ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : 3 ਭਾਰਤੀਆਂ ਨੇ ਕੁਆਟਰ ਫਾਈਨਲ ’ਚ ਬਣਾਈ ਜਗ੍ਹਾ
Friday, Sep 24, 2021 - 02:07 PM (IST)
ਯਾਂਕਟਨ/ਅਮਰੀਕਾ (ਭਾਸ਼ਾ) : ਭਾਰਤੀ ਤੀਰਅੰਦਾਜ਼ ਅੰਕਿਤਾ ਭਕਤ, ਅਭਿਸ਼ੇਕ ਵਰਮਾ ਅਤੇ ਜੋਤੀ ਸੁਰੇਖਾ ਵੇਨਾਮ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਵਿਅਕਤੀਗਤ ਵਰਗ ਦੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾ ਕੇ ਤਮਗੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਭਾਰਤ ਕੰਪਾਊਂਡ ਦੇ ਮਹਿਲਾ ਅਤੇ ਮਿਕਸਡ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਪਹਿਲਾਂ ਹੀ ਆਪਣੇ ਨਾਮ 2 ਤਮਗੇ ਪੱਕੇ ਕਰ ਚੁੱਕਾ ਹੈ। ਔਰਤਾਂ ਦੇ ਰਿਕਰਵ ਵਿਅਕਤੀਗਤ ਵਰਗ ਵਿਚ ਅੰਕਿਤਾ ਨੇ ਕੋਰੀਆ ਦੀ ਵਿਸ਼ਵ ਵਿਚ ਨੰਬਰ ਚਾਰ ਕਾਂਗ ਚੀ ਯੰਗ ਨੂੰ 6-4 (29-28, 28-28, 27-27, 24-29, 29-28) ਨਾਲ ਹਰਾ ਕੇ ਉਲਟਫੇਰ ਕੀਤਾ। ਕੁਆਟਰ ਫਾਈਨਲ ਵਿਚ ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੀ ਕੈਸੀ ਕੋਫਹੋਲਡ ਨਾਲ ਹੋਵੇਗਾ।
ਪੁਰਸ਼ਾਂ ਦੇ ਕੰਪਾਊਂਡ ਵਿਅਕਤੀਗਤ ਵਰਗ ਵਿਚ ਵਿਸ਼ਵ ਕੱਪ ਦੇ ਮੌਜੂਦਾ ਸੋਨ ਤਮਗਾ ਜੇਤੂ ਵਰਮਾ ਨੇ ਦੋ ਸ਼ਾਨਦਾਰ ਰਾਊਂਡ ਦੇ ਦਮ ’ਤੇ ਸਲੋਵਾਕੀਆ ਦੇ ਜੋਜੇਫ ਵੋਸਕਨਾਸਕੀ ਨੂੰ 145-142 (29-28, 30-27, 28-29, 30-29, 28-29) ਨਾਲ ਹਰਾਇਆ। ਉਨ੍ਹਾਂ ਨੂੰ ਹੁਣ ਅਮਰੀਕਾ ਦੇ ਵਿਸ਼ਵ ਵਿਚ ਨੰਬਰ ਇਕ ਮਾਈਕ ਸ਼ੋਲੇਸਰ ਦਾ ਸਾਹਮਣਾ ਕਰਨਾ ਹੈ। ਮਹਿਲਾ ਕੰਪਾਊਂਡ ਵਿਚ ਜੋਤੀ ਨੇ ਵੀ ਬਿਹਤਰੀਨ ਖੇਡ ਦਿਖਾਈ ਅਤੇ ਕੋਰੀਆ ਦੀ ਚੇਵੋਨ ਸੋ ਨੂੰ 146-142 (30-29, 29-29, 28-30, 29-29, 26-29) ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਕ੍ਰੋਏਸ਼ੀਆ ਦੀ ਅਮਾਂਡਾ ਮਿਲਿਨਾਰਿਚ ਨਾਲ ਹੋਵੇਗਾ।