IPL ''ਚ ਕਿੰਨੀ ਵੀ ਸ਼ਾਨਦਾਰ ਫਾਰਮ ਵਰਲਡ ਕੱਪ ਟੀਮ ਦੀ ਚੋਣ ਦਾ ਨਹੀਂ ਹੋਵੇਗੀ ਆਧਾਰ : BCCI
Tuesday, Apr 09, 2019 - 10:27 AM (IST)

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 2019 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ 15 ਅਪ੍ਰੈਲ ਨੂੰ ਹੋਵੇਗਾ ਜਿਸ ਲਈ ਭਾਰਤੀ ਚੋਣ ਕਮੇਟੀ ਦੀ ਬੈਠਕ ਮੁੰਬਈ 'ਚ ਹੋਵੇਗੀ। ਹਾਲਾਂਕਿ ਭਾਰਤੀ ਕ੍ਰਿਕਟ ਟੀਮ ਦੀ ਵਰਤਮਾਨ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਦੇ ਮੈਂਬਰ ਆਈ.ਪੀ.ਐੱਲ. ਦੇ ਪ੍ਰਦਰਸ਼ਨ ਨੂੰ ਕਿਸੇ ਵੀ ਤਰ੍ਹਾਂ ਨਾਲ ਤਵੱਜੋ ਨਹੀਂ ਦੇਣਗੇ। ਭਾਰਤ ਦੇ ਕਪਤਾਨ ਵਿਰਾਟ ਕੋਹਲੀ, ਜੋ ਮੁੰਬਈ ਇੰਡੀਅਨਜ਼ ਦੇ ਖਿਲਾਫ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਮੈਚ ਲਈ ਮੁੰਬਈ 'ਚ ਹੋਣਗੇ, ਦੇ ਵੀ ਅਗਲੇ ਸੋਮਵਾਰ ਨੂੰ ਬੈਠਕ 'ਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵੀ ਕਿਹਾ ਸੀ ਕਿ ਜਦੋਂ ਵਰਲਡ ਕੱਪ ਲਈ ਖਿਡਾਰੀਆਂ ਦੀ ਚੋਣ ਹੋਵੇਗੀ ਤਾਂ ਆਈ.ਪੀ.ਐੱਲ. ਕੋਈ ਮਾਇਨੇ ਨਹੀਂ ਰਖੇਗਾ। ਐੱਮ.ਐੱਸ. ਕੇ ਪ੍ਰਸਾਦ ਨੇ ਕਪਤਾਨ ਦੀ ਗੱਲ ਦਾ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਚੋਣਕਰਤਾਵਾਂ ਕੋਲ ਟੀਮ ਦਾ ਐਲਾਨ ਕਰਨ ਲਈ ਇਕ ਹੋਰ ਹਫਤਾ ਸੀ। ਪਰ ਕਮੇਟੀ ਨੇ 15 ਅਪ੍ਰੈਲ ਨੂੰ ਹੀ ਟੀਮ ਦੇ ਐਲਾਨ ਦਾ ਫੈਸਲਾ ਕੀਤਾ ਹੈ। ਇਸ ਨਾਲ ਇਹੋ ਸੰਦੇਸ਼ ਜਾਂਦਾ ਹੈ ਕਿ ਚੋਣਕਰਤਾ ਆਈ.ਪੀ.ਐੱਲ. ਅੰਕੜਿਆਂ ਨਾਲ ਪ੍ਰਭਾਵਿਤ ਨਹੀਂ ਹੋਣਗੇ।
ਚੋਣਕਰਤਾ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, ''ਮੈਨੂੰ ਨਹੀਂ ਲਗਦਾ ਕਿ ਅਸੀਂ ਆਈ.ਪੀ.ਐੱਲ. ਨੂੰ ਧਿਆਨ 'ਚ ਰੱਖ ਰਹੇ ਹਾਂ। ਪਰ ਕੀ ਆਈ.ਪੀ.ਐੱਲ. 'ਚ ਮਜ਼ਬੂਤ ਪ੍ਰਦਰਸ਼ਨ ਨਾਲ ਚੋਣਕਰਤਾਵਾਂ ਨੂੰ ਕਿਸੇ ਅਨਿਰਧਾਰਤ ਸਲਾਟ ਨੂੰ ਭਰਨ 'ਚ ਮਦਦ ਮਿਲੇਗੀ।'' ਨਹੀਂ, ਅਸਲ 'ਚ ਨਹੀਂ। ਅਸੀਂ ਕਾਫੀ ਸਪੱਸ਼ਟ ਹਾਂ। ਹੁਣ ਇਹ ਗੱਲ ਬਿਲੁਕਲ ਸਪੱਸ਼ਟ ਹੋ ਚੁੱਕੀ ਹੈ ਕਿ ਵਰਲਡ ਕੱਪ ਲਈ ਚੁਣੀ ਜਾਣ ਵਾਲੀ ਟੀਮ 'ਤੇ ਆਈ.ਪੀ.ਐੱਲ. ਦਾ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲਾਂ ਭਾਰਤ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਕਿਹਾ ਸੀ ਕਿ ਵਰਲਡ ਕੱਪ ਟੀਮ ਨੂੰ ਟੀ-20 ਟੂਰਨਾਮੈਂਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਚੁਣਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਆਈ.ਸੀ.ਸੀ. ਵਰਲਡ ਕੱਪ 2019 ਦਾ ਆਗਾਜ਼ ਇੰਗਲੈਂਡ ਅਤੇ ਵੇਲਸ 'ਚ 30 ਮਈ ਤੋਂ ਹੋਣ ਜਾ ਰਿਹਾ ਹੈ।