WPL 2025 : ਮੇਗ ਲੈਨਿੰਗ ਦਾ ਅਰਧ ਸੈਂਕੜਾ, ਦਿੱਲੀ ਨੇ ਮੁੰਬਈ ਨੂੰ ਹਰਾਇਆ
Saturday, Mar 01, 2025 - 11:06 AM (IST)

ਬੈਂਗਲੁਰੂ–ਦਿੱਲੀ ਕੈਪੀਟਲਸ ਨੇ ਇੱਥੇ ਇਕਪਾਸੜ ਮਹਿਲਾ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੂੰ 33 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ 9 ਵਿਕਟਾਂ ’ਤੇ 123 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ, ਜਿਸ ਨੂੰ ਦਿੱਲੀ ਨੇ ਕਪਤਾਨ ਮੈਗ ਲੈਨਿੰਗ (ਅਜੇਤੂ 60) ਦੇ ਅਰਧ ਸੈਂਕੜੇ ਤੇ ਭਾਰਤੀ ਸਟਾਰ ਬੱਲੇਬਾਜ਼ ਸ਼ੈਫਾਲੀ ਵਰਮਾ (43) ਦੇ ਨਾਲ ਪਹਿਲੀ ਵਿਕਟ ਲਈ 85 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ 14.3 ਓਵਰਾਂ ਵਿਚ 124 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਹਾਲਾਂਕਿ ਸ਼ੈਫਾਲੀ ਅਮਨਜੋਤ ਕੌਰ ਦੀ ਗੇਂਦ ’ਤੇ ਐਮੇਲੀਆ ਕੈਰ ਨੂੰ ਕੈਚ ਦੇ ਬੈਠੀ।
ਉਸ ਤੋਂ ਬਾਅਦ ਜੈਮੀਮਾ ਰੋਡ੍ਰਿਗਜ਼ (ਅਜੇਤੂ 15)ਨੇ ਲੈਨਿੰਗ ਦੇ ਨਾਲ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਜੇਸ ਜੋਨਾਸੇਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਦਿੱਲੀ ਨੇ ਮੁੰਬਈ ਨੂੰ ਸਸਤੇ ’ਤੇ ਰੋਕ ਦਿੱਤਾ ਸੀ। ਜੋਨਾਸੇਨ ਨੇ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਫਾਰਮ ਵਿਚ ਚੱਲ ਰਹੀ ਨੈਟ ਸਕੀਵਰ ਬ੍ਰੰਟ, ਕਪਤਾਨ ਹਰਮਨਪ੍ਰੀਤ ਕੌਰ ਤੇ ਜੀ. ਕਮਲਿਨੀ ਨੂੰ ਪੈਵੇਲੀਅਨ ਭੇਜਿਆ।
ਮੁੰਬਈ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਤੇ ਹੈਲੀ ਮੈਥਿਊਜ਼ ਨੇ 22-22 ਦੌੜਾਂ ਦੀ ਪਾਰੀ ਖੇਡੀ ਜਦਕਿ ਨੈਟ ਸਾਈਬਰ ਬ੍ਰੰਟ ਨੇ 18, ਐਮੇਲੀਆ ਕੇਰ ਨੇ 17 ਤੇ ਯਸਤਿਕਾ ਭਾਟੀਆ ਨੇ 11 ਦੌੜਾਂ ਦਾ ਯੋਗਦਾਨ ਦਿੱਤਾ ਹੈ। ਉੱਥੇ ਹੀ,ਅਮਨਜੋਤ ਕੌਰ 17 ਦੌੜਾਂ ਬਣਾ ਕੇ ਅਜੇਤੂ ਰਹੀ।