ਡੈੱਥ ਓਵਰਾਂ ਦੀਆਂ ਕਮੀਆਂ ਨੂੰ ਦੂਰ ਕਰਨ 'ਤੇ ਕੰਮ ਕਰ ਰਹੇ ਹਾਂ : ਚਾਹਲ
Tuesday, Sep 08, 2020 - 09:57 PM (IST)
ਦੁਬਈ– ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਈ. ਪੀ. ਐੱਲ. ਟੀਮ ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਪੀ.) ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਕਹਿਣਾ ਹੈ ਕਿ ਟੀਮ ਡੈੱਥ ਓਵਰਾਂ ਦੀਆਂ ਕਮੀਆਂ ਨੂੰ ਦੂਰ ਕਰਨ 'ਤੇ ਕੰਮ ਕਰ ਰਹੀ ਹੈ। ਵਿਰਾਟ ਦੀ ਅਗਵਾਈ ਵਾਲੀ ਆਰ. ਸੀ. ਬੀ. ਟੀਮ ਨੂੰ ਕਈ ਵਾਰ ਡੈੱਥ ਓਵਰਾਂ ਵਿਚ ਜ਼ਿਆਦਾ ਦੌੜਾਂ ਦੇਣ ਦਾ ਨੁਕਸਾਨ ਹੋਇਆ ਹੈ। ਆਰ. ਸੀ. ਬੀ. ਆਈ. ਪੀ. ਐੱਲ. ਦੀਆਂ ਮਜ਼ਬੂਤ ਟੀਮਾਂ ਵਿਚੋਂ ਇਕ ਰਹੀ ਹੈ ਤੇ ਉਸਦੇ ਕੋਲ ਕਈ ਸ਼ਾਨਦਾਰ ਖਿਡਾਰੀ ਹਨ ਪਰ ਉਸ ਨੇ 12 ਸੈਸ਼ਨਾਂ ਵਿਚ ਅਜੇ ਤਕ ਇਕ ਵਾਰ ਵੀ ਖਿਤਾਬ ਨਹੀਂ ਜਿੱਤਿਆ ਹੈ। ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ।
ਚਾਹਲ ਨੇ ਕਿਹਾ,''ਅਸੀਂ ਡੈੱਥ ਓਵਰਾਂ ਵਿਚ ਆਪਣੀਆਂ ਕਮੀਆਂ ਨੂੰ ਲੱਭਣ 'ਤੇ ਕੰਮ ਕਰ ਰਹੇ ਹਾਂ। ਸਾਡੇ ਕੋਲ ਟੀਮ ਵਿਚ ਡੇਲ ਸਟੇਨ, ਨਵਦੀਪ ਸੈਣੀ, ਕ੍ਰਿਸ ਮੌਰਿਸ ਤੇ ਉਮੇਸ਼ ਯਾਦਵ ਵਰਗੇ ਬਿਹਤਰੀਨ ਤੇਜ਼ ਗੇਂਦਬਾਜ਼ ਹਨ ਹਾਲਾਂਕਿ ਅਸੀਂ ਆਖਰੀ ਓਵਰਾਂ ਵਿਚ ਗੇਂਦਬਾਜ਼ੀ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਾਂ ਕਿਉਂਕਿ ਟੀਮ ਵਿਚ ਸਾਰੇ ਤਿਆਰ ਹਨ ਤੇ ਯੂ. ਏ. ਈ. ਦੀਆਂ ਪਿੱਚਾਂ ਸਪਿਨਰਾਂ ਲਈ ਵੀ ਮਦਦਗਾਰ ਹੋਣਗੀਆਂ।'' ਉਸ ਨੇ ਕਿਹਾ ਕਿ ਆਰ. ਸੀ. ਬੀ. ਦੀ ਟੀਮ ਵਿਚ ਭਾਰਤੀ ਤੇ ਕੌਮਾਂਤਰੀ ਸਪਿਨਰਾਂ ਦਾ ਚੰਗਾ ਤਾਲਮੇਲ ਹੈ। ਚਾਹਲ ਨੇ ਕਿਹਾ,''ਸਾਡੇ ਕੋਲ ਟੀਮ ਵਿਚ ਵਾਸ਼ਿੰਗਟਨ ਸੁੰਦਰ, ਮੋਇਨ ਅਲੀ ਤੇ ਸ਼ਾਹਬਾਜ਼ ਅਹਿਮਦ ਵਰਗੇ ਗੇਂਦਬਾਜ਼ ਹਨ। ਯੂ. ਏ. ਈ. ਦੇ 3 ਆਯੋਜਨ ਸਥਾਨ ਦੁਬਈ, ਸ਼ਾਰਜਾਹ ਤੇ ਆਬੂਧਾਬੀ ਦੀਆਂ ਪਿੱਚਾਂ ਦੇ ਲਿਹਾਜ ਨਾਲ ਇਹ ਚੰਗਾ ਸਪਿਨ ਹਮਲਾ ਹੈ।''