ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾਇਆ
Saturday, Nov 10, 2018 - 01:11 PM (IST)

ਗਯਾਨਾ- ਕਪਤਾਨ ਹਰਮਨਪ੍ਰੀਤ ਕੌਰ (103) ਦੇ ਧਮਾਕੇਦਾਰ ਸੈਂਕੜੇ ਤੇ ਸਪਿਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀ-20 ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਗਰੁੱਪ-ਬੀ ਮੈਚ ਵਿਚ ਇਕਤਰਫਾ ਅੰਦਾਜ਼ ਵਿਚ 34 ਦੌੜਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕਰ ਲਈ। ਭਾਰਤ ਨੇ 5 ਵਿਕਟਾਂ 'ਤੇ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 160 ਦੌੜਾਂ 'ਤੇ ਰੋਕ ਦਿੱਤਾ। ਭਾਰਤੀ ਕਪਤਾਨ ਨੂੰ ਉਸਦੇ ਬਿਹਤਰੀਨ ਸੈਂਕੜੇ ਲਈ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ।
ਡੈਬਿਊ ਮੈਚ ਖੇਡ ਰਹੀ ਆਫ ਸਪਿਨਰ ਦਯਾਲਨ ਹੇਮਲਤਾ ਨੇ 4 ਓਵਰਾਂ ਵਿਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਪੂਨਮ ਯਾਦਵ ਨੇ 4 ਓਵਰਾਂ ਵਿਚ 33 ਦੌੜਾਂ 'ਤੇ 3 ਵਿਕਟਾਂ ਲਈਆਂ। ਹਰਮਨਪ੍ਰੀਤ ਨੇ ਸਿਰਫ 51 ਗੇਂਦਾਂ 'ਤੇ 103 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 7 ਚੌਕੇ ਤੇ 8 ਛੱਕੇ ਲਾਏ। ਹਰਮਨਪ੍ਰੀਤ ਦਾ ਟੀ-20 ਵਿਚ ਇਹ ਪਹਿਲਾ ਸੈਂਕੜਾ ਹੈ। ਉਸ ਨੇ 89ਵੇਂ ਮੈਚ ਵਿਚ ਜਾ ਕੇ ਆਪਣਾ ਪਹਿਲਾ ਸੈਂਕੜਾ ਬਣਾਇਆ। ਇਸ ਤੋਂ ਪਹਿਲਾਂ ਟੀ-20 ਵਿਚ ਉਸਦਾ ਸਰਵਸ੍ਰੇਸ਼ਠ ਸਕੋਰ 77 ਦੌੜਾਂ ਸੀ। ਪਿਛਲੇ ਸਾਲ ਇੰਗਲੈਂਡ ਵਿਚ ਹੋਏ 50 ਓਵਰਾਂ ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਵਿਰੁੱਧ ਅਜੇਤੂ 171 ਦੌੜਾਂ ਬਣਾਉਣ ਵਾਲੀ ਪੰਜਾਬ ਦੇ ਮੋਗਾ ਸ਼ਹਿਰ ਦੀ ਹਰਮਨਪ੍ਰੀਤ ਨੇ ਕੀਵੀ ਗੇਂਦਬਾਜ਼ਾਂ ਦੀ ਰੱਝ ਕੇ ਧੁਲਾਈ ਕੀਤੀ।
ਭਾਰਤੀ ਕਪਤਾਨ ਨੇ ਆਪਣੀਆਂ 50 ਦੌੜਾਂ 33 ਗੇਂਦਾਂ ਵਿਚ ਪੂਰੀਆਂ ਕਰ ਲਈਆਂ ਸਨ। ਉਸ ਨੇ 100 ਦੌੜਾਂ 49 ਗੇਂਦਾਂ ਵਿਚ ਪੂਰੀਆਂ ਕੀਤੀਆਂ। ਹਰਮਨਪ੍ਰੀਤ ਨੇ 50 ਤੋਂ 100 ਦੌੜਾਂ ਤਕ ਪਹੁੰਚਣ ਲਈ ਸਿਰਫ 16 ਗੇਂਦਾਂ ਖੇਡੀਆਂ ਤੇ ਇਸ ਦੌਰਾਨ ਉਸ ਨੇ ਚਾਰ ਚੌਕੇ ਤੇ ਚਾਰ ਛੱਕੇ ਲਾਏ। ਓਪਨਰ ਤਾਨੀਆ ਭਾਟੀਆ (9), ਤਜਰਬੇਕਾਰ ਸਮ੍ਰਿਤੀ ਮੰਧਾਨਾ (2) ਤੇ ਦਯਾਲਨ ਹਮੇਲਤਾ (15) ਦੀਆਂ ਵਿਕਟਾਂ ਸਿਰਫ 40 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਹਰਮਨਪ੍ਰੀਤ ਤੇ ਜੇਮਿਮਾ ਰੋਡ੍ਰਿਗਜ਼ (59) ਨੇ ਚੌਥੀ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਸੁਰੱਖਿਅਤ ਸਥਿਤੀ ਵਿਚ ਪਹੁੰਚਾਇਆ। ਰੋਡ੍ਰਿਗਜ਼ ਨੇ 45 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਵਿਚ 7 ਚੌਕੇ ਲਾਏ।