕਰਦਿਆਂ ਉਹ ਸਭ ਨੂੰ ਇਹੋ ਆਖਦੇ ਹਨ ਕਿ ਤੁਸੀਂ ਅਨਭੋਲ ਅਤੇ ਅਨਜਾਣ ਲੋਕ, ਮੇਰੇ ਪਿਆਰੇ ਅਤੇ ਉੱਚੇ-ਸੁੱਚੇ ਵੀਰ ਨਾਨਕ ਦੀਆਂ ਧੁਰ ਦਰਗਾਹੀ ਗੱਲਾਂ ਅਤੇ ਗੁੱਝੀਆਂ ਅਸਮਾਨੀ ਰਮਜ਼ਾਂ ਨੂੰ ਨਹੀਂ ਸਮਝਦੇ ਹੋ। ਤੁਹਾਨੂੰ ਉੱਕਾ ਨਹੀਂ ਪਤਾ ਕਿ ਇਹ ਜੋ ਕੁੱਝ ਵੀ ਕਰਦੇ ਹਨ, ਸਭ ਠੀਕ ਕਰਦੇ ਹਨ।

ਦੁਨੀਆਦਾਰ ਮਾਪਿਆਂ, ਵਿਸ਼ੇਸ਼ ਕਰਕੇ ਪਿਤਾ ਮਹਿਤਾ ਕਾਲੂ ਜੀ ਦੇ ਨਜ਼ਰੀਏ ਤੋਂ ਐਨ ਉਲਟ ਭੈਣ ਨਾਨਕੀ ਜੀ ਜਾਣਦੇ ਸਨ ਕਿ ਮੇਰਾ ਵੀਰ ਉੱਚਾ ਹੈ, ਅਨੋਖਾ ਹੈ ਅਤੇ ਧੁਰੋਂ ਆਇਆ ਹੈ। ਉਹ ਮਹਿਸੂਸ ਕਰਦੇ ਸਨ ਕਿ ਮੇਰੇ ਸੰਸਾਰੀ ਮਾਤਾ-ਪਿਤਾ, ਉਨ੍ਹਾਂ ਨੂੰ ਸੰਸਾਰੀ ਢੰਗ ਨਾਲ ਚਲਾਉਣਾ ਲੋਚਦੇ ਹਨ ਅਤੇ ਜਦੋਂ ਚਲਾ ਨਹੀਂ ਪਾਉਂਦੇ ਤਾਂ ਔਖੇ, ਉਦਾਸ ਅਤੇ ਦੁੱਖੀ ਹੁੰਦੇ ਹਨ। ਇਸ ਲਈ ਉਹ ਸਮੇਂ-ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਕਰਕੇ ਮਾਤਾ ਤ੍ਰਿਪਤਾ ਜੀ ਨੂੰ ਸਮਝਾਉਂਦੇ ਰਹਿੰਦੇ ਸਨ ਕਿ ਤੁਸੀਂ ਓਦਰਿਆ ਨਾ ਕਰੋ। ਔਖੇ ਨਾ ਹੋਇਆ ਕਰੋ।

ਚੰਗੀ ਗੱਲ ਇਹ ਹੈ ਕਿ ਤੁਸੀਂ ਵੀਰ ਜੀ ਨੂੰ ਖ਼ੁਸ਼ ਰੱਖੋ, ਉਨ੍ਹਾਂ ਮੁਤਾਬਕ ਚੱਲੋ। ਤਦ ਦੇਖਣਾ, ਕੋਈ ਐਸੀ ਗੱਲ ਨਿਕਲੇਗੀ ਕਿ ਤੁਸੀਂ ਸੌਖੇ ਅਤੇ ਸੁੱਖੀ ਹੋਵੋਗੇ। ਅੱਗੋਂ ਮਾਂ ਜੀ ਰੋਸ ਅਤੇ ਸ਼ਿਕਵਾ ਕਰਦਿਆਂ ਆਖਦੇ, ਧੀਏ ! ਤੂੰ ਉਸਨੂੰ ਤਾਂ ਕੀ ਸਮਝਾਉਣੈਂ, ਉਲਟਾ ਸਾਨੂੰ ਮੱਤਾਂ ਦਿੰਦੀ ਹੈਂ ਅਤੇ ਉਸਦਾ ਪੱਖ ਪੂਰਦੀ ਹੈਂ। ਤੂੰ ਉਸ ਨਾਲੋਂ ਵੱਡੀ ਹੈਂ, ਸਿਆਣੀ ਹੈਂ। ਤੈਨੂੰ ਚਾਹੀਦੈ ਕਿ ਤੂੰ ਨਾ ਕੇਵਲ ਸਾਡਾ ਦੁੱਖ/ਪੱਖ ਹੀ ਸਮਝੇਂ, ਸਗੋਂ ਉਸਨੂੰ ਵੀ ਸਮਝਾਵੇਂ ਕਿ ਉਹ ਸਾਡੇ ਆਖੇ ਲੱਗੇ। ਸਾਡੇ ਮੁਤਾਬਕ ਚੱਲੇ, ਅੱਗੋਂ ਬੇਬੇ ਨਾਨਕੀ ਜੀ ਇਸ ਮਾਮਲੇ ਵਿੱਚ ਆਪਣੀ ਬੇਵਸੀ ਪ੍ਰਗਟ ਕਰਦਿਆਂ ਬੜੇ ਸਤਿਕਾਰ ਨਾਲ ਜਵਾਬ ਦਿੰਦੇ, ਅੰਮਾਂ ਜੀ ! ਮੈਂ ਉਮਰੋਂ ਭਾਵੇਂ ਉਨ੍ਹਾਂ ਨਾਲੋਂ ਵੱਡੀ ਹਾਂ ਪਰ ਉਂਝ ਤਾਂ ਉਹ ਹੀ ਵੱਡੇ ਹਨ, ਉਹ ਮੇਰੇ ਨਾਲੋਂ ਡਾਢੇ ਉੱਚੇ ਹਨ ਅਤੇ ਉੱਚੇ ਨੂੰ ਮੈਂ ਕੀ ਆਖਾਂ ?

ਹਾਂ ਤੁਹਾਡੇ ਦੁੱਖ ਦੀ ਮਾਰੀ ਮੈਂ ਜੇ ਕਦੇ ਆਖਦੀ ਹਾਂ ਕਿ ਵੀਰ ਜੀਓ ! ਮਾਂ ਅਤੇ ਪਿਤਾ ਜੀ ਦੁੱਖੀ ਹਨ, ਕੁਝ ਉਨ੍ਹਾਂ ਦੇ ਮਨ ਦੀ ਵੀ ਸੁਣਿਆ ਕਰੋ, ਤਾਂ ਮੇਰੇ ਵੱਲ ਤੱਕ ਕੇ ਕਹਿੰਦੇ ਹਨ, ਬੇਬੇ ਜੀ ! ਤੁਸੀਂ ਵੀ ਉਹੋ ਗੱਲਾਂ ਕਰਨ ਲੱਗੇ ਹੋ-ਫੇਰ ਮਾਂ ਜੀ  ! ਮੇਰੇ ਅੰਦਰ ਇੱਕ ਖੋਹ ਜਿਹੀ ਉਠਦੀ ਹੈ। ਕੁਝ ਪਲ ਚੁੱਪ ਕਰਕੇ ਬੈਠ ਜਾਂਦੀ ਹਾਂ। ਉਪਰੰਤ ਮੈਥੋਂ ਆਪਮੁਹਾਰੇ ਹੀ ਕਹਿ ਹੋ ਜਾਂਦੈ., ਨਹੀਂ ਵੀਰ ਜੀ ! ਜਿਵੇਂ ਤੁਸਾਂ ਦੀ ਮੌਜ। ਜਿਵੇਂ ਤੁਸਾਂ ਦੀ ਰਜ਼ਾ। ਤੁਸੀਂ ਬੜੇ ਉੱਚੇ ਹੋ। 

ਕਿਸੇ ਵੇਲੇ ਮੈਂ ਕਹਿੰਦੀ ਹਾਂ ਕਿ ਵੀਰ ਜੀਓ ! ਪਿਤਾ ਜੀ ਡਾਢੇ ਦੁੱਖ ਵਿੱਚ ਹਨ, ਤਾਂ ਅੱਗੋਂ ਕਿਸੇ ਅਨੋਖੇ ਵਿਸਮਾਦੀ ਰੰਗ ਵਿੱਚ ਰੰਗੇ, ਅਰਸ਼ਾਂ ਵੱਲ ਤੱਕ ਕੇ ਨੈਣ ਭਰ ਲੈਂਦੇ ਹਨ ਅਤੇ ਕਹਿੰਦੇ ਹਨ, ਹਾਂ ਭੈਣ ਜੀਓ ! ਜਗਤ ਬੜਾ ਦੁੱਖੀ ਹੈ। ਮੈਂ ਤੁਹਾਨੂੰ ਕੀ ਕੀ ਦੱਸਾਂ ਅੰਮਾਂ ਜੀ, ਉਨ੍ਹਾਂ ਦੀਆਂ ਕਈ ਸੰਕੇਤਕ ਅਤੇ ਰਮਜ਼ਮਈ ਬਾਤਾਂ ਤਾਂ ਮੇਰੇ ਵੀ ਸਿਰ ਉਤੋਂ ਦੀ ਲੰਘ ਜਾਂਦੀਆਂ ਹਨ।

ਦੂਜੇ ਬੰਨੇ ਪਿਤਾ ਮਹਿਤਾ ਕਾਲੂ ਜੀ ਨੂੰ ਲੱਗਦਾ ਸੀ ਕਿ ਬੇਟੀ ਨਾਨਕੀ ਦੀ ਸੁਰ ਅਤੇ ਰਾਇ ਸਾਡੇ ਨਾਲ ਨਹੀਂ, ਸਗੋਂ ਆਪਣੇ ਭਰਾ ਨਾਨਕ ਨਾਲ ਰਲਦੀ ਹੈ। ਉਨ੍ਹਾਂ ਨੂੰ ਇਹ ਵੀ ਜਾਪਦਾ ਸੀ ਕਿ ਨਾਨਕ, ਨਾਨਕੀ ਦਾ ਆਖਾ ਕਦਾਚਿਤ ਨਹੀਂ ਮੋੜਦਾ। ਇਸ ਬਾਰੇ ਉਹ ਬੇਟੀ ਨਾਨਕੀ ਨੂੰ ਸਿੱਧੇ ਤੌਰ ’ਤੇ ਭਾਵੇਂ ਕਦੇ ਕੁਝ ਨਹੀਂ ਸਨ, ਕਹਿੰਦੇ ਪਰ ਅਸਿੱਧੇ ਤੌਰ ’ਤੇ ਧਰਮ-ਪਤਨੀ ਤ੍ਰਿਪਤਾ ਜੀ ਨੂੰ ਗਾਹੇ-ਬਗਾਹੇ ਇਹ ਆਖਦੇ ਰਹਿੰਦੇ ਸਨ ਕਿ ਤੁਸੀਂ ਬੀਬੀ (ਨਾਨਕੀ) ਨੂੰ ਕਹੋ ਕਿ ਉਹ ਆਪਣੇ ਵੀਰ ਨਾਨਕ ਨੂੰ ਕੁੱਝ ਸਮਝਾਵੇ, ਮੱਤ ਦੇਵੇ।                                    
                                                                                                            ਚਲਦਾ...........
                                                                                        
                                                     

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor

Related News