ਭਾਰਤ-ਪਾਕਿ ਵਿਚਾਲੇ ਕ੍ਰਿਕਟ ''ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ

02/11/2020 2:37:08 PM

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚਾਂ ਨੂੰ ਲੈ ਕੇ ਦਰਸ਼ਕਾਂ ਵਿਚ ਵੱਖ ਹੀ ਪੱਧਰ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਖਰਾਬ ਸਿਆਸੀ ਰਿਸ਼ਤਿਆਂ ਵਿਚਾਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਗਈ। ਭਾਰਤ-ਪਾਕਿਸਤਾਨ ਦੀਆਂ ਟੀਮਾਂ ਆਈ. ਸੀ. ਸੀ. ਈਵੈਂਟਸ ਵਿਚ ਹੀ ਇਕ ਦੂਜੇ ਦਾ ਸਾਹਮਣਾ ਕਰਦੀਆਂ ਹਨ। ਹੁਣ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਅਤੇ ਸਾਬਕਾ ਪਾਕਿ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਭਾਰਤ ਬਨਾਮ ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ 'ਤੇ ਆਪਣੀ ਗੱਲ ਰੱਖੀ ਹੈ। ਪਾਕਿਸਤਾਨ ਕ੍ਰਿਕਟ ਟੀਮ 2012-13 ਵਿਚ ਆਖਰੀ ਵਾਰ ਭਾਰਤ ਦੌਰੇ 'ਤੇ ਆਈ ਸੀ ਪਰ ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਖਰਾਬ ਰਿਸ਼ਤਿਆਂ ਕਾਰਨ ਦੋ-ਪੱਖੀ ਸੀਰੀਜ਼ ਖਤਮ ਹੋ ਗਈ।

PunjabKesari

ਭਾਰਤ-ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ 'ਤੇ ਯੁਵਰਾਜ ਸਿੰਘ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ, ''ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, 2003 ਵਿਚ ਵਰਲਡ ਕੱਪ ਵਿਚ ਮੈਂ ਪਹਿਲੀ ਵਾਰ ਪਾਕਿਸਤਾਨ ਖਿਲਾਫ ਖੇਡਿਆ। ਤਦ ਉਤਸ਼ਾਹ ਦਾ ਪੱਧਰ ਕੁਝ ਵੱਖਰਾ ਹੀ ਸੀ। 2004, 2006, 2008 ਵਿਚ ਟੀਮ ਇੰਡੀਆ ਪਾਕਿਸਤਾਨ ਗਈ। ਫਿਰ ਪਾਕਿਸਤਾਨ ਭਾਰਤ ਆਇਆ। ਉਸ ਦੌਰਾਨ ਲਾਜਵਾਬ ਮੁਕਾਬਲੇ ਖੇਡੇ ਗਏ। ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਜੰਗ ਦਾ ਕੋਈ ਸਾਹਨੀ ਨਹੀਂ ਹੈ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਖੇਡਿਆ ਜਾਂਦਾ ਹੈ ਤਾਂ ਬਹੁਤ ਮਜ਼ਾ ਆਵੇਗਾ। ਅਸੀਂ ਕ੍ਰਿਕਟ ਤੋਂ ਮਿਲਣ ਵਾਲੇ ਪਿਆਰ ਲਈ ਖੇਡਦੇ ਹਾਂ। ਅਸੀਂ ਖੁਦ ਦੇ ਖਿਲਾਫ ਖੇਡਣ ਲਈ ਕਿਹੜਾ ਦੇਸ਼ ਨਹੀਂ ਚੁਣ ਸਕਦੇ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ-ਪਾਕਿਸਤਾਨ ਵਿਚ ਕ੍ਰਿਕਟ ਜਿੰਨਾ ਵੱਧ ਹੈ, ਖੇਡ ਲਈ ਉਂਨਾ ਹੀ ਚੰਗਾ ਹੈ।''

PunjabKesari

ਉੱਥੇ ਹੀ ਪਾਕਿਸਤਾਨ ਦੇ ਸਾਬਕਾ ਧਾਕੜ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਲਗਦਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਰੀਜ਼ ਹੁੰਦੀ ਹੈ ਤਾਂ ਇਹ ਏਸ਼ੇਜ਼ ਤੋਂ ਕੁਝ ਵੱਡੀ ਹੋਵੇਗੀ। ਹਾਲਾਂਕਿ ਅਜੇ ਦੋਵੇਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਜਾ ਰਹੀ ਹੈ। ਮੈਨੂੰ ਲਗਦਾ ਹੈ ਕਿ ਹੁਣ ਸਾਨੂੰ ਟੇਬਲ 'ਤੇ ਇਕ-ਦੂਜੇ ਦੇ ਨਾਲ ਬੈਠ ਕੇ ਗੱਲ ਕਰਨ ਦੀ ਜ਼ਰੂਰਤ ਹੈ।''


Related News