ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Sunday, Nov 11, 2018 - 04:44 PM (IST)

ਤਰਨਤਾਰਨ (ਬਲਜੀਤ, ਗੁਰਮੀਤ) - ਕਸਬਾ ਘਰਿਆਲਾ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮੂਹ ਪਿੰਡ ਵਾਸੀਆਂ ਤੇ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਦੇ ਵੱਖ-ਵੱਖ ਪਡ਼ਾਵਾਂ ਤੋਂ ਹੁੰਦਾ ਹੋਇਆ। ਗੁਰਦੁਆਰਾ ਸ੍ਰੀ ਅਰਜਨ ਦੇਵ ਨਿਵਾਸ ’ਤੇ ਸਮਾਪਤ ਹੋਇਆ। ਉਸ ਤੋਂ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਖੁੱਲ੍ਹੇ ਪੰਡਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਦੋ-ਰੋਜ਼ਾ ਰਾਤਰੀ ਦੀਵਾਨ ਸਜਾਏ ਗਏ, ਜਿਸ ਦੇ ਪਹਿਲੇ ਦਿਨ ਕਵੀਸ਼ਰ ਭਾਈ ਮਹਿਲ ਸਿੰਘ ਚੰਡੀਗਡ਼੍ਹ ਵਾਲੇ ਦੇ ਜੱਥੇ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਮਹਿਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਮੂਹ ਕਮੇਟੀ ਵਲੋਂ ਭਾਈ ਮਹਿਲ ਸਿੰਘ ਚੰਡੀਗਡ਼੍ਹ ਵਾਲੇ ਅਤੇ ਕਥਾਵਾਚਕ ਭਾਈ ਮਾਨ ਸਿੰਘ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨਤ ਕੀਤਾ ਗਿਆ ਤੇ ਸਮਾਗਮ ਦੇ ਆਖਰੀ ਦਿਨ ਸ੍ਰੀ ਅਖੰਡ ਜਾਪ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਸੁਰਿੰਦਰ ਸਿੰਘ ਮਾਨ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪਟਵਾਰੀ ਅੰਮ੍ਰਿਤਪਾਲ ਸਿੰਘ, ਨਰਬੀਰ ਸਿੰਘ, ਤੇਜ ਸਿੰਘ ਭੁੱਲਰ, ਗਿਆਨੀ ਗੁਰਮੁਖ ਸਿੰਘ, ਸਾਬਕਾ ਸਰਪੰਚ ਬਿਹਾਰੀ ਸ਼ਾਹ, ਚਾਨਣ ਸਿੰਘ ਆਡ਼੍ਹਤੀਆ, ਬਾਬਾ ਗੁਰਚਰਨ ਸਿੰਘ, ਰਸਾਲ ਸਿੰਘ, ਕੈਪਟਨ ਚਾਨਣ ਸਿੰਘ, ਨਵਦੀਪ ਸਿੰਘ ਆਡ਼੍ਹਤੀਆ, ਸਾਰਜ ਸਿੰਘ, ਹੈਪੀ ਵੇਗਲੀਆ, ਰਾਣਾ ਨਵਾਦਾ, ਭੁਪਿੰਦਰ ਸਿੰਘ, ਸੋਨੂ ਲੱਖੋਵਾਲੀਆ, ਸਰਵਨ ਸਿੰਘ, ਕਸ਼ਮੀਰ ਸਿੰਘ ਨੇ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।