ਦੁਆਬੇ ਦੀ ਹੂਕ : ਮਾਲਟਾ ਕਿਸ਼ਤੀ ਕਾਂਡ

06/09/2020 11:26:12 AM

ਲੇਖਕ : ਸਤਵੀਰ ਸਿੰਘ ਚਾਨੀਆਂ  
92569-73526

ਆਬਾਦੀ ਦਾ ਲਗਾਤਾਰ ਵਾਧਾ ਤੇ ਕਾਰੋਬਾਰੀ ਧੰਦਿਆਂ/ਵਾਹੀਯੋਗ ਜ਼ਮੀਨ ਦਾ ਲਗਾਤਾਰ ਵੰਡ ਕਾਰਨ ਘਟਣਾ, ਵਗੈਰਾ ਪੰਜਾਬੀਆਂ ਲਈ ਕਈ ਮੁਸ਼ਕਲਾਂ ਖੜੀਆਂ ਕਰਦਾ ਹੈ। ਬਾਹਰੀ ਠੰਢੇ ਮੁਲਕਾਂ ਨੂੰ ਪੰਜਾਬੀਆਂ ਦਾ ਨਿਕਾਸ ਬੇਹਤਰ ਜ਼ਿੰਦਗੀ ਦੀ ਆਸ਼ਾ ਲੈ ਕੇ ਬੇਸ਼ੱਕ ਆਜ਼ਾਦੀ ਤੋਂ ਪਹਿਲਾਂ ਹੋ ਚੁੱਕਾ ਸੀ ਪਰ ਅੱਜ ਦੇ ਇਸ ਭੀੜ ਭਰੇ ਮਾਹੌਲ ਅਤੇ ਆਰਥਿੱਕ ਮੰਦਹਾਲੀ ਕਰਕੇ ਹੋਰ ਬਿਹਤਰ ਜ਼ਿੰਦਗੀ ਜਿਊਣ ਦੀ ਮਨਸ਼ਾ ਲੈ, ਦੇਖਾ ਦੇਖੀ ਪੰਜਾਬੀ, ਕਾਨੂੰਨੀ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਠੰਢੇ ਮੁਲਕਾਂ ਨੂੰ ਜਾਣ ਲਈ ਲਗਾਤਾਰ ਤਾਂਘ ਵਿੱਚ ਰਹਿੰਦੇ ਹਨ। ਇਸੇ ਢੰਗ ਨਾਲ ਜਾਣ ਵਾਲਿਆਂ ਵਿਚ ਸਾਡੇ ਪੰਜਾਬੀ ਭਰਾ ਭਾਰੀ ਕਰਜ਼ੇ ਚੁੱਕਣ ਅਤੇ ਆਪਣੀਆਂ ਜ਼ਮੀਨਾਂ ਨੂੰ ਵੇਚਣ ਤੋਂ ਵੀ ਝਿਜਕਦੇ ਨਹੀਂ। ਦਸੰਬਰ 1996 ਵਿੱਚ ਇਟਲੀ ਦੇ ਸਾਗਰ ਵਿੱਚ ਹੋਇਆ ਸਮੁੰਦਰੀ ਕਾਂਡ ਵੀ ਅਜਿਹੇ ਪੰਜਾਬੀਆਂ ਨਾਲ ਸਬੰਧਤ ਹੈ। 
                                     
ਪੇਸ਼ ਹੈ ਇਸ ਦਰਦਨਾਕ ਹਾਦਸੇ ’ਚੋਂ ਬਚੇ ਇੱਕ ਪੰਜਾਬੀ ਜ਼ਿੰਦਾ ਪਾਤਰ ਦੀ ਕਹਾਣੀ-ਉਸ ਦੀ ਆਪਣੀ ਜ਼ੁਬਾਨੀ:-

" ਮੈਂ ਹਰਵਿੰਦਰ ਸਿੰਘ ਸਪੁੱਤਰ ਗੁਰਨਾਮ ਸਿੰਘ ਪਿੰਡ ਪੰਡੋਰੀ ਮੁਸ਼ਾਰਕਤੀ ਨਜਦੀਕ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ। ਮੈਂ ਦੋ ਭੈਣਾਂ ਦਾ ਇਕਲੌਤਾ ਭਰਾ ਪਿੰਡ ਖੇਤੀਬਾੜੀ ਵਿੱਚ ਹੀ ਪਿਤਾ ਜੀ ਨਾਲ ਹੱਥ ਵਟਾਉਂਦਿਆਂ ਬਾਹਰ ਜਾਣ ਦੀ ਜਿਦ ਕਰ ਬੈਠਾ। ਕਿਉਂਕਿ ਜ਼ਮੀਨ ਗੁਜ਼ਾਰੇ ਜੋਗੀ ਹੀ ਸੀ। ਉਸ ’ਚੋਂ ਵੀ ਕੁੱਝ ਪਹਿਲੇ ਹੀ ਗਹਿਣੇ ਸੀ ਤੇ ਦੂਜਾ ਭੈਣਾ ਦੇ ਵਿਆਹ ਦੀ ਚਿੰਤਾ, ਸੋ ਸਾਰੇ ਚਾਅ ਪੂਰੇ ਕਰਨੇ ਮੁਸ਼ਕਲ ਸਨ। ਚੜ੍ਹਦੇ 1996 ਨੂੰ ਨੂਰਮਹਿਲ ਨਜਦੀਕੀ ਇਕ ਏਜੰਟ ਨੂੰ ਇਟਲੀ ਲਈ ਕੁੱਝ ਜ਼ਮੀਨ ਗਹਿਣੇ ਰੱਖ ਅਤੇ ਕੁੱਝ ਵਿਆਜੂ ਫੜ, 4 ਲੱਖ ਰੁ: ਦੇਣੇ ਕਰਕੇ ਅਸੀਂ ਤਿਆਰੀ ਫੜਨੀ ਸ਼ੁਰੂ ਕਰ ਦਿੱਤੀ। ਆਪਣੇ ਸੁਪਨਿਆਂ ਨੁੰ ਪੂਰਾ ਕਰਨ ਲਈ ਅਕਤੂਬਰ 1996 ਨੂੰ ਦਿੱਲੀ ਤੋਂ ਜਹਾਜ਼ ਫੜ ਤੁਰਕੀ ਜਾ ਉੱਤਰੇ। ਇੰਸਤਬੋਲ ਸ਼ਹਿਰ ਦੇ ਇੱਕ ਹੋਟਲ ਵਿਚ ਸਾਨੂੰ ਠਹਿਰਾਇਆ ਗਿਆ। ਜਿੱਥੇ ਅਸੀਂ ਕੁੱਲ 60-70 ਪੰਜਾਬੀ ਸਾਂ। 4 ਨਵੰਬਰ 1996 ਨੂੰ ਤੁਰਕੀ ਤੋਂ 115 ਪੰਜਾਬੀ ਜੋ ਓਧਰ ਸਥਿੱਤ ਇੱਕ ਏਜੰਟ ਵਲੋਂ ਸਮੁੰਦਰ ਦੇ ਕੰਢੇ ਤੇ ਲੈ ਜਾਏ ਗਏ।

ਪੜ੍ਹੋ ਇਹ ਵੀ - ਅਮਰੀਕਾ ਨੂੰ ਕੋਰੋਨਾ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖ਼ਿਲਾਫ਼ ਅੰਦੋਲਨਾਂ ਨੇ ਚੁਤਰਫ਼ਾ ਘੇਰਿਆ !

ਇੱਕ ਛੋਟੇ ਸਮੁੰਦਰੀ ਜਹਾਜ਼ ਰਾਹੀਂ ਸਮੁੰਦਰ ਵਿੱਚ ਠੇਲ ਦਿੱਤੇ। ਕੁੱਝ ਦਿਨਾਂ ਦੇ ਸਫਰ ਤੋਂ ਬਾਅਦ ਸੀਰੀਆ ਤੋਂ ਆਉਂਦੇ ਦੋ ਛੋਟੇ ਸਮੁੰਦਰੀ ਜਹਾਜ਼, ਜਿਨ੍ਹਾਂ ਵਿੱਚ ਕਰਮਵਾਰ 76 ਅਤੇ 82 ਪੰਜਾਬੀ ਸਵਾਰ ਸਨ, ਵੀ ਸਾਡੇ ਸਮੁੰਦਰੀ ਜਹਾਜ਼ ਨਾਲ ਆ ਮਿਲੇ। ਕੁੱਝ ਦਿਨਾਂ ਦੇ ਹੋਰ ਸਫਰ ਤੋਂ ਬਾਅਦ 2 ਦਸੰਬਰ ਨੂੰ ਸਾਰੇ 273 ਪੰਜਾਬੀਆਂ ਅਤੇ 6 ਜਹਾਜ਼ ਦੇ ਅਮਲੇ ਦੇ ਮੈਂਬਰਾਂ ਨੂੰ ਇਕ ਹੋਰ ਵੱਡੇ ਸਮੁੰਦਰੀ ਜਹਾਜ਼ ਵਿੱਚ ਤਬਦੀਲ ਕਰ ਦਿੱਤਾ ਗਿਆ। ਇਟਲੀ ਵੱਲ ਅੱਗੇ ਵੱਧਦਿਆਂ 24 ਦਸੰਬਰ ਨੂੰ ਮਿਸਰ ਤੋਂ ਆਇਆ ਇੱਕ ਹੋਰ ਸਮੁੰਦਰੀ ਜਹਾਜ਼ ਆ ਮਿਲਿਆ, ਜਿੱਸ ਵਿੱਚ 169 ਪਾਕਿਸਤਾਨੀ ਅਤੇ ਸ਼੍ਰੀ ਲੰਕਾਈ ਸਵਾਰ ਸਨ। ਇਸ ਤਰਾਂ ਹੁਣ ਕੁੱਲ ਗਿਣਤੀ 469 ਹੋ ਗਈ। ਜਿਹਨਾਂ ਨੂੰ 25 ਦਸੰਬਰ ਕ੍ਰਿਸਮਿਸ ਵਾਲੇ ਦਿਨ ਇਟਲੀ ਵਿੱਚ ਧੱਕਿਆ ਜਾਣਾ ਸੀ। 25 ਦਸੰਬਰ ਨੂੰ ਇਟਲੀ ਤੋਂ 18 ਅਤੇ ਮਾਲਟਾ ਤੋਂ 24 ਕਿ: ਮੀ: ਦੂਰ ਖੜੀ ਇੱਕ ਹੋਰ ਮੋਟਰ ਕਿਸ਼ਤੀ ਸਾਡਾ ਇੰਤਜ਼ਾਰ ਕਰ ਰਹੀ ਸੀ। ਅਫਵਾਹ ਸੀ ਕਿ ਇਟਲੀ ਪੁਲਸ ਨੂੰ ਸ਼ਾਇਦ ਇਸ ਦੀ ਇਤਲਾਹ ਮਿਲ ਗਈ ਹੈ, ਸੋ ਵੱਡੇ ਜਹਾਜ਼ ਵਿੱਚੋਂ ਉੱਤਰ ਕੇ ਛੋਟੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਜਾਣ ਦਾ ਸਾਰਿਆਂ ਨੂੰ ਹੁਕਮ ਹੋਇਆ।

ਪੜ੍ਹੋ ਇਹ ਵੀ - ATM ਕੈਸ਼ ਦੇ ਰੱਖ-ਰਖਾਅ ਲਈ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)

ਜਦ ਸਾਰੇ ਸਵਾਰ ਚੜ੍ਹ ਗਏ ਤਾਂ ਸਮੁੰਦਰੀ ਜਹਾਜ਼ ਦੀ ਸਥਿਤੀ ਡਾਵਾਂ ਡੋਲ ਹੋ ਗਈ। ਵੱਡਾ ਜਹਾਜ਼ ਜਦ ਉੱਥੋਂ ਵਿਦਾ ਹੋਣ ਲੱਗਾ ਤਾਂ ਸ਼ਰਾਬੀ ਚਾਲਕ ਨੇ ਉੱਸ ਨੂੰ ਬੈਕ ਕਰਦਿਆਂ ਸਾਡੇ ਸਮੁੰਦਰੀ ਜਹਾਜ਼ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਸਾਡੇ ਸਮੁੰਦਰੀ ਜਹਾਜ਼ ਦੇ ਫਰਸ਼ ਵਿੱਚ ਵੱਡੀ ਦਰਾੜ ਪੈ ਗਈ। ਸਮੁੰਦਰੀ ਜਹਾਜ਼ ਵਿੱਚ ਹੁਣ ਤੇਜੀ ਨਾਲ ਪਾਣੀ ਭਰਨ ਲੱਗਾ। ਇਹ ਖੌਫਨਾਕ ਹਾਦਸੇ ਦੀ ਸ਼ੁਰੂਆਤ ਸੀ। ਅਸੀਂ ਆਪਣੇ-ਆਪਣੇ ਕੱਪੜੇ ਲਾਹ ਕੇ ਫਰਸ਼ ਦੀ ਦਰਾੜ ਵਿੱਚ ਧੱਕਣੇ ਸ਼ੁਰੂ ਕਰ ਦਿੱਤੇ। ਸਮੁੰਦਰੀ ਜਹਾਜ਼ ਵਿੱਚ ਭਰਿਆ ਪਾਣੀ ਪੀਪਿਆਂ ਨਾਲ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਸੱਭ ਵਿਅਰਥ। ਦੇਖਦਿਆਂ-ਦੇਖਦਿਆਂ ਸਮੁੰਦਰੀ ਜਹਾਜ਼ ਪਾਣੀ ਵਿੱਚ ਡੁੱਬਣ ਲੱਗਾ। ਇਹ ਉਹ ਸਮਾਂ ਸੀ ਜਦ ਅਸੀਂ ਮੌਤ ਨੂੰ ਬਹੁਤ ਨਜਦੀਕ ਤੋਂ ਦੇਖਿਆ। ਚੀਕ ਚਿਹਾੜਾ ਪੈ ਗਿਆ। ਕੁੱਝ ਵੀ ਸੁੱਝੇ ਨਾ। ਪਏ ਰੌਲੇ ਰੱਪੇ ਅਤੇ ਸਾਡੇ ਇਸ਼ਾਰਿਆਂ ਨੂੰ ਸਮਝ ਉਹੀ ਵੱਡੇ ਸਮੁੰਦਰੀ ਜਹਾਜ਼ ਦਾ ਚਾਲਕ ਜਹਾਜ਼ ਨੂੰ ਸਾਡੇ ਨਜਦੀਕ ਲੈ ਆਇਆ ਅਤੇ ਸਾਡੇ ਵੱਲ ਰੱਸਾ ਸੁੱਟਿਆ।

ਪੜ੍ਹੋ ਇਹ ਵੀ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ‘ਪੀਰ ਦਰਗਾਰੀ ਸ਼ਾਹ’

ਪਹਿਲੋਂ ਸਾਡਾ ਸਮੁੰਦਰੀ ਜਹਾਜ਼ ਚਾਲਕ ਫਿਰ ਕੁੱਝ ਪੰਜਾਬੀ ਵੀ ਰੱਸਾ ਫੜ ਕੇ ਵੱਡੇ ਜਹਾਜ਼ ਵਿੱਚ ਜਾ ਚੜੇ। ਨਾਲ ਹੀ ਇਕ ਹੋਰ ਦਰਦਨਾਕ ਘਟਨਾ ਵਾਪਰ ਗਈ। ਕੁਝ ਮੁੰਡਿਆਂ ਨੇ ਜਦ ਉੱਪਰ ਚੜਨ ਲਈ ਰੱਸਾ ਫੱੜਿਆ ਹੋਇਆ ਸੀ ਤਾਂ ਰੱਸਾ ਖਿਸਕ ਕੇ ਜਹਾਜ਼ ਦੇ ਪੱਖੇ ਵਿੱਚ ਆ ਗਿਆ ਜਿਸ ਵਜਾ ਉਹ ਵੀ ਪੱਖੇ ਵਿਚ ਆਕੇ ਕੁਤਰਾ-ਕੁਤਰਾ ਹੋ ਗਏ। ਕਈ ਸਵਾਰ ਜੋ ਚੰਗੇ ਤਾਰੂ ਸਨ, ਉਨ੍ਹਾਂ ਪਾਣੀ ਵਿੱਚ ਛਾਲਾਂ ਮਾਰ ਕੇ ਵੱਡੇ ਜਹਾਜ਼ ਵਿੱਚ ਜਾ ਚੜੇ। ਜਿਨ੍ਹਾਂ ਵਿੱਚ ਮੈਂ ਖੁਦ ਵੀ ਸ਼ਾਮਲ ਸਾਂ। ਵੇਖਦਿਆਂ ਹੀ ਇਧਰਲੇ 200, ਪਾਕਿ: ਦੇ 31 ਪੰਜਾਬੀ ਅਤੇ 92 ਸ਼੍ਰੀ ਲੰਕਾਈ ਜਵਾਨ ਗਹਿਰਾ ਸਮੁੰਦਰ ਨਿਗਲ ਗਿਆ। ਜਦ ਕਿ ਬਚ ਗਿਆਂ ਵਿਚ 61 ਇਧਰਲੇ ਪੰਜਾਬੀ ਅਤੇ 46 ਪਾਕਿ ਅਤੇ ਸ਼੍ਰੀ ਲੰਕਾਈ ਸਨ। ਇਸ ਉਪਰੰਤ ਜਦ ਸਾਡਾ ਜਹਾਜ਼ ਇਟਲੀ ਦੇ ਸਾਹਿਲ ’ਤੇ ਲੱਗਾ, ਉਥੋਂ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਮਹੀਨਿਆਂ ਬੱਧੀ ਜੇਲ ਅਤੇ ਭਾਰੀ ਜ਼ੁਰਮਾਨੇ ਅਦਾ ਕਰ ਅਸੀਂ ਭਲੇ ਕਾਫੀ ਖੱਜਲ ਖਰਾਬੀ ਤੋਂ ਬਾਅਦ ਭਾਰਤੀ ਸਰਕਾਰ ਦੀਆਂ ਕੋਸ਼ਿਸ਼ਾਵਾਂ ’ਤੇ ਵਾਪਸ ਮੁੜ ਆਏ ਹਾਂ ਪਰ ਉਹ ਖੌਫਨਾਕ ਮੰਜ਼ਰ ਭੁਲਾਇਆਂ ਵੀ ਨਹੀਂ ਭੁੱਲਦਾ ਇਹੀ ਸੋਚਦੇ ਹਾਂ ਕਿ ਜਾਨ ਬਚੀ ਤੋ ਲਾਖੋਂ ਪਾਏ।- ਆਖੀਰ ਵਿੱਚ ਮੈਂ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੈਂ ਕਿ ਭੁੱਲ ਕੇ ਵੀ ਦੋ ਨੰਬਰ ’ਚ ਬਾਹਰ ਨਾ ਜਾਓ। "

ਪੜ੍ਹੋ ਇਹ ਵੀ - ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

- ਜਦ ਹਰਵਿੰਦਰ ਇਹ ਕਹਾਣੀ ਆਪਣੀ ਜ਼ੁਬਾਨੀ ਬਿਆਨ ਕਰ ਰਿਹਾ ਸੀ ਤਾਂ ਜਿੱਥੇ ਉਸ ਦੇ ਅੱਥਰੂ ਲਗਾਤਾਰ ਵਗਦੇ ਰਹੇ ਉੱਥੇ ਕਈ ਦਫਾ ਨੀਮ ਬੇਹੋਸ਼ੀ ਦੀ ਹਾਲਾਤ ਵੀ ਬਣਦੀ ਰਹੀ। ਮੈਂ ਵਾਚਿਆ ਕਿ ਐਵੇਂ ਉਸ ਦੇ ਜ਼ਖਮਾਂ ਤੇ ਆਏ ਖਰੀਂਡ ਨੂੰ ਮੁੜ ਛਿੱਲਣ ਦੀ ਗੁਸਤਾਖੀ ਕਰ ਬੈਠਾਂ ਹਾਂ। ਪਰ ਜੇ ਇਹ ਗ਼ੁਸਤਾਖੀ ਨਾ ਕਰਦਾ ਤਾਂ ਹਥਲੀ ਦਰਦਨਾਕ ਕਹਾਣੀ ਤੁਹਾਡੇ ਤੱਕ ਕਿਵੇਂ ਪਹੁੰਚਦੀ ?

ਪੜ੍ਹੋ ਇਹ ਵੀ - ਗਰਮੀਆਂ ’ਚ ਪੀਓ ‘ਬੇਲ ਦਾ ਸ਼ਰਬਤ’, ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ


rajwinder kaur

Content Editor

Related News