ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤੀ ਸ਼ਤਰੰਜ ਟੀਮ ਐਲਾਨੀ

Wednesday, Feb 27, 2019 - 09:07 PM (IST)

ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤੀ ਸ਼ਤਰੰਜ ਟੀਮ ਐਲਾਨੀ

ਨਵੀਂ ਦਿੱਲੀ (ਨਿਕਲੇਸ਼ ਜੈਨ)- ਅਗਲੇ ਹਫਤੇ ਤੋਂ ਹੋਣ ਵਾਲੀ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਗਿਆ।
ਭਾਰਤੀ ਟੀਮ ਵਿਸ਼ਵ ਸ਼ਤਰੰਜ ਓਲੰਪੀਆਡ 'ਚ ਦੋਵਾਂ ਵਰਗਾਂ ਵਿਚ 6ਵੇਂ ਸਥਾਨ 'ਤੇ ਰਹੀ ਸੀ। ਇਸੇ ਕਾਰਨ ਉਹ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ ਪਰ ਵਿਸ਼ਵ ਸ਼ਤਰੰਜ ਸੰਘ (ਫੀਡੇ) ਦੇ ਪ੍ਰਧਾਨ ਅਰਕਾਦੀ ਦੁਆਰਕੋਵਿਚ ਨੇ ਟੀਮ ਨੂੰ ਵਾਈਲਡ ਕਾਰਡ ਨਾਲ ਨਾਮੀਨੇਟ ਕਰਦੇ ਹੋਏ ਭਾਰਤੀ ਟੀਮ ਦੀ ਜਗ੍ਹਾ ਪੱਕੀ ਕਰ ਦਿੱਤੀ ਸੀ। 
ਭਾਰਤੀ ਟੀਮ 'ਚ ਵਿਸ਼ਵਨਾਥਨ ਆਨੰਦ, ਪੇਂਟਾਲਾ ਹਰਿਕ੍ਰਿਸ਼ਣਾ ਅਤੇ ਵਿਦਿਤ ਗੁਜਰਾਤੀ ਦਾ ਸ਼ਾਮਲ ਨਾ ਹੋਣਾ ਟੀਮ ਲਈ ਥੋੜ੍ਹੀ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਦੀ ਕਮੀ ਵੀ ਟੀਮ ਨੂੰ ਰੜਕੇਗੀ ਪਰ ਇਹ ਸਾਫ ਹੈ ਕਿ ਇੱਥੇ ਭਾਰਤ ਆਪਣੇ ਵਾਧੂ ਖਿਡਾਰੀਆਂ ਨੂੰ ਵੀ ਅਜ਼ਮਾਉਂਦੇ ਹੋਏ ਭਵਿੱਖ ਦੇ ਮੁਕਾਬਲੇ ਲਈ ਤਿਆਰ ਕਰਨਾ ਚਾਹੁੰਦਾ ਹੈ। ਪ੍ਰਤੀਯੋਗਿਤਾ ਕਜ਼ਾਕਿਸਤਾਨ ਦੇ ਅਸਤਾਨਾ ਵਿਚ 4 ਤੋਂ 15 ਮਾਰਚ ਦੌਰਾਨ ਖੇਡੀ ਜਾਵੇਗੀ।
ਐਲਾਨੀ ਭਾਰਤੀ ਟੀਮ ਇਸ ਤਰ੍ਹਾਂ ਹੈ: ਪੁਰਸ਼ ਵਰਗ : ਅਧਿਬਨ ਭਾਸਕਰਨ, ਕ੍ਰਿਸ਼ਣਨ ਸ਼ਸ਼ੀਕਿਰਣ, ਸੂਰਿਯਾ ਸ਼ੇਖਰ ਗਾਂਗੁਲੀ, ਐੱਸ. ਪੀ. ਸੇਥੁਰਮਨ, ਅਰਵਿੰਦ ਚਿਤਾਂਬਰਮ ਅਤੇ ਨਾਨ-ਪਲੇਇੰਗ ਕਪਤਾਨ ਐੱਨ. ਸ਼੍ਰੀਨਾਥ।
ਮਹਿਲਾ ਵਰਗ : ਸੋਮਯਾ ਸਵਾਮੀਨਾਥਨ, ਤਾਨੀਆ ਸਚਦੇਵ, ਪਦਮਿਨੀ ਰਾਊਤ, ਭਗਤੀ ਕੁਲਕਰਣੀ, ਈਸ਼ਾ ਕਰਵਾਡੇ ਅਤੇ ਨਾਨ-ਪਲੇਇੰਗ ਕਪਤਾਨ ਸਵਪਨਿਲ ਥੋਪਾੜੇ।


author

Gurdeep Singh

Content Editor

Related News