1947 ਹਿਜਰਤਨਾਮਾ-16 : ਸ.ਬਲਬੀਰ ਸਿੰਘ ਸੰਧੂ ‘ਮੁਗ਼ਲ ਮਾਜਰਾ’

06/04/2020 12:22:07 PM

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526

ਆਰਮੀ ਪਰਿਵਾਰ ਦੇ ਸਿਆਲਕੋਟੀਏ ਸਰਦਾਰ ਬਲਵੀਰ ਸਿੰਘ, ਹੁਣ ਅੰਬਰਸਰੀਏ, ਹੋਰਾਂ ਆਪਣੀ 1947 ਦੀ ਹਿਜਰਤ ਸਬੰਧੀ ਪੀੜ ਭਰੀ ਕਹਾਣੀ ਇੰਞ ਕਹਿ ਸੁਣਾਈ-

'' ਰਾਮ ਪੁਰ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਸਾਡਾ ਜੱਦੀ ਪਿੰਡ ਐ, ਵਡਾਲਾ ਸੰਧੂਆਂ ਤੋਂ ਡਸਕਾ ਜਾਣ ਵਾਲੀ ਸੜਕ ’ਤੇ। ਮੇਰਾ ਜਨਮ ਜਨਵਰੀ 1936 ਵਿੱਚ ਕਾਲਾ ਸਿੰਘ ਪੁੱਤਰ ਸ: ਲਾਲ ਸਿੰਘ ਕੇ ਘਰ ਹੋਇਐ। ਅਸੀਂ ਪੰਜ ਭਰਾ ਸੱਭੋ ਲਾਠੀਆਂ ਵਰਗੇ ਅਤੇ ਇੱਕ ਭੈਣ, ਦਰਜਾ ਬਾ-ਦਰਜਾ ਗੁਰਦਰਸ਼ਨ ਕੌਰ, ਬਲਵੀਰ ਸਿੰਘ, ਕੈਪਟਨ ਅਮਰੀਕ ਸਿੰਘ, ਸੁਰਜੀਤ ਸਿੰਘ, ਜਸਜੀਤ ਸਿੰਘ ਤੇ ਮਨਜੀਤ ਸਿੰਘ। ਸਾਡੇ ਗੁਆਂਢੀ ਪਿੰਡ ਸਨ, ਰਾਮ ਰਾਈਆਂ, ਅਕਬਰ, ਮਹਾਰਾਣਾ, ਨੂਰਪੁਰ ਰੰਡਿਆਂ, ਸਿਆਣਾ, ਸਿਰਾਂ ਵਾਲੀ, ਪਹਾੜੀ ਪੁੱਲ, ਚੱਕਰੀ ਰਾਮ ਕੇ ਵਗੈਰਾ। ਚੌਧਰੀਆਂ ਵਿੱਚ ਪਹਾੜੀ ਪੁੱਲ, ਵਡਾਲਾ ਸੰਧੂਆਂ ਤੋਂ ਸੰਤ ਸਿੰਘ 22 ਪਿੰਡਾਂ ਦਾ ਜ਼ੈਲਦਾਰ ਸੀ। ਇਹੋ ਵਡਾਲਾ ਸਾਨੂੰ ਆਉਣ ਜਾਣ ਲਈ ਅੱਡਾ ਲੱਗਦਾ। ਬੱਸ ਕਿਤੇ ਕਿਤੇ ਟਾਂਗੇ ਅਕਸਰ ਮਿਲਦੇ। ਸਾਡੇ ਪਿੰਡ ਤੋਂ ਤਾਰਾ ਸਿੰਘ ਲੰਬੜਦਾਰ ਚੌਧਰੀ ਹੋਇਆ ਕਰਦਾ ਸੀ। ਕੰਮੀਆਂ ਵਿੱਚ ਗੋਪਾਲ ਸਿੰਘ, ਪਾਲ ਸਿੰਘ ਪਿਓ ਪੁੱਤ ਤਰਖਾਣਾ ਕੰਮ ਕਰਦੇ ਅਤੇ ਦੋ ਮੁਸਲਿਮ ਭਰਾ ਲੁਹਾਰਾ । ਕਿਰਪਾ ਰਾਮ ਅਤੇ ਉਸ ਦੇ ਘਰੋਂ ਬਸੰਤੀ ਝਿਊਰਾ ਕੰਮ ਕਰਦੇ ਸਨ। ਸਾਡੇ ਖੇਤਾਂ ਵਿੱਚ ਬਾਲਮੀਕ ਬੰਧੂ ਅਤੇ ਮੇਰੇ ਨਾਨਕੇ ਤੋਂ ਬਰਕਤ ਬਤੌਰ ਕੰਮੀ ਕੰਮ ਕਰਦੇ, ਤਦੋਂ। ਮੁਸਲਿਮ ਜੈਮਲ ਤੇਲਣ ਸਾਡੇ ਘਰ ਕੱਪੜੇ ਸਿਊਣ ਤੇ ਹੋਰ ਨਿੱਕ ਸੁੱਕ ਕੰਮ ਕਰਿਆ ਕਰਦੀ, ਮੈਨੂੰ ਵੀ ਉਨ੍ਹਾਂ ਨੇ ਬੜਾ ਖਿਡਾਇਆ। ਮੁਸਲਮਾਨਾ ’ਚੋਂ ਹੈਦਰੂ ਅਤੇ ਬਸ਼ੀਰ ਅਹਿਮਦ ਮੇਰੇ ਬਚਪਨ ਦੇ ਸੰਗੀ ਸਾਥੀ ਅੱਜ ਵੀ ਮੇਰੇ ਚੇਤਿਆਂ ’ਚ ਬਰਕਰਾਰ ਨੇ।

ਪੜ੍ਹੋ ਇਹ ਵੀ ਖਬਰ - ਜਨਮ ਦਿਨ ’ਤੇ ਵਿਸ਼ੇਸ਼ : ਬੇਸਹਾਰਿਆਂ ਦੇ ਮਸੀਹਾ ‘ਭਗਤ ਪੂਰਨ ਸਿੰਘ ਜੀ’

ਮੇਰੇ ਪਿਤਾ ਜੀ 'ਮਰੇ ਕਾਲਜ’ ਸਿਆਲਕੋਟ ਤੋਂ ਪੜ੍ਹੇ ਅਤੇ PTI ਮਾਸਟਰ ਵਾਲਾ ਕੋਰਸ ਕਰਕੇ ਸਿਆਲਕੋਟ ਦੇ ਡਸਕਾ ਹਲਕੇ ਵਿੱਚ ਮਾਸਟਰ ਲੱਗੇ ਰਹੇ। ਬਾਬਾ ਜੀ ਪੰਜਾਬ ਰਜਮੈਂਟ 60 ਨੰਬਰ ਘੋੜ ਚੜ੍ਹੇ ਫ਼ੌਜ ’ਚੋਂ ਰੌਲਿਆਂ ਤੋਂ ਪਹਿਲੇ ਹੀ ਰਸਾਲਦਾਰ ਸੇਵਾਮੁਕਤ ਹੋਏ। ਦੂਸਰੀ ਜਮਾਤ ਤੱਕ ਪ੍ਰਾਇਮਰੀ ਸਕੂਲ ਸਾਡੇ ਪਿੰਡ, ਸਾਡੀ ਹਵੇਲੀ ਵਿੱਚ ਹੀ ਚੱਲਦਾ ਸੀ, ਉਦੋਂ। ਬਾਬਾ ਜੀ ਨੇ ਹੀ ਉਦਮ ਕਰਕੇ ਖੁਲਵਾਇਆ ਸੀ, ਉਹ। ਮੈਂ ਦੂਸਰੀ ਜਮਾਤ ਉਥੋਂ ਹੀ ਪਾਸ ਕੀਤੀ। ਉਥੇ ਮੂਲ ਸਿੰਘ ਨਾਮੇ ਮਾਸਟਰ ਹੁੰਦਾ ਸੀ, ਤਦੋਂ। ਤੀਜੀ, ਚੌਥੀ ਮੈਂ ਵਡਾਲਾ ਸੰਧੂਆਂ ਤੋਂ ਕੀਤੀ। ਦੁਰਗਾ ਦਾਸ ਹੈਡ ਮਾਸਟਰ ਉਥੋਂ, ਰਿਟਾਇਰਡ ਹੋਏ ਤਾਂ ਉਨ੍ਹਾਂ ਦੀ ਜਗ੍ਹਾਂ ਫਿਰ ਰਾਮ ਪੁਰੇ ਤੋਂ ਮਾਸਟਰ ਮੂਲ ਸਿੰਘ ਚਲੇ ਗਏ। ਵਡਾਲਿਓਂ, ਮਾਸਟਰ ਝਾਂਗੀਆ ਜੀ ਮੂਲ ਸਿੰਘ ਜੀ ਦੀ ਜਗ੍ਹਾ ਆ ਗਏ। 5ਵੀਂ ਕਰਨ ਲਈ ਮੈਂ ਡਸਕਾ ਤੋਂ ਅੱਗੇ ਪੈਂਦੇ ਭੋਪਾਲ ਵਾਲਾ ਆਰੀਆ ਹਾਈ ਸਕੂਲ 'ਚ ਜਾ ਦਾਖਲ ਹੋਇਆ।

ਉਥੇ ਹੀ ਰਿਸ਼ਤੇਦਾਰੀ 'ਚ ਰਿਹਾਇਸ਼ ਰੱਖੀ। ਮੇਰੇ ਉਸਤਾਦਾਂ ਵਿੱਚ ਹੈਡ ਮਾਸਟਰ ਸ਼੍ਰੀ ਮੇਲਾ ਰਾਮ, ਸ਼੍ਰੀ ਰਘੂ ਨਾਥ ਅਤੇ ਸ਼੍ਰੀ ਦੇਸ਼ ਰਾਜ ਅੰਗਰੇਜ਼ੀ, ਸ਼੍ਰੀ ਜਗਨ ਨਾਥ ਉਰਦੂ, ਸ਼੍ਰੀ ਇਕਬਾਲ ਰਾਏ ਸਾਇੰਸ, ਸ਼੍ਰੀ ਬਲਦੇਵ ਰਾਜ ਹਿੰਦੀ ਵਗੈਰਾ ਪੜ੍ਹਾਉਂਦੇ ਸਨ। ਸੱਭੋ ਉਸਤਾਦ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਸਨ, ਉਨ੍ਹਾਂ ਤੋਂ ਭੈਅ ਬਹੁਤਾ ਸੀ। ਹੋਣਹਾਰ ਵਿਦਿਆਰਥੀਆਂ ਨਾਲ ਜਿਥੇ ਪਿਆਰ ਕਰਦੇ ਸਨ, ਉਥੇ ਸ਼ਰਾਰਤੀਆਂ ਨਾਲ ਸਖਤੀ ਨਾਲ ਵੀ ਪੇਸ਼ ਆਉਂਦੇ। ਇਥੇ ਮੇਰੇ ਮੁਸਲਿਮ ਦੋਸਤਾਂ ਵਿੱਚ ਦੋ ਸਕੇ ਭਰਾ ਰਿਆਜ਼ ਮੁਹੰਮਦ ਅਤੇ ਸਫੀ ਮੁਹੰਮਦ ਸਨ। ਰਿਆਜ਼ ਤਾਂ ਮੇਰੇ ਬੈਂਚ ’ਤੇ ਹੀ ਬੈਠਿਆ ਕਰਦਾ ਸੀ। ਹਿੰਦੀ ਵਾਲੇ ਉਸਤਾਦ ਨੇ ਉਹਨੂੰ ਝਿੜਕ ਕੇ ਉਠਾਲ ਦੇਣਾ ਤਾਂ ਉਸ ਪੀਰੀਅਡ ਤੋਂ ਬਾਅਦ ਫਿਰ ਮੇਰੇ ਨਾਲ ਆ ਬੈਠਣਾ। ਉਹ ਦੋਵੇਂ ਮੁਸਲਿਮ ਭਰਾ, ਮੂਲ ਰੂਪ ’ਚ ਪਿੰਡ ਵਣੀਕੇ ਜ਼ਿਲ੍ਹਾ ਹਾਫ਼ਿਜਾਬਾਦ ਤੋਂ ਇੱਕ ਅਮੀਰਜ਼ਾਦਾ ਪਰਿਵਾਰ ਵਿੱਚੋਂ ਸਨ ਅਤੇ ਭੋਪਾਲ ਵਾਲੇ ਆਪਣੇ ਰਿਸ਼ਤੇਦਾਰ ਦੋਸਤ ਮੁਹੰਮਦ, ਜੋ 22 ਪਿੰਡਾਂ ਦਾ ਜ਼ੈਲਦਾਰ ਸੀ, ਪਾਸ ਰਿਹਾਇਸ਼ ਰੱਖਦੇ ਸਨ।

ਪੜ੍ਹੋ ਇਹ ਵੀ ਖਬਰ - ਮਾਂ-ਬਾਪ ਦੇ ਲਈ ‘ਧੀਆਂ ਕੇਹੜਾ ਅਸਾਨ ਨੇ ਤੋਰਨੀਆ..?’

ਇਹ ਸਕੂਲ 19ਵੀਂ ਸਦੀ ਵਿੱਚ ਰਈਸ ਮੁਕੰਦ ਲਾਲ ਨੇ ਆਪਣੀ ਜ਼ਮੀਨ ਵਿੱਚ ਬਣਵਾਇਆ ਸੀ, ਕੰਪਲੈਕਸ ਵਿੱਚ ਬਹੁਤ ਖੁੱਲ੍ਹੇ ਖੇਡ ਮੈਦਾਨ ਅਤੇ ਬਾਗ਼ ਸਨ। ਸਕੂਲ ਹੈੱਡ ਮਾਸਟਰ ਲਈ ਆਲੀਸ਼ਾਨ ਬੰਗਲਾ ਸੀ। ਖਾਸ ਇਹ ਕਿ ਪਿਤਾ ਜੀ ਵੀ ਇਸੇ ਸਕੂਲ ਵਿੱਚੋਂ ਪੜ੍ਹੇ ਹੋਏ ਸਨ। ਜਦ ਰੌਲੇ ਪਏ ਤਾਂ ਮੈਂ ਉਦੋਂ ਪੰਜਵੀਂ ਵਿੱਚ ਪੜ੍ਹਦਾ ਸਾਂ। ਮਾਸਟਰ ਤਾਰਾ ਸਿੰਘ ਵਲੋਂ ਮੁਸਲਿਮ ਲੀਗ ਦੇ 'ਪਾਕਿਸਤਾਨ ਮਤਾ' ਪਾਸ ਕਰਨ ਦੇ ਰੋਸ ਵਜੋਂ 3 ਮਾਰਚ 1947 ਦੇ ਦਿਨ ਉਨ੍ਹਾਂ ਦਾ ਝੰਡਾ ਪਾੜਨ ਦੀ ਅਫਵਾਹ ਫੈਲਣ ’ਤੇ ਮਾਰਚ ਦੇ ਪਹਿਲੇ ਹਫ਼ਤੇ ਹੀ ਰਾਵਲਪਿੰਡੀ ਤੋਂ ਸ਼ੁਰੂ ਹੋਏ ਹਿੰਦੂ-ਸਿੱਖਾਂ ਬਰਖਿਲਾਫ ਦੰਗਿਆਂ ਦਾ ਸੇਕ ਅਗਸਤ 1947 ਵਿੱਚ ਸਿਆਲਕੋਟ ਦੇ ਪਿੰਡਾਂ ਵਿੱਚ ਵੀ ਪਹੁੰਚ ਚੁੱਕਾ ਸੀ। ਇਸ ਕਰਕੇ ਅਗਸਤ 1947 ਵਿੱਚ ਸਾਰੇ ਸਕੂਲਾਂ 'ਚ ਛੁੱਟੀਆਂ ਹੋ ਗਈਆ। ਤਦੋਂ ਮੈਂ ਵੀ ਆਪਣੇ ਪਿੱਤਰੀ ਪਿੰਡ ਆ ਗਿਆ। ਹੁਣ ਦੰਗਾ-ਫਸਾਦ ਆਪਣੀ ਗਰਮੀ ਫੜ ਰਿਹਾ ਸੀ। ਗੁਜਰਾਂਵਾਲਾ ਅਤੇ ਸਿਆਲਕੋਟ ਵਿੱਚ ਛੁਰੇਬਾਜ਼ੀ ਅਗਜ਼ਨੀ ਦੀਆਂ ਘਟਨਾਵਾਂ ਨਿੱਤ ਦਿਹਾੜੇ ਵਾਪਰਨ ਲੱਗੀਆਂ। ਮੇਰੇ ਬਾਬਾ ਜੀ ਦਾ ਭਰਾ ਸੋਹਣ ਸਿੰਘ ਰਿਟਾਇਰਡ ਸੂਬੇਦਾਰ ਅੱਗੇ ਉਹਦੇ 8 ਪੁੱਤਰ, ਸਾਰਾ ਹੀ ਫੌਜੀ ਪਰਿਵਾਰ ਸੀ, ਉਹ। ਉਹਦਾ ਬੇਟਾ ਜਸਵੰਤ ਸਿੰਘ ਯੋਲ ਕੈਂਪ ਹਿਮਾਚਲ ਵਿੱਚ ਕੈਪਟਨ ਸੀ। ਉਹ ਅਗਸਤ 1947 ਵਿੱਚ ਪਿੰਡ ਛੁੱਟੀ ਆਇਆ। ਗੁਜਰਾਂਵਾਲੇਂ ਤੋ ਟਾਂਗਾ ਕੀਤਾ, ਹਾਲਾਤ ਇਸ ਕਦਰ ਖਰਾਬ ਸਨ ਕਿ ਹੱਥ 'ਚ ਪਿਸਤੌਲ ਫੜ੍ਹ ਕੇ ਆਏੇ, ਉਹ।

ਪੜ੍ਹੋ ਇਹ ਵੀ ਖਬਰ -  ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

PunjabKesari

ਮਸੀਤਾਂ ਵਿੱਚ ਮੁਸਲਮਾਨਾਂ ਦੀਆਂ ਬੈਠਕਾਂ ’ਤੇ ਵਿਓਂਤਬੰਦੀਆਂ ਹੁੰਦੀਆਂ ਅਤੇ ਗੁਰਦੁਆਰਿਆਂ ਵਿੱਚ ਸਿੱਖਾਂ ਦੀਆਂ। ਇਕ ਦਿਨ ਉਹ ਵੀ ਡਿੱਠਾ ਜਦ ਵਡਾਲਾ ਸੰਧੂਆਂ ਪਿੰਡ ਨੂੰ ਹਜ਼ਾਰਾਂ ਮੁਸਲਿਮ ਦੰਗਈਆਂ ਨੇ ਆਣ ਘੇਰਿਆ। ਬਾਹਰੀ ਆਬਾਦੀ ਦੇ ਕਈ ਘਰਾਂ/ਡੇਰਿਆਂ ਨੂੰ ਲੁੱਟ ਪੁੱਟ ਕੇ ਅੱਗ ਲਗਾ ਦਿੱਤੀ ਅਤੇ ਇੱਕਾ ਦੁੱਕਾ ਜਨਾਨੀਆਂ ਨੂੰ ਉਧਾਲ ਲਿਆ ਗਿਆ। ਵਡਾਲਿਓਂ ਕੁੱਝ ਮੋਹਤਬਰ ਬੰਦੇ ਚਾਚਾ ਕੈਪਟਨ ਪਾਸ ਮੱਦਦ ਲਈ ਆਏ, ਚਾਚਾ ਜੀ ਨੇ ਸਿਆਲਕੋਟ ਜਾ ਕੇ ਮਿਲਟਰੀ ਕਮਾਂਡਰ ਨੂੰ ਸਾਰੀ ਵਿਥਿਆ ਕਹਿ ਸੁਣਾਈ। ਉਨ੍ਹਾਂ ਫ਼ੌਜੀ ਅਫਸਰ ਦੀ ਡਿਊਟੀ ਲਗਾਈ ਕਿ ਹਲਕੇ ਵਿੱਚ ਫ਼ੌਜੀ ਟਰੱਕ ਲੈ ਕੇ ਲਗਾਤਾਰ ਗਸ਼ਤ ਕੀਤੀ ਜਾਵੇ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ’ਚ ਦਿੱਤੀ ਗਈ ਪੂਰੀ ਢਿੱਲ ਭਾਰਤ ਲਈ ਖਤਰਨਾਕ, ਜਾਣੋ ਕਿਉਂ (ਵੀਡੀਓ)

ਤਦੋਂ ਹੀ ਉਹ ਹੁਕਮ ਅਮਲ ਵਿੱਚ ਹੋਇਆ। ਦੋ ਫੌਜੀ ਟਰੱਕ ਭੇਜੇ, ਜਿੰਨਾਂ ਨੇ ਆਉਂਦਿਆਂ ਹੀ ਹਵਾ ਵਿੱਚ ਫਾਇਰ ਕੀਤਾ। ਉਹ ਸੱਭੋ ਦੰਗਈ ਭੱਜ ਉਠੇ, ਆਰਮੀ ਵਾਲਿਆਂ 14-15 ਦੰਗਈਆਂ ਨੂੰ ਫੜ੍ਹ, ਸਿਆਲਕੋਟ ਘੱਤਿਆ। ਫੌਜੀ ਹਰ ਰੋਜ ਸਵੇਰ ਸ਼ਾਮ ਗਸ਼ਤ ’ਤੇ ਆਉਂਦੇ ਅਤੇ ਕੈਪਟਨ ਚਾਚਾ ਨੂੰ ਮਿਲ ਕੇ ਜਾਂਦੇ। ਅਸੀਂ ਵੀ ਸਾਰੇ ਨਿਆਣਿਆਂ, ਉਦੋਂ ਚੁਬਾਰਿਆਂ ’ਤੇ ਸਿੱਖਰ ਚੜ੍ਹ ਕੇ ਦੂਰਬੀਨ ਨਾਲ ਆਲੇ-ਦੁਆਲੇ ਦੀ ਹਲਚਲ ਨੂੰ ਦੇਖਣਾ।

ਇਹ ਇਤਲਾਹ ਆਮ ਹੋਈ ਕਿ ਹਿੰਦੋਸਤਾਨ ਦੀ ਤਕਸੀਮ ਦਾ ਐਲਾਨ ਹੋ ਗਿਐ, ਇਹ ਦੰਗਾ ਫਸਾਦ ਹੁਣ ਰੁਕਣ ਵਾਲਾ ਨਹੀਂ। ਸੋ ਆਖੀਰ ਵਿੱਚ ਟਿਕ ਟਕਾ ਨਾ ਹੁੰਦਾ ਦੇਖ, ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਹਿੰਦੂ-ਸਿੱਖ ਮੋਹਤਬਰਾਂ ਇਹ ਫੈਸਲਾ ਲਿਆ ਕਿ ਸੈਂਟਰ ’ਚੋਂ ਪੈਂਦੇ ਵੱਡੇ ਪਿੰਡ ਰਾਮਪੁਰ ਵਿਖੇ ਆਰਜੀ ਕੈਂਪ ਲਾ ਲਿਆ ਜਾਏ। ਸੋ ਆਪਣਾ ਆਪਣਾ ਕੁਝ ਕੀਮਤੀ ਅਤੇ ਕੁਝ ਰਸਤੇ ਦਾ ਰਸਦ, ਕਈਆਂ ਗੱਡਿਆਂ ਉਪਰ ਅਤੇ ਕਈਆਂ ਉਵੇਂ ਹੀ ਗਠੜੀਆਂ, ਭਰੇ ਮਨਾ ਨਾਲ, ਸਿਰਾਂ ’ਤੇ ਚੁੱਕ ਕੇ ਕੈਂਪ ਵਿੱਚ ਜਾ ਸ਼ਮੂਲੀਅਤ ਕੀਤੀ। 11-11 ਚੋਣਵੇਂ ਬੰਦਿਆਂ ਦਾ ਵਾਰੋ ਵਾਰੀ, ਚੌਕਾਂ ਵਿੱਚ ਪਹਿਰਾ ਲੱਗਾ ਰਹਿੰਦਾ । ਚਾਚਾ ਜੀ ਨੇ ਇਥੇ ਸਿੱਖ-ਮੁਸਲਿਮ ਚੌਧਰੀਆਂ ਦਾ 'ਕੱਠ ਕੀਤਾ, ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਅਗਰ ਬਾਹਰੀ ਮੁਸਲਿਮ ਕੈਂਪ ’ਤੇ ਹਮਲਾ ਕਰਨਗੇ ਤਾਂ ਪਿੰਡ ਦੇ ਮੁਸਲਿਮ ਮੋਹਰੇ ਹੋਣਗੇ। ਸਿੱਖਾਂ ਨੇ ਮੁਸਲਮਾਨਾਂ ’ਤੇ ਹਮਲਾ ਕੀਤਾ ਤਾਂ ਸਿੱਖ ਮੋਹਰੇ ਹੋਣਗੇ।

ਪੜ੍ਹੋ ਇਹ ਵੀ ਖਬਰ -ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਲਈ ਤਿਆਰ ਕਿਸਾਨਾਂ ਨੂੰ ਅਜੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਉਡੀਕ

ਚਾਚਾ ਕੈਪਟਨ ਜਸਵੰਤ ਸਿੰਘ ਸਿਆਲਕੋਟ ਮਿਲਟਰੀ ਕੈੰਪ ਵਿੱਚ ਜਾ ਕੇ ਅਫਸਰ ਨੂੰ ਮਿਲੇ। ਅੱਗਿਓਂ ਅਫਸਰ ਨੇ ਕਿਹਾ ਕਿ ਇੱਕ ਟਰੱਕ ਅਤੇ ਨਾਲ 3-4 ਫੌਜੀ ਜਵਾਨ ਲੈ ਜਾ ਤੇ ਆਪਣਾ ਪਰਿਵਾਰ ਕੱਢ ਲੈ ਜਾ, ਇਥੋਂ। ਪਰ ਚਾਚਾ ਕੈਪਟਨ ਅੜ ਗਿਆ ਅਤੇ ਕਹਿ ਓਸ, "ਆਪਣਾ ਪਰਿਵਾਰ ਨਹੀਂ, ਮੈਂ ਤਾਂ ਸਾਰੇ ਹਿੰਦੂ-ਸਿੱਖ ਮਹਿਫੂਜ ਕੱਢਣੇ ਨੇ, ਇਥੋਂ ।" ਕੁੱਝ ਵਿਚਾਰ ਤੋਂ ਬਾਅਦ ਉਸ ਬ੍ਰਿਗੇਡੀਅਰ ਅਫਸਰ ਨੇ ਕਿਹਾ, "ਇਵੇਂ ਕਰ ਰਾਮਪੁਰ ਵਾਲਾ ਸਾਰਾ ਕਾਫਲਾ ਡਸਕਾ ਕੈਂਪ ਵਿੱਚ ਲੈ ਜਾਓ ਤੇ ਤੁਹਾਨੂੰ ਡਸਕਾ ਕੈਂਪ ਦਾ ਚਾਰਜ ਦਿੱਤਾ ।" - ਰਾਮਪੁਰ ਤੋਂ  ਕਾਫਲਾ ਡਸਕਾ ਲਈ ਤੁਰਿਆ, ਆਲੇ ਦੁਆਲੇ ਰਫਲਾਂ ਵਾਲੇ ਘੋੜ ਚੜ੍ਹੇ ਚੋਬਰਾਂ ਦਾ ਪਹਿਰਾ, ਤੇ ਨਾਲ ਸਿੱਖ ਮਿਲਟਰੀ ਵੀ ।ਲਓ ਜੀ ਸਾਰਾ ਕਾਫਲਾ ਡਸਕਾ ਰਿਫਿਊਜੀ ਕੈਂਪ ਵਿੱਚ ਜਾ ਪਹੁੰਚਾ।
    
ਡਾ. ਅਰੂੜ ਸਿੰਘ ਜੀ ਉਥੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਸਨ। ਹਸਪਤਾਲ ਵੀ ਕਾਫੀ ਵੱਡਾ ਅਤੇ ਖੁੱਲ੍ਹਾ ਸੀ। ਉਸ ਦਰਿਆ ਦਿਲ ਡਾਕਟਰ ਨੇ ਰਿਫਿਊਜੀਆਂ ਲਈ ਹਸਪਤਾਲ ਅਤੇ ਆਪਣੀ ਰਿਹਾਇਸ਼ ਗਾਹ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸਾਡਾ ਸਾਰਾ ਪਰਿਵਾਰ ਉਸ ਦੀ ਕੋਠੀ ਵਿੱਚ ਕਈ ਹਫਤਿਆਂ ਤੱਕ ਰਿਹਾ। ਦੂਰ ਦੁਰਾਡੇ ਤੋਂ ਸੱਭ ਹਿੰਦੂ ਸਿੱਖ ਉੱਠ ਕੇ ਆਰਜੀ ਕੈਂਪ ਵਿੱਚ ਪਹੁੰਚੇ, ਕਣਕ ਪੀਸਣ ਵਾਲੇ ਖਰਾਸ ਦਿਨ ਰਾਤ ਚਲਦੇ, ਖੂਹਾਂ ’ਚੋਂ ਵੀ ਪਾਣੀ ਦੀ ਜਗ੍ਹਾ ਰੇਤਾ ਪਿਆ ਆਏ। ਫੌਜ ਵੀ ਟਰੱਕਾਂ ਵਿੱਚ ਰਸਦ ਪਾਣੀ ਕੈਂਪ ਵਿੱਚ ਵੰਡ ਜਾਂਦੀ। ਇਥੇ ਕੈਪਟਨ ਚਾਚਾ ਪਾਸ ਕਈ ਰਿਫਿਊਜੀਆਂ ਆ ਕੇ  ਫਰਿਆਦ ਕੀਤੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਿੱਛੇ ਰਹਿ ਗਏ ਨੇ ਜਾਂ ਕਾਫਲੇ ’ਚੋਂ ਵਿੱਛੜ ਗਏ ਨੇ, ਤਾਂ ਕੈਪਟਨ ਚਾਚਾ ਨੇ ਉਨ੍ਹਾਂ ਦੀ ਭਾਲ ਲਈ ਪਰਿਵਾਰਕ ਮੈਂਬਰਾਂ ਨਾਲ ਫੌਜੀ ਟਰੱਕ ਭੇਜੇ।

ਪੜ੍ਹੋ ਇਹ ਵੀ ਖਬਰ -ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਇਥੇ ਹੀ ਇੱਕ ਹੋਰ ਨਹਿਰ ਪਾਰ ਸਿਆਣਾ ਪਿੰਡ ਤੋਂ ਭਾਟੀਆ ਸਰਦਾਰ ਨੇ ਚਾਚਾ ਜੀ ਪਾਸ ਪਹੁੰਚ ਕਰਕੇ ਕਿਹਾ ਕਿ ਉਹਦਾ ਕਿੱਲੋਆਂ ਦੇ ਲਿਹਾਜ ਸੋਨਾ ਚਾਂਦੀ ਘਰ ਦੱਬਿਆ ਰਹਿ ਗਿਐ, ਲਿਆਉਣ ਲਈ ਉਸ ਦੇ ਨਾਲ ਫੋਰਸ ਭੇਜੋ, ਤੇ ਮਾਲ ਆਪਣਾ ਅੱਧੋ ਅੱਧ ਰਿਹਾ। ਇਹ ਸੁਣਦਿਆਂ ਹੀ ਚਾਚਾ ਜੀ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ। ਕਿਹਾ ਕਿ ਸੋਨਾ ਚਾਂਦੀ ਦੀ ਮੇਰੇ ਨਾਲ ਗੱਲ ਨਾ ਕਰ, ਜੇ ਕੋਈ ਬੰਦਾ ਰਹਿ ਗਿਐ ਤਾਂ ਦੱਸ। ਇੱਕ ਹੋਰ ਗੁਜਰਾਂਵਾਲਾ ਤੋਂ, ਰਾਮਗੜ੍ਹੀਆ ਸ.ਹਰੀ ਸਿੰਘ ਵੀ ਨਾਲ ਖਲੋਤੇ ਸਨ। ਉਨ੍ਹਾਂ ਦਾ ਵੀ ਕਾਫੀ ਗਹਿਣਾ ਗੱਟਾ ਘਰ ਦੀ ਦੀਵਾਰ ਵਿੱਚ ਦੱਬਿਆ ਰਹਿ ਗਿਆ ਪਰ ਉਹ ਚਾਚਾ ਜੀ ਦਾ ਗੁੱਸਾ ਦੇਖ ਕੇ ਗੱਲ ਕਹਿ ਨਾ ਸਕੇ। ਇਸੇ ਹਰੀ ਸਿੰਘ ਦਾ ਬੇਟਾ ਸ.ਕਿਰਪਾਲ ਸਿੰਘ ਬਾਅਦ ਵਿੱਚ ਸਰਕਾਰੀ ਕਾਲਜ ਲੁਦੇਹਾਣਾ ਦਾ ਪ੍ਰਿੰਸੀਪਲ ਰਿਹੈ।

ਮੇਰੇ ਮਾਸੜ ਜੀ ਸ. ਅਮਰ ਸਿੰਘ ਚੀਮਾ ਤਦੋਂ ਲਾਹੌਰ ਸਿਖ ਪਲਟਨ ਵਿੱਚ ਕੈਪਟਨ ਸਨ। ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਸਾਡੇ ਪਰਿਵਾਰ ਲਈ ਦੋ ਫੌਜੀ ਟਰੱਕ ਭੇਜੇ, ਸਾਡਾ ਸਾਰਾ ਟੱਬਰ ਉਸ ਵਿੱਚ ਸਵਾਰ ਹੋ ਕੇ ਲਾਹੌਰ ਉਨ੍ਹਾਂ ਦੇ ਸਰਕਾਰੀ ਘਰ ਵਿੱਚ ਪਹੁੰਚਿਆ। ਰਸਤੇ 'ਚ ਗੁਜਰਾਂਵਾਲਾ ਅਤੇ ਸ਼ੇਖੂਪੁਰਾ ਮੁਸਲਿਮ ਮਿਲਟਰੀ ਨੇ ਟਰੱਕਾਂ ਨੂੰ ਤਲਾਸ਼ੀ ਲਈ ਰੋਕਿਆ ਪਰ ਸਾਡੀ ਸਕਿਓਰਿਟੀ ਵਾਲੇ ਅੜ੍ਹ ਗਏ ਕਿਹਾ ਕਿ ਕੈਪਟਨ ਸਾਹਿਬ ਦੀ ਫੈਮਲੀ ਹੈ, ਤਲਾਸ਼ੀ ਨਹੀਂ ਦੇਵਾਂਗੇ। 

ਪੜ੍ਹੋ ਇਹ ਵੀ ਖਬਰ -ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

ਰਾਤ ਲਾਹੌਰ ਰਹੇ, ਅੰਮ੍ਰਿਤਸਰ ਰਵਾਨਗੀ ਵੇਲੇ ਕੈਪਟਨ ਅਮਰ ਸਿੰਘ ਨੇ ਸਕਿਓਰਿਟੀ ਨੂੰ ਸਖਤ ਆਦੇਸ਼ ਦਿੱਤੇ ਕਿ ਕਿਧਰੇ ਵੀ ਦੰਗਈ ਅੜਿਕਾ ਬਣਨ ਤਾਂ ਫਾਇਰ ਕਰਨ ਤੋਂ ਢਿੱਲ ਨਹੀਂ ਕਰਨੀ। ਅਟਾਰੀ ਬਾਰਡਰ ’ਤੇ ਸਾਨੂੰ ਮੁਸਲਿਮ ਮਿਲਟਰੀ ਨੇ ਤਲਾਸ਼ੀ ਲਈ ਫਿਰ ਰੋਕਿਆ। ਸਾਡੀ ਸਿੱਖ ਰੈਜਮੈਂਟ ਸਕਿਓਰਿਟੀ ਫਿਰ ਅੜ ਗਈ। ਮੁਸਲਿਮ ਮਿਲਟਰੀ ਅਫਸਰ ਬੋਲਿਆ,"ਤਲਾਸ਼ੀ ਨਹੀਂ ਦੇਣੀ ਤਾਂ ਬਾਰਡਰ ਪਾਰ ਭਾਰਤੀ ਫੌਜ ਨੂੰ ਵੀ ਤਲਾਸ਼ੀ ਲੈਣ ਤੋਂ ਰੋਕੋ " ਇਸ ਤਰਾਂ ਅਸੀ ਉਰਾਰ ਹੋਏ। ਸਾਡੇ ਨਜ਼ਦੀਕੀ ਰਿਸ਼ਤੇਦਾਰ ਜੋ ਰੇਲਵੇ ਮਹਿਕਮਾ ਲਾਹੌਰ ਤੋਂ ਅੰਮ੍ਰਿਤਸਰ ਵਿਖੇ ਪੋਸਟਡ ਸਨ, ਉਹ ਅੰਬਰਸਰ ਹੁਸੈਨਪੁਰਾ ਮੁਹੱਲੇ ’ਚੋਂ ਇੱਕ ਰਈਸ ਮੁਸਲਿਮ ਦੀ ਖਾਲੀ ਪਈ ਤਿੰਨ ਮੰਜ਼ਿਲਾ ਹਵੇਲੀ ’ਤੇ ਕਾਬਜ਼ ਹੋ ਗਏ, ਸੋ ਉਨ੍ਹਾਂ ਪਾਸ ਜਾ ਰਹੇ। (ਇਸ ਹਵੇਲੀ ਵਿੱਚ ਹੁਣ ਪੰਜਾਬ ਦੇ ਸਾਬਕਾ ਗਵਰਨਰ, ਜਨਰਲ ਛਿੱਬਰ ਰਹਿ ਰਹੇ ਹਨ)। ਕੁੱਝ ਮਹੀਨੇ ਦੇ ਵਾਸ ਉਪਰੰਤ, ਜਲੰਧਰ ਕੈਂਟ ਨਜ਼ਦੀਕੀ ਪਿੰਡ ਦਕੋਹਾ ਤੋਂ ਸਾਡੇ ਰਿਸ਼ਤੇਦਾਰਾਂ, ਗੁਜਰਾਂਵਾਲਾ ਵਾਲੇ ਸ: ਤਾਰਾ ਸਿੰਘ, ਹਰੀ ਸਿੰਘ ਐਡਵੋਕੇਟ ਹੋਰਾਂ, ਸੁਨੇਹਾਂ ਭੇਜਿਆ ਕਿ ਦਕੋਹਾ ’ਚੋਂ ਮੁਸਲਮਾਨਾ ਵਲੋਂ ਛੱਡੀ ਗਈ ਜ਼ਮੀਨ ਅਤੇ ਘਰ ਬਹੁਤੇ ਖਾਲੀ ਪਏ ਨੇ, ਫਿਰ ਅਸੀ ਓਧਰ ਜਾ ਵਾਸ ਕੀਤਾ, ਮੁਸਲਮਾਨਾ ਦੀ ਵੱਡੀ ਹਵੇਲੀ ਅਤੇ ਕਾਫੀ ਜ਼ਮੀਨ ਮੱਲ ਲਈ, ਅਸਾਂ।

ਮੈਂ ਜਲੰਧਰ ਕੈਂਟ ਦੇ ND VECTOR ਹਾਈ ਸਕੂਲ ਤੋਂ 1951 ਵਿੱਚ ਦਸਵੀਂ ਪਾਸ ਕੀਤੀ। ਇਸੇ ਸਾਲ ਹੀ ਸਾਨੂੰ ਜ਼ਮੀਨ ਦੀ ਪੱਕੀ ਅਲਾਟਮੈਂਟ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀ ਪੁਰ ਦੀ ਹੋ ਗਈ, ਸੋ ਅਸੀ ਉਥੇ ਜਾ ਆਬਾਦ ਹੋਏ। ਇਥੇ ਹੀ ਮੇਰੀ ਵੱਡੀ ਭੈਣ ਗੁਰਦਰਸ਼ਨ ਕੌਰ ਦਾ ਵਿਆਹ, ਅੰਬਰਸਰੀਏ ਸ. ਮਾਨ ਸਿੰਘ ਨਾਲ ਹੋਇਆ ।

PunjabKesari

ਸਾਲ 1952 'ਚ ਕ੍ਰਿਸਚੀਅਨ ਬੇਰਿੰਗ ਕਾਲਜ ਬਟਾਲਾ ਤੋਂ ਫਸਟ ਯੀਅਰ ਆਫ ਆਰਟਸ ਪਾਸ ਕਰਕੇ, ਮੈਂ ਫੌਜ ਵਿੱਚ ਭਰਤੀ ਹੋ ਗਿਆ। ਮੇਰੇ ਚਾਚਾ ਜਸਵੰਤ ਸਿੰਘ ਬਾਅਦ ਵਿੱਚ ਲੈਫਟੀਨੈਂਟ ਜਨਰਲ ਵਾਈਸ ਚੀਫ ਆਰਮੀ ਅਤੇ ਮਾਸੜ ਸ:ਅਮਰ ਸਿੰਘ ਚੀਮਾ ਬ੍ਰਿਗੇਡੀਅਰ ਰਿਟਾਇਰਡ ਹੋਏ। ਮੈਂ ਵੀ ਕੁਝ ਕਾਰਨਾ ਕਰਕੇ 1965 ਹਿੰਦ-ਪਾਕਿ ਲੜਾਈ ਤੋਂ ਐੱਨ ਪਹਿਲੇ ਆਰਮੀ ਤੋਂ ਅਸਤੀਫਾ ਦੇ ਦਿੱਤਾ, ਉਪਰੰਤ ਆਸਾਮ ਵਿੱਚ ਇਲਾਹਾਬਾਦ ਦੇ ਉੱਘੇ ਕਾਰੋਬਾਰੀ ਨਾਲ ਮਿਲ ਕੇ ਆਰਮੀ ਦੀ ਠੇਕੇਦਾਰੀ ਕੀਤੀ। ਸਾਲ 1960 ਵਿੱਚ ਮੇਰੀ ਸ਼ਾਦੀ ਕੁਰੂਕਸ਼ੇਤਰ ਤੋਂ ਆਰਮੀ ਪਰਿਵਾਰ ਦੀ ਸਰਦਾਰਨੀ ਸੁਰਜੀਤ ਕੌਰ ਨਾਲ ਹੋਈ, ਜੋ ਪਿੱਛਿਓਂ ਭੋਪਾਲ ਵਾਲਾ-ਡਸਕਾ ਤੋਂ ਹਨ। ਸਰਦਾਰਨੀ ਸਾਹਿਬਾਂ, ਕੁੱਝ ਅਰਸਾ ਪਹਿਲੇ ਚੜਾਈ ਕਰ ਗਏ। ਇਸ ਵਕਤ ਪਰਿਵਾਰ ’ਚੋਂ, ਨੇਕ ਬਖਤ ਤੇ ਤਾਲੀਮ ਯਾਫਤਾ ਅਧਿਆਪਕਾ ਬਿਟੀਆ ਤਜਿੰਦਰ ਕੌਰ ਐੱਮ.ਏ. ਬੀ.ਐੱਡ., ਜੋ ਚੰਡੀਗੜ੍ਹ ਵਿਆਹੇ ਹੋਏ ਨੇ ਅਤੇ ਬੇਟਾ ਪਲਵਿੰਦਰ ਸਿੰਘ ਪੰਜਾਬ ਪੁਲਸ ਵਿੱਚ ਏ.ਸੀ.ਪੀ. ਅੰਮ੍ਰਿਤਸਰ ਵਿਖੇ ਪੋਸਟਿਡ ਹਨ। ਇਨ੍ਹਾਂ ਬੱਚਿਆਂ ਦੀ ਬਾਗ਼ ਫੁਲਵਾੜੀ ਵਿੱਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। ਹਿਜਰਤ ਦੌਰਾਨ ਭਲੇ ਸਾਡੇ ਉਪਰ ਕੋਈ ਹਮਲਾ ਨਹੀ ਹੋਇਆ ਅਤੇ ਨਾ ਹੀ ਫਾਕੇ ਕੱਟੇ ਪਰ ਹੱਥੀ ਬਣਾਏ ਸਵਾਰੇ ਘਰ ਬਾਰ, ਹਵੇਲੀਆਂ, ਮਾਲ ਇਸਬਾਬ ਅਤੇ ਮੁਰੱਬਿਆ ਦਾ ਹੱਥਾਂ ’ਚੋਂ ਰੇਤ ਵਾਂਗ ਕਿਰ ਜਾਣ ਦਾ ਬਹੁਤ ਝੋਰਾ ਐ। ਇਹ ਸੋਚ ਕੇ ਦਿਲ ਨੂੰ ਧਰਵਾਸ ਦੇਈਦੈ ਕਿ ਦੂਜੇ ਪਾਸੇ ਉਹ ਵੀ ਹਨ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ, ਬਹੁ ਬੇਟੀਆਂ ਦੀ ਬੇਪਤੀ ਵੀ ਹੋਈ ਪਰ ਸੜਦੀਆਂ ਬਸਤੀਆਂ, ਰਸਤਿਆਂ ਦੇ ਆਰ ਪਾਰ ਹੜ ਮਾਰੇ ਖੇਤਰਾਂ ਵਿੱਚ ਫੁੱਲੀਆਂ ਵਿੱਖਰੀਆਂ ਬੋਅ ਮਾਰਦੀਆਂ ਅੱਧ ਨੰਗੀਆਂ ਲਾਸ਼ਾਂ ਦੇ ਭਿਆਨਕ ਮੰਜ਼ਰ ਭੁਲਾਇਆਂ ਵੀ ਨਈਂ ਭੁੱਲਦੇ । ਜਦੋਂ ਮੌਕੇ ਦੇ ਚੌਧਰੀ ਕੁਰਸੀ ਸਾਂਭਣ ਦੇ ਝੰਜਟ 'ਚ ਉਲਝੇ ਰਹੇ ਤੇ ਬਿੱਫਰੀਆਂ ਹੋਈਆਂ ਰਾਕਸ਼ ਮੰਡਲੀਆਂ ਨੇ ਪੰਜਾਬ ਵਿੱਚ ਖੂਨ ਦੀਆਂ ਨਦੀਆਂ ਬਹਾਅ ਦਿੱਤੀਆਂ। " - ਲੰਬੀ ਆਹ ਭਰਦਿਆਂ ਉਨ੍ਹਾਂ ਆਪਣੀ ਬਾਤ ਕਹਿ ਮੁਕਾਈ।
               
 


rajwinder kaur

Content Editor

Related News