ਕਤਲ ਦੇ ਦੋਸ਼ੀ ਸੁਸ਼ੀਲ ਕੁਮਾਰ ਨੂੰ ਲੱਗਾ ਵੱਡਾ ਝਟਕਾ, ਕੋਰਟ ਨੇ ਖ਼ਾਰਜ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ

Tuesday, May 18, 2021 - 06:03 PM (IST)

ਸਪੋਰਟਸ ਡੈਸਕ— ਕਤਲ ਦੇ ਦੋਸ਼ ’ਚ ਫ਼ਰਾਰ ਪਹਿਲਵਾਨ ਸੁਸ਼ੀਲ ਕੁਮਾਰ ਦੇ ਬਚਣ ਦੇ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਦਿੱਲੀ ਦੀ ਰੋਹਿਣੀ ਕੋਰਟ ’ਚ ਅੱਜ ਮੰਗਲਵਾਰ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਵੀ ਖ਼ਾਰਜ ਕਰ ਦਿੱਤੀ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਪੁਲਸ ਨੇ ਉਨ੍ਹਾਂ ’ਤੇ ਇਕ ਲੱਖ ਰੁਪਏ ਤੇ ਸਹਿਯੋਗੀ ਅਜੇ ’ਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਜਦੋਂ ਡੁਪਲੇਸਿਸ ਤੇ ਉਸ ਦੀ ਪਤਨੀ ਨੂੰ ਮਿਲੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਪੂਰਾ ਮਾਮਲਾ

ਕੋਰਟ ਨੂੰ ਕੀ ਕਿਹਾ?
ਰੋਹਿਣੀ ਅਦਾਲਤ ’ਚ ਸੁਣਵਾਈ ਦੇ ਦੌਰਾਨ ਸੁਸ਼ੀਲ ਦੇ ਹਵਾਲੇ ਤੋਂ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸੁਸ਼ੀਲ ਵੱਲੋਂ ਸੀਨੀਅਰ ਐਡਵੋਕੇਟ ਸਿਧਾਰਥ ਲੂਥਰਾ ਤੇ ਬਜ਼ੁਰਗ ਵਕੀਲ ਆਰ. ਐੱਸ. ਜਾਖੜ ਨੇ ਦਲੀਲ ਦਿੱਤੀ। ਉਨ੍ਹਾਂ ਨੇ ਸੁਸ਼ੀਲ ਦੇ ਹਵਾਲੇ ਤੋਂ ਕਿਹਾ, ‘‘ਮੈਂ ਇਕ ਕੌਮਾਂਤਰੀ ਪੱਧਰ ਦਾ ਖਿਡਾਰੀ ਹਾਂ। ਪਦਮਸ਼੍ਰੀ ਸਮੇਤ ਦੇਸ਼ ਦੇ ਕਈ ਵੱਕਾਰੀ ਤਮਗਿਆਂ ਤੇ ਸਨਮਾਨਾਂ ਨੂੰ ਪ੍ਰਾਪਤ ਕਰ ਚੁੱਕਾ ਹਾਂ। ਓਲੰਪਿਕ ’ਚ ਦੋ ਵਾਰ ਤਮਗਾ ਜਿੱਤਣ ਵਾਲਾ ਖਿਡਾਰੀ ਹਾਂ। ਮੈਨੂੰ ਛਤਰਸਾਲ ਸਟੇਡੀਅਮ ’ਚ ਮੇਰੇ ਅਧਿਕਾਰਤ ਕੰਮਾਂ ਦੇ ਲਈ ਰਿਹਾਇਸ਼ ਮਿਲੀ ਹੈ ਜਿੱਥੇ ਮੈਂ ਆਪਣੇ ਪਰਿਵਾਰ ਨਾਲ ਰਹਿੰਦਾ ਹਾਂ।’’

ਕੀ ਹੈ ਪੁੂਰਾ ਮਾਮਲਾ?
ਸੁਸ਼ੀਲ ਕੁਮਾਰ ’ਤੇ 5 ਮਈ ਨੂੰ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਦਰਅਸਲ, ਮਾਡਲ ਟਾਊਨ ਥਾਣਾ ਖੇਤਰ ’ਚ ਛੱਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ, ਜਿਸ ’ਚ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। 
ਇਹ ਵੀ ਪੜ੍ਹੋ : ਨਵੀਆਂ IPL ਟੀਮਾਂ ਨੂੰ ਲੈ ਕੇ BCCI ਦਾ ਵੱਡਾ ਫ਼ੈਸਲਾ, ਕੁਝ ਮਹੀਨਿਆਂ ਲਈ ਟਾਲੇ ਟੈਂਡਰ

ਪੁਲਸ ਲਗਾਤਾਰ ਮਾਰ ਰਹੀ ਹੈ ਛਾਪੇ
ਦਿੱਲੀ ਪੁਲਸ ਦੀ ਜਾਂਚ  ’ਚ ਸੁਸ਼ੀਲ ਦੇ ਕਈ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰਾਂ ਦੇ ਬੰਦੇ ਛੱਤਰਸਾਲ ਸਟੇਡੀਅਮ ’ਚ ਆਉਂਦੇ ਸਨ। ਦਿੱਲੀ ਐੱਨ. ਸੀ. ਆਰ. ’ਚ ਲਗਾਤਾਰ ਛਾਪੇ ਦੇ ਬਾਵਜੂਦ ਪਹਿਲਵਾਨ ਪੁਲਸ ਦੀ ਗਿ੍ਰਫ਼ਤ ’ਚ ਨਹੀਂ ਆਇਆ ਹੈ। ਪੁਲਸ ਦੀਆਂ ਕਈ ਟੀਮਾਂ ਸੋਨੀਪਤ, ਪਾਨੀਪਤ, ਝੱਝਰ ਤੇ ਗੁਰੂਗ੍ਰਾਮ ਸਮੇਤ ਕਈ ਥਾਵਾਂ ’ਤੇ ਲਗਾਤਾਰ ਛਾਪੇ ਮਾਰ ਰਹੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News