ਸ਼ੰਮੀ ਦੀ ਗੈਰ-ਹਾਜ਼ਰੀ ਵੱਡਾ ਝਟਕਾ ਪਰ ਭਾਰਤ ਦੇ ਰਿਜ਼ਰਵ ਤੇਜ਼ ਗੇਂਦਬਾਜ਼ਾਂ ਨੂੰ ਵੀ ਘੱਟ ਨਹੀਂ ਸਮਝਾਂਗੇ : ਮੈਕਡੋਨਾਲਡ
Monday, Oct 28, 2024 - 01:35 PM (IST)
ਸਿਨਡੀ, (ਭਾਸ਼ਾ)– ਆਸਟ੍ਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਦੌਰਾਨ ਭਾਰਤ ਨੂੰ ਮੁਹੰਮਦ ਸੰਮੀ ਦੀ ਬਹੁਤ ਕਮੀ ਮਹਿਸੂਸ ਹੋਵੇਗੀ ਪਰ ਉਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦੀ ਜਗ੍ਹਾ ਲੈਣ ਵਾਲੇ ਤੇਜ਼ ਗੇਂਦਬਾਜ਼ਾਂ ਨੂੰ ਘੱਟ ਨਹੀਂ ਸਮਝੇਗੀ।
ਸ਼ੰਮੀ ਨੇ 2018 ਵਿਚ ਆਸਟ੍ਰੇਲੀਆ ਦੌਰੇ ਵਿਚ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ ਗਿੱਟੇ ਦੀ ਸੱਟ ਕਾਰਨ ਪਿਛਲੇ ਸਾਲ ਨਵੰਬਰ ਵਿਚ ਵਨ ਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਨਹੀਂ ਖੇਡਿਆ ਹੈ। ਉਸਦਾ ਆਪ੍ਰੇਸ਼ਨ ਕੀਤਾ ਗਿਆ । ਇਸ ਤੋਂ ਬਾਅਦ ਉਹ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਸੀ। ਹਾਲ ਹੀ ਵਿਚ ਉਸਦੇ ਗੋਡੇ ਵਿਚ ਸੋਜ਼ਿਸ਼ ਆ ਗਈ, ਜਿਸ ਕਾਰਨ ਉਸਦੀ ਪੂਰਣ ਫਿਟਨੈੱਸ ਹਾਸਲ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।
ਮੈਕਡੋਨਾਲਡ ਨੇ ਕਿਹਾ, ‘‘ਮੁਹੰਮਦ ਸੰਮੀ ਦੀ ਗੈਰ-ਹਾਜ਼ਰੀ ਉਨ੍ਹਾਂ ਲਈ (ਭਾਰਤ ਲਈ) ਬਹੁਤ ਵੱਡਾ ਝਟਕਾ ਹੈ। ਜਿਸ ਤਰ੍ਹਾਂ ਨਾਲ ਸਾਡੇ ਬੱਲੇਬਾਜ਼ ਉਸ ਦੇ ਜਜ਼ਬੇ, ਉਸ ਦੀ ਲਾਈਨ ਤੇ ਲੈਂਥ ਤੇ ਆਪਣੇ ਕੰਮ ਦੇ ਪ੍ਰਤੀ ਉਸ ਦੇ ਸਮਰਪਣ ਦੀ ਗੱਲ ਕਰਦੇ ਹਨ, ਉਸ ਨੂੰ ਦੇਖਦੇ ਹੋਏ ਭਾਰਤ ਨੂੰ ਉਸ ਦੀ ਕਮੀ ਮਹਿਸੂਸ ਹੋਵੇਗੀ।’’ ਭਾਰਤ ਨੇ ਦਿੱਲੀ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਆਂਧਰਾ ਦੇ ਆਲਰਾਊਂਡਰ ਨਿਤਿਸ਼ ਕੁਮਾਰ ਨੂੰ ਵੀ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਵਿਚ ਚੁਣਿਆ ਹੈ। ਤੇਜ਼ ਗੇਂਦਬਾਜ਼ੀ ਵਿਭਾਗ ਦੀ ਕਮਾਨ ਜਸਪ੍ਰੀਤ ਬੁਮਰਾਹ ਸੰਭਾਲੇਗਾ।
ਮੈਕਡੋਨਾਲਡ ਨੇ ਕਿਹਾ, ‘‘ਪਰ ਅਸੀਂ ਜਾਣਦੇ ਹਾਂ ਕਿ ਪਿਛਲੀ ਵਾਰ ਕੀ ਹੋਇਆ ਸੀ। ਉਨ੍ਹਾਂ ਦੇ ਰਿਜ਼ਰਵ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਇਸ ਲਈ ਉਨ੍ਹਾਂ ਦੇ ਖਿਡਾਰੀਆਂ ਨੂੰ ਬਿਲਕੁਲ ਵੀ ਘੱਟ ਨਹੀਂ ਸਮਝਿਆ ਜਾ ਸਕਦਾ।’’ਆਸਟ੍ਰੇਲੀਆ ਨੇ ਘਰੇਲੂ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਬੱਲੇਬਾਜ਼ ਸੈਮ ਕੋਂਸਟਾਸ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਮੈਕਡੋਨਾਲਡ ਨੇ ਕਿਹਾ, ‘‘ਅਸੀਂ ਅਾਪਣੀ ਸਰਵਸ੍ਰੇਸ਼ਠ ਟੀਮ ਦੀ ਚੋਣ ਕਰਾਂਗੇ ਤੇ ਜੇਕਰ ਇਸ ਵਿਚ ਕੋਈ ਨੌਜਵਾਨ ਖਿਡਾਰੀ ਸ਼ਾਮਲ ਹੁੰਦਾ ਹੈ ਤਾਂ ਅਸੀਂ ਉਸ ਦਿਸ਼ਾ ਵਿਚ ਅੱਗੇ ਵਧਾਂਗੇ। ਜੇਕਰ ਚੋਣਕਾਰਾਂ ਨੂੰ ਲੱਗਦਾ ਹੈ ਕਿ ਉਹ ਸਭ ਤੋਂ ਚੰਗਾ ਬਦਲ ਹੈ ਤਾਂ ਅਸੀਂ ਉਸ ਨੂੰ ਮੌਕਾ ਦੇਵਾਂਗੇ।’’