ਟਾਟਾ ਮੋਟਰਸ ਨੈੱਟਵਰਕ ਦਾ ਕਰੇਗੀ ਵਿਸਥਾਰ, ਨਵੇਂ ਮਾਡਲ ਵੀ ਉਤਾਰੇਗੀ
Sunday, Aug 15, 2021 - 02:55 PM (IST)
ਨਵੀਂ ਦਿੱਲੀ- ਟਾਟਾ ਮੋਟਰਸ ਨਵੇਂ ਮਾਡਲ ਪੇਸ਼ ਕਰਨ ਅਤੇ ਵਿਕਰੀ ਨੈੱਟਵਰਕ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਜ਼ਿਆਦਾ ਮੁਕਾਬਲੇਬਾਜ਼ੀ ਘਰੇਲੂ ਬਾਜ਼ਾਰ ਵਿਚ ਆਪਣੀ ਦੋਹਰੇ ਅੰਕ ਦੀ ਬਾਜ਼ਾਰ ਹਿੱਸੇਦਾਰੀ ਨੂੰ ਕਾਇਮ ਰੱਖਣ ਦਾ ਟੀਚਾ ਰੱਖਿਆ ਹੈ ਅਤੇ ਇਸੇ ਤਹਿਤ ਇਹ ਕਦਮ ਚੁੱਕ ਰਹੀ ਹੈ। ਕੰਪਨੀ ਦੇ ਇਕ ਉਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਨੈਕਸਨ, ਹੈਰੀਅਰ ਅਤੇ ਸਫਾਰੀ ਸਮੇਤ ਕਈ ਮਾਡਲਾਂ ਦੀ ਵਿਕਰੀ ਕਰਨ ਵਾਲੀ ਪ੍ਰਮੁੱਖ ਕਾਰ ਕੰਪਨੀ ਨੇ ਨੌ ਸਾਲ ਦੀ ਮਿਆਦ ਪਿੱਛੋਂ ਇਸ ਸਾਲ ਜੁਲਾਈ ਵਿਚ ਯਾਤਰੀ ਵਾਹਨਾਂ ਵਿਚ 10 ਫ਼ੀਸਦੀ ਤੋਂ ਜ਼ਿਆਦਾ ਦੀ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ ਅਤੇ ਹੁਣ ਉਸ ਦਾ ਟੀਚਾ ਵੱਖ-ਵੱਖ ਉਪਾਵਾਂ ਨਾਲ ਇਸ ਨੂੰ ਬਣਾਈ ਰੱਖਣਾ ਹੈ।
ਵੱਡੀ ਗਿਣਤੀ ਵਿਚ ਕਾਰਾਂ ਵੇਚਣ ਅਤੇ ਜ਼ਿਆਦਾ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੰਪਨੀ ਦੀ ਯੋਜਨਾ ਵਿੱਤੀ ਸਾਲ ਦੇ ਅੰਤ ਤੱਕ ਲਗਭਗ 250 ਹੋਰ ਵਿਕਰੀ ਕੇਂਦਰ ਸ਼ੁਰੂ ਕਰਨ ਦੀ ਹੈ। ਟਾਟਾ ਮੋਟਰਜ਼ ਦੇ ਯਾਤਰੀ ਵਾਹਨ ਕਾਰੋਬਾਰ ਦੇ ਮੁਖੀ ਸ਼ੈਲੇਸ਼ ਚੰਦਰ ਨੇ ਕਿਹਾ, "ਪਹਿਲਾਂ ਹੀ ਚਾਰ ਮਹੀਨੇ ਬੀਤ ਚੁੱਕੇ ਹਨ ਅਤੇ ਸਾਡੀ ਮਾਰਕੀਟ ਹਿੱਸੇਦਾਰੀ 10.3 ਫ਼ੀਸਦੀ ਹੈ। ਫਿਰ ਵੀ ਅਸੀਂ ਦੋ ਵੱਡੇ ਫਲੈਗਸ਼ਿਪ ਮਾਡਲਾਂ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਵਿਚ ਹੌਰਨਬਿਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅਸੀਂ ਮੌਜੂਦਾ ਪੋਰਟਫੋਲੀਓ ਵਿਚ ਲਗਾਤਾਰ ਨਵੇਂ ਆਕਰਸ਼ਕ ਮਾਡਲ ਜੋੜ ਰਹੇ ਹਾਂ। ਇਸ ਲਈ ਇਸ ਸਥਿਤੀ ਨੂੰ ਬਣਾਈ ਰੱਖਣ ਨੂੰ ਲੈ ਕੇ ਕਾਫ਼ੀ ਆਸਵੰਦ ਹਾਂ।"