ਰਿਕਾਰਡ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਲਈ ਵਿੰਬਲਡਨ ਸਭ ਤੋਂ ਚੰਗਾ ਮੌਕਾ : ਜੋਕੋਵਿਚ
Monday, Jun 30, 2025 - 12:50 PM (IST)

ਸਪੋਰਟਸ ਡੈਸਕ- ਨੋਵਾਕ ਜੋਕੋਵਿਚ ਤੋਂ ਭਾਵੇਂ ਹੀ ਹੁਣ ਕਿਸੇ ਟੂਰਨਾਮੈਂਟ ਦੇ ਸ਼ੁਰੂ ਹੋਣ ’ਤੇ ਅਕਸਰ ਉਸਦੇ ਸੰਨਿਆਸ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਹੈ ਪਰ ਇਸ ਸਟਾਰ ਟੈਨਿਸ ਖਿਡਾਰੀ ਦੀ ਨਜ਼ਰ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵਿੰਬਲਡਨ ’ਤੇ ਟਿਕੀ ਹੋਈ ਹੈ, ਜਿਸ ਨੂੰ ਉਹ ਆਪਣਾ ਰਿਕਾਰਡ 25ਵਾਂ ਗੈਂਡ ਸਲੈਮ ਜਿੱਤਣ ਦਾ ਸਰਵੋਤਮ ਮੌਕਾ ਮੰਨਦਾ ਹੈ।
ਜੋਕੋਵਿਚ ਅਜੇ 38 ਸਾਲ ਦਾ ਹੈ ਤੇ ਵਿੰਬਲਡਨ ਤੋਂ ਪਹਿਲਾਂ ਉਸ ਤੋਂ ਇਹ ਹੀ ਸਵਾਲ ਪੁੱਛਿਆ ਗਿਆ ਕਿ ਕੀ ਉਹ ਆਖਰੀ ਵਾਰ ਇਸ ਪ੍ਰਤੀਯੋਗਿਤਾ ਵਿਚ ਖੇਡੇਗਾ। ਇਸ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦਾ ਜਵਾਬ ਵੀ ਰਟਿਆ-ਰਟਾਇਆ ਸੀ। ਜੋਕੋਵਿਚ ਨੇ ਕਿਹਾ, ‘‘ਕੀ ਇਹ ਮੇਰਾ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਹੋ ਸਕਦਾ ਹੈ, ਇਸ ਨੂੰ ਲੈ ਕੇ ਅਜੇ ਮੈਂ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦਾ । ਮੈਂ ਅਗਲੇ ਸਾਲ ਫ੍ਰੈਂਚ ਓਪਨ ਜਾਂ ਕਿਸੇ ਹੋਰ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਹਿੱਸਾ ਲਵਾਂਗਾ ਜਾਂ ਨਹੀਂ, ਇਸ ਨੂੰ ਲੈ ਕੇ ਨਿਸ਼ਚਿਤ ਨਹੀਂ ਹਾਂ।’’
ਉਸ ਨੇ ਕਿਹਾ, ‘‘ਮੇਰੀ ਇੱਛਾ ਕਈ ਹੋਰ ਸਾਲ ਤੱਕ ਖੇਡਣ ਦੀ ਹੈ। ਮੈਂ ਸਰੀਰਕ ਤੇ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਨਾਲ ਫਿੱਟ ਰਹਿਣਾ ਚਾਹੁੰਦਾ ਹਾਂ। ਇਹ ਮੇਰਾ ਟੀਚਾ ਹੈ ਪਰ ਉਮਰ ਦੇ ਇਸ ਪੜਾਅ ’ਤੇ ਤੁਸੀਂ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦੇ ਹੋ ਕਿ ਅੱਗੇ ਕੀ ਹੋਵੇਗਾ।’’
ਜੋਕੋਵਿਚ ਨੇ ਇਹ ਵੀ ਸਵੀਕਾਰ ਕੀਤਾ ਕਿ ਆਲ ਇੰਗਲੈਂਡ ਕਲੱਬ ਉਸ ਨੂੰ ਇਕ ਹੋਰ ਗ੍ਰ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸਭ ਤੋਂ ਚੰਗਾ ਮੌਕਾ ਪ੍ਰਦਾਨ ਕਰ ਸਕਦਾ ਹੈ, ਜਿਸ ਨਾਲ ਉਹ ਆਪਣੇ ਕਰੀਅਰ ਵਿਚ ਕੁੱਲ 25 ਖਿਤਾਬ ਜਿੱਤ ਸਕੇ। ਇਹ ਇਕ ਅਜਿਹੀ ਗਿਣਤੀ, ਜਿਸ ਤੱਕ ਕੋਈ ਵੀ ਟੈਨਿਸ ਖਿਡਾਰੀ ਨਹੀਂ ਪਹੁੰਚ ਸਕਿਆ ਹੈ।