ਨਿਊਜ਼ੀਲੈਂਡ, ਅਫ਼ਗਾਨਿਸਤਾਨ ਜਾਂ ਪਾਕਿ? ਸੈਮੀਫਾਈਨਲ 'ਚ ਕਿਸ ਨਾਲ ਭਿੜੇਗੀ ਭਾਰਤੀ ਟੀਮ, ਜਾਣੋ ਪੂਰਾ ਸਮੀਕਰਨ

11/08/2023 2:32:55 PM

ਸਪੋਰਟਸ ਡੈਸਕ : ਵਿਸ਼ਵ ਕੱਪ 2023 ਆਪਣੇ ਲੀਗ ਸਟੇਜ ਦੇ ਆਖ਼ਰੀ ਪੜਾਅ 'ਤੇ ਹੈ। ਇਸ ਦੌਰਾਨ ਕਈ ਟੀਮਾਂ ਨੇ ਆਪਣੇ ਪ੍ਰਦਰਸ਼ਨ ਨਾਲ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਇੰਗਲੈਂਡ, ਜੋ ਕਿ ਪਿਛਲੀ ਵਾਰ ਦੀ ਚੈਂਪੀਅਨ ਸੀ, ਇਸ ਵਾਰ ਉਹ 8 ਮੈਚਾਂ 'ਚੋਂ ਸਿਰਫ਼ ਇਕ ਜਿੱਤ ਨਾਲ ਪੁਆਇੰਟ ਟੇਬਲ 'ਚ ਅਖ਼ੀਰ 'ਤੇ ਹੈ। ਉੱਥੇ ਹੀ ਅਫ਼ਗਾਨਿਸਤਾਨ ਅਤੇ ਨੀਦਰਲੈਂਡ ਨੇ ਹਰ ਕਿਸੇ ਨੂੰ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਕਈ ਵੱਡੀਆਂ ਤੇ ਵਿਸ਼ਵ ਕੱਪ ਦੀਆਂ ਦਾਅਵੇਦਾਰ ਟੀਮਾਂ ਨੂੰ ਹਰਾਇਆ ਹੈ। 

ਵਿਸ਼ਵ ਕੱਪ ਦੇ ਇਸ ਸੀਜ਼ਨ 'ਚ ਸਿਰਫ਼ ਭਾਰਤੀ ਟੀਮ ਹੀ ਅਜਿਹੀ ਟੀਮ ਹੈ, ਜੋ ਆਪਣੇ ਲੀਗ ਗੇੜ ਦਾ ਇਕ ਵੀ ਮੈਚ ਨਹੀਂ ਹਾਰੀ ਹੈ। ਜਿਸ ਕਾਰਨ ਉਹ ਟੇਬਲ ਟਾਪਰ ਬਣੀ ਹੋਈ ਹੈ ਤੇ ਸੈਮੀਫਾਈਨਲ 'ਚ ਸਭ ਤੋਂ ਪਹਿਲਾਂ ਜਗ੍ਹਾ ਪੱਕੀ ਕਰਨ ਵਾਲੀ ਟੀਮ ਬਣੀ ਸੀ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਅਤੇ ਬੀਤੇ ਦਿਨ ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਨੂੰ ਰੋਮਾਂਚਕ ਮੈਚ 'ਚ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਹੁਣ ਸਿਰਫ਼ ਇਕ ਹੋਰ ਟੀਮ ਸੈਮੀਫਾਈਨਲ 'ਚ ਕੁਆਲੀਫਾਈ ਕਰ ਸਕਦੀ ਹੈ, ਪਰ 3 ਟੀਮਾਂ ਇਸ ਦੀਆਂ ਦਾਅਵੇਦਾਰ ਹਨ, ਉਹ ਹਨ- ਨਿਊਜ਼ੀਲੈਂਡ, ਪਾਕਿਸਤਾਨ ਤੇ ਅਫ਼ਗਾਨਿਸਤਾਨ।

ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ AUS ਖਿਲਾਫ ਵਿਸ਼ਵ ਕੱਪ ਮੈਚ 'ਚ ਲਾਈ ਰਿਕਾਰਡਾਂ ਦੀ ਝੜੀ, ਤੁਸੀਂ ਵੀ ਦੇਖੋ

ਦੱਸ ਦੇਈਏ ਕਿ ਇੰਗਲੈਂਡ, ਨੀਦਰਲੈਂਡ, ਸ਼੍ਰੀਲੰਕਾ ਤੇ ਬੰਗਲਾਦੇਸ਼ ਸੈਮੀਫਾਈਨਲ ਦੀ ਰੇਸ 'ਚੋਂ ਬਾਹਰ ਹੋ ਚੁੱਕੇ ਹਨ। ਅਜਿਹੇ 'ਚ ਪਾਕਿਸਤਾਨ, ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਦੇ ਸੈਮਾਫਾਈਨਲ 'ਚ ਪਹੁੰਚਣ ਦੇ ਰਸਤੇ ਵੀ ਇਕ-ਦੂਜੇ ਤੋਂ ਹੋ ਕੇ ਗੁਜ਼ਰ ਰਹੇ ਹਨ। ਇਨ੍ਹਾਂ ਤਿੰਨਾ ਟੀਮਾਂ ਦੇ 8 ਮੈਚਾਂ 'ਚੋਂ 4 ਮੈਚ ਜਿੱਤ ਕੇ 8 ਪੁਆਇੰਟ ਹਨ। ਪਰ ਨੈੱਟ ਰਨ ਰੇਟ ਦੇ ਹਿਸਾਬ ਨਾਲ ਨਿਊਜ਼ੀਲੈਂਡ ਬਾਕੀ ਦੋਵਾਂ ਟੀਮਾਂ ਤੋਂ ਅੱਗੇ ਹੈ। ਭਾਵ ਇਨ੍ਹਾਂ ਨੂੰ ਕੁਆਲੀਫਾਈ ਕਰਨ ਲਈ ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਇਕ-ਦੂਜੇ ਦੇ ਮੈਚ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ। ਇਸ ਬਾਰੇ ਕਈ ਅੰਦਾਜ਼ੇ ਅਤੇ ਸਮੀਕਰਣ ਹਨ ਜਿਸ ਨਾਲ ਇਹ ਪਤਾ ਲੱਗ ਸਕੇਗਾ ਕਿ ਇਨ੍ਹਾਂ 'ਚੋਂ ਕਿਹੜੀ ਟੀਮ ਅਤੇ ਕਿਵੇਂ ਕਰ ਸਕਦੀ ਹੈ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਲਈ ਕੁਆਲੀਫਾਈ...

ਨਿਊਜ਼ੀਲੈਂਡ
ਨਿਊਜ਼ੀਲੈਂਡ ਦੀ ਟੀਮ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ ਤੇ ਆਪਣੇ ਪਹਿਲੇ ਲਾਗਾਤਾਰ 4 ਮੈਚ ਜਿੱਤ ਕੇ ਪੁਆਇੰਟ ਟੇਬਲ 'ਤੇ ਉਪਰ ਚੱਲ ਰਹੀ ਸੀ। ਪਰ ਬਾਅਦ 'ਚ ਇਹ ਟੀਮ ਪਟੜੀ ਤੋਂ ਲਹਿ ਗਈ ਤੇ ਆਪਣੇ ਅਗਲੇ 4 ਮੈਚਾਂ 'ਚ ਉਸ ਨੂੰ ਲਗਾਤਾਰ 4 ਹਾਰਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਉਨ੍ਹਾਂ ਦੇ 8 ਪੁਆਇੰਟ ਹਨ, ਪਰ ਨੈੱਟ ਰਨ ਰੇਟ (+0.398) ਦੇ ਆਧਾਰ 'ਤੇ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਅੱਗੇ ਹੈ। ਜੇਕਰ ਉਹ ਸ਼੍ਰੀਲੰਕਾ ਖ਼ਿਲਾਫ਼ ਆਪਣਾ ਆਖ਼ਰੀ ਲੀਗ ਮੁਕਾਬਲਾ ਜਿੱਤ ਜਾਵੇ ਤਾਂ ਬਹੁਤ ਉਮੀਦ ਹੈ ਕਿ ਨਿਊਜ਼ੀਲੈਂਡ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ। 

PunjabKesari

ਪਾਕਿਸਤਾਨ
ਪਾਕਿਸਤਾਨ ਦੀ ਟੀਮ ਵੀ 8 ਮੈਚਾਂ 'ਚੋਂ 4 ਜਿੱਤਾਂ ਨਾਲ 8 ਪੁਆਇੰਟ ਲੈ ਕੇ ਪੁਆਇੰਟ ਟੇਬਲ 'ਚ 5ਵੇਂ ਸਥਾਨ 'ਤੇ ਕਾਬਜ਼ ਹੈ। ਇਹ ਟੀਮ ਨੈੱਟ ਰਨ-ਰੇਟ (+0.036) ਦੇ ਆਧਾਰ 'ਤੇ ਨਿਊਜ਼ੀਲੈਂਡ ਤੋਂ ਪਿੱਛੇ ਹੈ। ਵਿਸ਼ਵ ਕੱਪ ਦੇ ਲੀਗ ਗੇੜ 'ਚ ਜੇਕਰ ਆਪਣੇ ਆਖਰੀ ਮੁਕਾਬਲੇ 'ਚ ਪਾਕਿਸਤਾਨ ਇੰਗਲੈਂਡ ਨੂੰ ਬਹੁਤ ਵੱਡੇ ਫਰਕ ਨਾਲ ਹਰਾ ਦੇਵੇ ਤੇ ਆਪਣੀ ਨੈੱਟ ਰਨ-ਰੇਟ ਸੁਧਾਰ ਕੇ ਨਿਊਜ਼ੀਲੈਂਡ ਤੋਂ ਬਿਹਤਰ ਕਰ ਲਵੇ ਤਾਂ ਉਹ ਕੁਆਲੀਫਾਈ ਕਰ ਸਕਦੀ ਹੈ। ਪਰ ਇਹ ਕੰਮ ਬਹੁਤ ਹੀ ਮੁਸ਼ਕਲ ਹੋਵੇਗਾ ਕਿਉਂਕਿ ਉਧਰ ਇੰਗਲੈਂਡ ਦੀ ਟੀਮ ਵੀ ਆਪਣੇ ਸ਼ਰਮਨਾਕ ਅਭਿਆਨ ਦਾ ਅੰਤ ਜਿੱਤ ਨਾਲ ਕਰਨ ਲਈ ਪੂਰਾ ਜ਼ੋਰ ਲਗਾਵੇਗੀ। ਇਸ ਦੌਰਾਨ ਜੇਕਰ ਇੰਗਲੈਂਡ ਹੱਥੋਂ ਪਾਕਿਸਤਾਨ ਨੂੰ ਹਾਰ ਮਿਲੀ ਤਾਂ ਉਹ ਵੀ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਵੇਗੀ। 

PunjabKesari

ਅਫ਼ਗਾਨਿਸਤਾਨ
ਅਫ਼ਗਾਨਿਸਤਾਨ ਦੇ ਵੀ ਇੰਨੇ ਹੀ ਮੈਚਾਂ 'ਚ ਇੰਨੇ ਹੀ ਪੁਆਇੰਟ ਹਨ, ਪਰ ਨੈੱਟ ਰਨ-ਰੇਟ (-0.338) ਦੇ ਆਧਾਰ 'ਤੇ ਉਹ ਬਾਕੀ ਦੋਵਾਂ ਟੀਮਾਂ (ਪਾਕਿਸਤਾਨ ਅਤੇ ਨਿਊਜ਼ੀਲੈਂਡ) ਤੋਂ ਪਿੱਛੇ ਹੈ। ਸੈਮੀਫਾਈਨਲ 'ਚ ਕੁਆਲੀਫਾਈ ਕਰਨ ਲਈ ਅਫ਼ਗਾਨਿਸਤਾਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਆਪਣਾ ਆਖ਼ਰੀ ਲੀਗ ਮੈਚ ਹਰ ਹਾਲ 'ਚ ਜਿੱਤਣਾ ਪਵੇਗਾ ਤੇ ਇਹ ਵੀ ਦੁਆ ਕਰਨੀ ਪਵੇਗੀ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਆਪਣੇ ਆਖ਼ਰੀ ਲੀਗ ਮੈਚ ਹਾਰ ਜਾਣ। ਇਸ ਸਥਿਤੀ 'ਚ ਅਫ਼ਗਾਨਿਸਤਾਨ ਦੇ 10 ਪੁਆਇੰਟ ਹੋ ਜਾਣਗੇ ਤੇ ਬਾਕੀ ਦੋਵੇਂ ਟੀਮਾਂ 8 ਪੁਆਇੰਟਾਂ 'ਤੇ ਰਹਿ ਕੇ ਬਾਹਰ ਹੋ ਜਾਣਗੀਆਂ। ਸਿਰਫ਼ ਇਹੀ ਇਕ ਸਥਿਤੀ ਹੈ ਜਿਸ 'ਚ ਅਫ਼ਗਾਨਿਸਤਾਨ ਦੀ ਟੀਮ ਸੈਮੀਫਾਈਨਲ 'ਚ ਕੁਆਲੀਫਾਈ ਕਰ ਸਕਦੀ ਹੈ। ਜੇਕਰ ਪਾਕਿਸਤਾਨ ਜਾਂ ਨਿਊਜ਼ੀਲੈਂਡ 'ਚੋਂ ਇਕ ਵੀ ਟੀਮ ਆਪਣਾ ਲੀਗ ਮੈਚ ਜਿੱਤ ਜਾਂਦੀ ਹੈ ਤਾਂ ਅਫ਼ਗਾਨਿਸਤਾਨ ਸੈਮੀਫਾਈਨਲ ਦੀ ਰੇਸ 'ਚੋਂ ਬਾਹਰ ਹੋ ਜਾਵੇਗੀ। 

PunjabKesari

ਇਹ ਵੀ ਪੜ੍ਹੋ : ਗਰੁੱਪ ਗੇੜ ’ਚ ਭਾਰਤ ਹੱਥੋਂ ਮਿਲੀ ਹਾਰ ਅੱਖਾਂ ਖੋਲ੍ਹਣ ਵਾਲੀ : ਮਹਾਰਾਜ

ਜੇਕਰ ਬਾਕੀ ਟੀਮਾਂ ਦੀ ਗੱਲ ਕਰੀਏ ਤਾਂ ਪੁਆਇੰਟ ਟੇਬਲ 'ਚ ਪਹਿਲੇ ਸਥਾਨ 'ਤੇ ਬੈਠੀ ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਇਨ੍ਹਾਂ ਟੀਮਾਂ 'ਚੋਂ ਕੁਆਲੀਫਾਈ ਕਰਨ ਵਾਲੀ ਟੀਮ ਨਾਲ 15 ਨਵੰਬਰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਕਾਬਜ਼ ਦੱਖਣੀ ਅਫ਼ਰੀਕਾ ਦਾ ਸੈਮੀਫਾਈਨਲ ਮਕਾਬਲਾ ਤੀਜੇ ਸਥਾਨ ਵਾਲੀ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ। ਇਹ ਮੁਕਾਬਲਾ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਖੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।  

ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News