ਸੋਫ਼ੀ ਡਿਵਾਈਨ ਦੀ ਕਪਤਾਨੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਦਾ ਵੱਡਾ ਸਕੋਰ, ਭਾਰਤ ਨੂੰ ਦਿੱਤਾ 161 ਦੌੜਾਂ ਦਾ ਟੀਚਾ
Friday, Oct 04, 2024 - 09:11 PM (IST)
ਸਪੋਰਟਸ ਡੈਸਕ- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ ਅੱਜ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 4 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੂੰ ਜਿੱਤਣ ਲਈ 20 ਓਵਰਾਂ 'ਚ 161 ਦੌੜਾਂ ਬਣਾਉਣੀਆਂ ਪੈਣਗੀਆਂ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਟੀਮ ਨੇ ਪਹਿਲੀ ਵਿਕਟ ਲਈ 67 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸੂਜ਼ੀ ਬੇਟਸ (27) ਨੂੰ ਅਰੁੰਧਤੀ ਰੈੱਡੀ ਤੇ ਜਾਰਜੀਆ ਪਲਿਮਰ (34) ਨੂੰ ਆਸ਼ਾ ਸ਼ੋਭਨਾ ਨੇ ਆਊਟ ਕੀਤਾ।
ਇਸ ਪਿੱਛੋਂ ਬੱਲੇਬਾਜ਼ੀ ਕਰਨ ਉਤਰੀਆਂ ਅਮੀਲੀਆ ਕੇਰ ਤੇ ਕਪਤਾਨ ਸੋਫ਼ੀ ਡਿਵਾਈਨ ਨੇ ਟੀਮ ਨੂੰ ਸੰਭਾਲਿਆ ਤੇ ਟੀਮ ਦਾ ਸਕੋਰ 100 ਦੀ ਦਹਿਲੀਜ਼ ਤੱਕ ਪਹੁੰਚਾਇਆ। ਪਰ ਇਹ ਅੰਕੜਾ ਪਾਰ ਕਰਨ ਤੋਂ ਪਹਿਲਾਂ ਹੀ ਅਮੀਲੀਆ ਕੇਰ ਨੂੰ ਰੇਣੁਕਾ ਸਿੰਘ ਨੇ ਪੂਜਾ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਦਾ ਰਾਹ ਦਿਖਾਇਆ।
ਇਸ ਮਗਰੋਂ ਸੋਫ਼ੀ ਡਿਵਾਈਨ ਨੇ ਕਪਤਾਨੀ ਪਾਰੀ ਖੇਡੀ ਤੇ 36 ਗੇਂਦਾਂ 'ਚ 57* ਦੌੜਾਂ ਬਣਾ ਕੇ ਨਾਬਾਦ ਰਹੀ। ਉਸ ਤੋਂ ਇਲਾਵਾ ਬਰੁੱਕ ਹੈਲੀਡੇ ਨੇ 16 ਤੇ ਮੈਡੀ ਗ੍ਰੀਨ ਨੇ 5 ਦੌੜਾਂ ਦਾ ਯੋਗਦਾਨ ਦਿੱਤਾ।
ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ ਤੇ ਅਭਿਆਨ ਦੀ ਜੇਤੂ ਸ਼ੁਰੂਆਤ ਲਈ ਦੋਵੇਂ ਟੀਮਾਂ ਦੀਆਂ ਖਿਡਾਰਨਾਂ ਜੀਅ-ਜਾਨ ਨਾਲ ਖੇਡਣਗੀਆਂ।
ਭਾਰਤੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰ ਰਹੀ ਹੈ, ਜਦਕਿ ਨਿਊਜ਼ੀਲੈਂਡ ਟੀਮ ਦੀ ਕਮਾਨ ਸੋਫ਼ੀ ਡਿਵਾਈਨ ਦੇ ਹੱਥ ਹੈ। ਹੁਣ ਤੱਕ ਇਹ ਦੋਵੇਂ ਟੀਮਾਂ 13 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਭਾਰਤੀ ਟੀਮ ਨੂੰ ਸਿਰਫ਼ 4 'ਚ ਜਿੱਤ ਮਿਲੀ ਹੈ। ਅਜਿਹੇ 'ਚ ਵਿਸ਼ਵ ਕੱਪ ਵਰਗੇ ਮੰਚ 'ਤੇ ਭਾਰਤੀ ਟੀਮ ਆਪਣਾ ਪੂਰਾ ਜ਼ੋਰ ਲਗਾ ਕੇ ਇਸ ਰਿਕਾਰਡ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗੀ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਆਸ਼ਾ ਸ਼ੋਭਨਾ, ਸ਼੍ਰੇਅੰਕਾ ਪਾਟਿਲ।
ਨਿਊਜ਼ੀਲੈਂਡ
ਸੋਫੀ ਡਿਵਾਈਨ (ਕਪਤਾਨ), ਸੂਜ਼ੀ ਬੇਟਸ, ਐਡੇਨ ਕਾਰਸਨ, ਇਜ਼ੀ ਗੇਜ, ਮੈਡੀ ਗ੍ਰੀਨ, ਬਰੁਕ ਹਾਲੀਡੇ, ਅਮੇਲੀਆ ਕੇਰ, ਜੇਸ ਕੇਰ, ਰੋਜ਼ਮੇਰੀ ਮਾਇਰ, ਜਾਰਜੀਆ ਪਲਿਮਰ, ਹੰਨਾ ਰੋਵ, ਲੀ ਤਾਹੂਹੂ।