ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਗੁਰਦਿੱਤ ਸਿੰਘ ਨੇ ਪ੍ਰਵੇਸ਼ ਪ੍ਰੀਖਿਆਵਾਂ ''ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

08/09/2022 10:46:00 AM

ਤਰਨਤਾਰਨ : ਕਲਗੀਧਰ ਟ੍ਰਸਟ ਬੜੂ ਸਾਹਿਬ ਅਧੀਨ ਚੱਲ ਰਹੀਆਂ 129 ਅਕਾਲ ਅਕੈਡਮੀਆਂ ਵਿੱਚੋਂ ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਵਿਦਿਆਰਥੀ ਗੁਰਦਿੱਤ ਸਿੰਘ ਨੇ ਕਈ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਉੱਚੇ ਰੈਂਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇਸ ਸਾਲ ਅਕਾਲ ਅਕੈਡਮੀ ਤੋਂ ਬਾਰ੍ਹਵੀਂ ਜਮਾਤ ਮੈਡੀਕਲ ਸਟਰੀਮ ਵਿੱਚ 87 ਫ਼ੀਸਦੀ ਨੰਬਰ ਪ੍ਰਾਪਤ ਕਰਦਿਆਂ ਪਾਸ ਕੀਤੀ।

 ਗੁਰਦਿੱਤ ਸਿੰਘ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਗਰੀਕਲਚਰ ਟੈਸਟ ਵਿੱਚ 7ਵਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਗਰੀਕਲਚਰ ਟੈਸਟ ਵਿੱਚ 18ਵਾਂ ਅਤੇ ਕੌਮਨ ਐਂਟਰੈਂਸ ਟੈਸਟ ਵਿੱਚ 31ਵਾਂ ਰੈਂਕ ਪ੍ਰਾਪਤ ਕੀਤਾ ਹੈ। ਗੁਰਦਿੱਤ ਸਿੰਘ ਦੇ ਪਿਤਾ ਤਰਨ ਤਾਰਨ ਦੇ ਪੱਟੀ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਉਸ ਨੇ ਸ਼ਲਾਘਾਯੋਗ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਉੱਚ-ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰਹਿ ਕੇ ਦੇਸ਼ ਅਤੇ ਕੌਮ ਦੀ ਸੇਵਾ ਕਰਨਾ ਚਾਹੁੰਦਾ ਹੈ। 

ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੁਆਰਾ ਉੱਤਰੀ ਭਾਰਤ ਦੇ ਪੰਜ ਸੂਬਿਆਂ ਵਿੱਚ ਸਥਾਪਤ ਇਨ੍ਹਾਂ ਅਕਾਲ ਅਕੈਡਮੀਆਂ ਵਿੱਚ ਦੁਨਿਆਵੀ ਅਤੇ ਰੂਹਾਨੀ ਵਿੱਦਿਆ ਦੇ ਸੁਮੇਲ ਵਾਲੀ ਸਿੱਖਿਆ ਗ੍ਰਹਿਣ ਕਰ ਕੇ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰ ਰਹੇ ਹਨ।
 


Harnek Seechewal

Content Editor

Related News