WTTC : ਸਪੇਨ ਨੂੰ ਹਰਾ ਕੇ ਭਾਰਤੀ ਮਹਿਲਾ ਟੀਮ ਨਾਕਆਊਟ ਗੇੜ ’ਚ ਪਹੁੰਚੀ
Tuesday, Feb 20, 2024 - 06:57 PM (IST)
ਬੁਸਾਨ, (ਭਾਸ਼ਾ)- ਭਾਰਤੀ ਮਹਿਲਾ ਟੀਮ ਨੇ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਦੇ ਆਪਣੇ ਆਖਰੀ ਗਰੁੱਪ ਮੁਕਾਬਲੇ ਵਿਚ ਸਪੇਨ ਵਿਰੁੱਧ ਸ਼ਾਨਦਾਰ ਵਾਪਸੀ ਕਰਦੇ ਹੋਏ 3-2 ਦੀ ਜਿੱਤ ਦੇ ਨਾਲ ਨਾਕਆਊਟ ਗੇੜ ਵਿਚ ਜਗ੍ਹਾ ਪੱਕੀ ਕੀਤੀ। ਕਾਗਜ਼ਾਂ ’ਤੇ ਮਜ਼ਬੂਤ ਭਾਰਤੀ ਟੀਮ ਨੂੰ ਸਪੇਨ ਤੋਂ ਸਖਤ ਟੱਕਰ ਮਿਲੀ। ਸ਼੍ਰੀਜਾ ਅਕੁਲਾ ਤੇ ਮਣਿਕਾ ਬੱਤਰਾ ਦੇ ਸ਼ੁਰੂਆਤੀ ਦੋਵੇਂ ਮੈਚਾਂ ਵਿਚ ਹਾਰ ਜਾਣ ਤੋਂ ਬਾਅਦ ਅਯਹਿਕਾ ਮੁਖਰਜੀ ਨੇ ਜਿੱਤ ਦੇ ਨਾਲ ਭਾਰਤ ਦੀ ਮੁਕਾਬਲੇ ਵਿਚ ਵਾਪਸੀ ਕਰਵਾਈ। ਇਸ ਤੋਂ ਬਾਅਦ ਸ਼੍ਰੀਜਾ ਤੇ ਮਣਿਕਾ ਚੌਥੇ ਤੇ 5ਵੇਂ ਮੈਚ ਨੂੰ ਜਿੱਤਣ ਵਿਚ ਸਫਲ ਰਹੇ।
ਭਾਰਤ ਚਾਰ ਮੈਚਾਂ ਵਿਚੋਂ ਤਿੰਨ ਜਿੱਤਾਂ ਦੇ ਨਾਲ ਗਰੁੱਪ-1 ਵਿਚ ਚੋਟੀ ’ਤੇ ਰਿਹਾ। ਇਸ ਗਰੁੱਪ ਵਿਚ ਚੀਨ ਚੋਟੀ ਦੇ ਸਥਾਨ ’ਤੇ ਰਿਹਾ। ਭਾਰਤ ਨੂੰ ਗਰੁੱਪ ਗੇੜ ਵਿਚ ਇਕਲੌਤੀ ਹਾਰ ਚੀਨ ਹੱਥੋਂ ਮਿਲੀ। ਚੀਨ ਵਿਰੁੱਧ ਅਯਹਿਕਾ ਤੇ ਸ਼੍ਰੀਜਾ ਨੇ ਵਿਸ਼ਵ ਦੀ ਨੰਬਰ ਇਕ ਤੇ ਨੰਬਰ ਦੋ ਖਿਡਾਰੀ ਕ੍ਰਮਵਾਰ ਸੁਨ ਯਿੰਘਸਾ ਤੇ ਵਾਂਗ ਯਿਦਿ ਨੂੰ ਹਰਾਇਆ ਸੀ। ਇਸ ਪ੍ਰਤੀਯੋਗਿਤਾ ਵਿਚ 40 ਟੀਮਾਂ ਵਿਚੋਂ ਭਾਰਤ ਨਾਕਆਊਟ ਵਿਚ ਜਗ੍ਹਾ ਬਣਾਉਣ ਵਾਲੀਆਂ 32 ਟੀਮਾਂ ਵਿਚ ਸ਼ਾਮਲ ਹੈ। ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀਆਂ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲੈਣਗੀਆਂ।