ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸ਼ਰਧਾਲੂ : ਸਾਈਂ ਫ਼ਤਹਿ ਸ਼ਾਹ ਅਲੀ

06/02/2020 10:30:18 AM

ਅਲੀ ਰਾਜਪੁਰਾ
94176-79302

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤਹਿਸੀਲ ਫਗਵਾੜਾ ਦੇ ਪਿੰਡ ਸੰਗਤਪੁਰਾ (ਦੁਆਬ) ’ਚ ਇਕ ਫ਼ਕੀਰ ਰਹਿੰਦਾ ਸੀ, ਜਿਸ ਦਾ ਪਿਛੋਕੜ ਬਗ਼ਦਾਦ (ਅਰਬ) ਤੋਂ ਸੀ। ਉਸ ਨੂੰ ਆਪਣੀ ਭਗਤੀ-ਸ਼ਕਤੀ ’ਤੇ ਬੇਅੰਤ ਮਾਣ ਸੀ। ਉਸ ਦੀ ਰਹਿਣੀ-ਬਹਿਣੀ ਫ਼ਕੀਰਾਂ ਵਾਲ਼ੀ ਸੀ ਅਤੇ ਉਹ ਖੁੱਲ੍ਹੇ ਦਿਲ ਨਾਲ ਹਰ ਕਿਸੇ ਨੂੰ ਕਹਿ ਦਿੰਦਾ ਸੀ ਕਿ , “ ਜੇ ਕਰ ਮੇਰੇ ਕੋਈ ਦੋ ਜਾਂ ਵੱਧ ਟੁਕੜੇ ਵੀ ਕਰ ਦੇਵੇ ਮੈਂ ਤਾਂ ਵੀ ਮਰ ਨਹੀਂ ਸਕਦਾ।” ਭੋਲ਼ੀ ਜਨਤਾ ਉਸ ਦੀਆਂ ਕਾਰਮਾਤਾਂ ਤੋਂ ਭੈਅ ਖਾਂਦੀ ਸੀ। ਇਕ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਸੰਗਤਪੁਰਾ ਵੱਲ ਗੁਜ਼ਰ ਰਹੇ ਸਨ। ਉਨ੍ਹਾਂ ਨੂੰ ਸਾਈਂ ਫ਼ਤਹਿ ਬਾਰੇ ਪਤਾ ਲੱਗਿਆ। ਗੁਰੂ ਜੀ ਸਾਈਂ ਕੋਲ ਜਾ ਪਹੁੰਚੇ। ਗੁਰੂ ਸਾਹਿਬ ਜੀ ਨੇ ਗੱਲਾਂ ਕੀਤੀਆਂ ਤਾਂ ਉਸਨੇ ਆਪਣੀ ਰੂਹਾਨੀਅਤ ਤਾਕਤ ਨਾਲ ਗੁਰੂ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਪੇਸ਼ ਨਾ ਚੱਲੀ। ਗੁਰੂ ਸਾਹਿਬ ਜੀ ਨੇ ਸਾਹਮਣੇ ਵਿਛੀ ਚੌਪੜ ਖੇਡਣ ਲਈ ਕਿਹਾ ਤਾਂ ਉਹ ਚੌਪੜ ਖੇਡ ਦਾ ਮਾਹਰ ਹੋਣ ਕਰਕੇ ਵੀ ਚਾਰ ਵਾਰ ਗੁਰੂ ਜੀ ਪਾਸੋਂ ਮਾਤ ਖਾ ਗਿਆ। ਉਸ ਨੂੰ ਗੁਰੂ ਜੀ ਨੇ ਬਚਨ ਕੀਤੇ ਕਿ ਮਨੁੱਖ ਨੂੰ ਨੀਵਾਂ ਹੋ ਕੇ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ। ਹੰਕਾਰ ਦੇ ਘੋੜੇ ’ਤੇ ਸਵਾਰ ਹੋ ਕੇ ਕੋਮਲ ਮਨ ਨਹੀਂ ਮਿੱਧਣੇ ਚਾਹੀਦੇ….। ਤੁਸੀਂ ਸੇਵਾ ਕਰਿਆ ਕਰੋ।

ਅੱਲ੍ਹਾ-ਪਾਕ ਦੇ ਰੂ-ਬ-ਰੂ ਹੋਣ ਲਈ ਬੰਦਗੀ ਵੀ ਪਾਕ ਹੋਣੀ ਚਾਹੀਦੀ ਹੈ। ਸਾਈਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੇ ਸੰਗਤਪੁਰਾ ਛੱਡ ਨੂਰਮਹਿਲ ਦਾ ਵਾਸਾ ਕਰ ਲਿਆ।

ਕਰਤਾਰਪੁਰ ਵਿਖੇ ਬਾਬਾ ਆਲਾਰ ਸ਼ਾਹ ਜੀ ਦਾ ਇੰਤਕਾਲ ( ਅੱਲ੍ਹਾ ਨੂੰ ਪਿਆਰੇ ਹੋ ਗਏ ਸਨ ) ਹੋ ਗਿਆ ਸੀ। ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਉਨ੍ਹਾਂ ਨੂੰ ਖਾਕ-ਏ-ਸਪੁਰਦ ਕਰਕੇ ਜਦੋਂ ਨੂਰਮਹਿਲ ਵਿੱਚੋਂ ਗੁਜ਼ਰੇ ਤਾਂ ਉਨ੍ਹਾਂ ਦਾ ਮੇਲ ਸਾਈਂ ਜੀ ਨਾਲ ਹੋਇਆ। ਗੁਰੂ ਜੀ ਨੇ ਸਾਈਂ ਜੀ ਨੂੰ ਕਿਹਾ ਕਿ, “ ਅਜੇ ਵੀ ਸ਼ੌਕ ਹੈ ਇਕ ਪਾਸਾ ਖੇਡਣ ਦਾ…? ” ਸਾਈਂ ਜੀ ਹੈਰਾਨ ਰਹਿ ਗਏ। ਗੁਰੂ ਜੀ ਉਨ੍ਹਾਂ ਦੇ ਚਿਹਰੇ ਵੱਲ ਤੱਕ ਰਹੇ ਸਨ, ਸਾਈਂ ਨੇ ਨਿਮਰਤਾ ਸਹਿਤ ਕਿਹਾ, “ ਮੈਨੂੰ ਤੁਸੀਂ ਹਮੇਸ਼ਾ ਆਪਣੇ ਨਾਲ ਰੱਖ ਲਵੋ? ਮੈਂ ਆਪ ਜੀ ਦਾ ਸੇਵਕ ਹਾਂ। ”

ਗੁਰੂ ਜੀ ਨੇ ਬਚਨ ਦਿੱਤਾ ਕਿ ਤੁਸੀਂ ਹਮੇਸ਼ਾ ਸਾਡੇ ਅੰਗ-ਸੰਗ ਰਹੋਗੇ। ਅੱਜ ਵੀ ਸਾਈਂ ਜੀ ਦਾ ਮਕਬਰਾ, ਗੁਰੂ ਦੁਆਰਾ ਸੱਤਵੀਂ ਪਾਤਸ਼ਾਹੀ ਨੂਰਮਹਿਲ ਸਾਹਮਣੇ ਸਥਾਪਿਤ ਹੈ। 

 

ਪੜ੍ਹੋ ਇਹ ਵੀ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਉਸਾਰੀ ਗਈ ਮਸੀਤ


rajwinder kaur

Content Editor

Related News